Thursday, June 11, 2026

ਖ਼ਾਲਸਾ ਕਾਲਜ ਵੂਮੈਨ ਵਿਖੇ ‘ਖੇਤੀਬਾੜੀ ਸਥਿਰਤਾ ਤੇ ਪੇਂਡੂ ਵਿਭਿੰਨਤਾ : ਦ੍ਰਿਸ਼ਟੀਕੋਣ ਅਤੇ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਆਈ. ਸੀ.ਐਸ.ਐਸ.ਆਰ ਦੇ ਸਹਿਯੋਗ ਨਾਲ ‘ਖੇਤੀਬਾੜੀ ਸਥਿਰਤਾ ਅਤੇ ਪੇਂਡੂ ਵਿਭਿੰਨਤਾ : ਦਿ੍ਰਸ਼ਟੀਕੋਣ ਅਤੇ ਚੁਣੌਤੀਆਂ’ ਵਿਸ਼ੇ ’ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸੈਮੀਨਾਰ ਦਾ ਸ਼ਮਾ ਰੌਸ਼ਨ ਕਰ ਕੇ ਅਗਾਜ਼ ਕਰਨ ਉਪਰੰਤ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਆਏ ਹੋਏ ਵਿਦਵਾਨਾਂ ਅਤੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ।ਸੈਮੀਨਾਰ ਦੇ ਉਦਘਾਟਨੀ ਸੈਸ਼ਨ ’ਚ ਕੁੰਜ਼ੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਖੇਤੀ ਬਾੜੀ ਨੂੰ ਦਰਪੇਸ਼ ਸੰਕਟ ਸਿਰਫ਼ ਕਿਸਾਨਾਂ ਦਾ ਸੰਕਟ ਨਹੀਂ ਬਲਕਿ ਖੇਤੀ ਨਾਲ ਜੁੜੇ ਹਰ ਸਮੂਹ ਦਾ ਸੰਕਟ ਹੈ।ਉਨ੍ਹਾਂ ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਅਤੇ ਜ਼ਹਿਰੀਲੇ ਤੱਤਾਂ ਦੀ ਭਰਮਾਰ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਰਥਿਕ ਮਾਡਲ ਬਦਲਣਾ ਹੋਵੇਗਾ, ਖੇਤੀ ਨੂੰ ਲਾਹੇਵੰਦ ਬਣਾਉਣਾ ਹੋਵੇਗਾ ਅਤੇ ਸਹਿਕਾਰੀ ਖੇਤੀ ਨੂੰ ਪ੍ਰਫੁਲਿਤ ਕਰਨ ਦੇ ਯਤਨ ਕਰਨੇ ਹੋਣਗੇ।
                ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਨੇ ਪੇਂਡੂ ਖੇਤਰਾਂ ਵਿਚ ਜ਼ਮੀਨੀ ਪੱਧਰ ‘ਤੇ ਵਿੱਚਰ ਕੇ ਬੁਨਿਆਦੀ ਸੁਧਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਸੈਮੀਨਾਰ ਦੌਰਾਨ ਵਿਦਵਾਨਾਂ ਵਲੋਂ ਜੋ ਸੁਝਾਅ ਦਿੱਤੇ ਜਾਣ ਉਹ ਆਈ.ਸੀ.ਐਸ.ਐਸ.ਆਰ ਤੱਕ ਪਹੁੰਚਾਏ ਜਾਣ ਤਾਂ ਜੋ ਸਰਕਾਰ ਇਨ੍ਹਾਂ ਸੁਝਾਵਾਂ ਨੂੰ ਅਮਲ ’ਚ ਲਿਆ ਸਕੇ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁੱਖੀ ਡਾ. ਅਨੁਪਮਾ ਖੇਤੀ ਵਿਚ ਵਿਭਿੰਨਤਾ ਲਿਆਉਣ ’ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਕਿਵੇਂ ਆਰਥਿਕ ਉਦਾਰਵਾਦ ਦੇ ਤਹਿਤ ਨਿਮਨ ਕਿਰਸਾਨੀ ਦੀ ਜਗ੍ਹਾ ਵੱਡੇ ਸਨਅਤਕਾਰਾਂ ਨੂੰ ਫ਼ਾਇਦਾ ਪਹੁੰਚਾਇਆ ਗਿਆ।
                ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਬਲਜੀਤ ਕੌਰ ਨੇ ਆਰਗੈਨਿਕ ਖੇਤੀ ਦੀ ਗੱਲ ਕਰਦਿਆਂ ਖੇਤੀ ਲਈ ਵਰਤੇ ਜਾ ਰਹੇ ਰਸਾਇਣਕਾਂ ਕਾਰਨ ਹੋ ਰਹੀਆਂ ਭਿਆਨਕ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ।ਯੂਨੀਵਰਸਿਟੀ ਦੇ ਪੋਲੀਟੀਕਲ ਸਾਇੰਸ ਦੇ ਐਸੋਸੀਏਟ ਪ੍ਰੋਫ਼ੈਸਰ ਤੇ ਮੁੱਖੀ ਡਾ. ਸਤਨਾਮ ਸਿੰਘ ਦਿਉਲ ਨੇ ਕਿਹਾ ਕਿ ਸਰਕਾਰ ਨੂੰ ਪੰਜਾਬ ’ਚ ਐਗਰੋ ਇੰਡਸਟਰੀ ਸਥਾਪਤ ਕਰਨੀ ਹੋਵੇਗੀ ਤਾਂ ਜੋ ਕਿਸਾਨਾਂ ਨੂੰ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ।
                ਸੈਮੀਨਾਰ ਦੇ ਅੰਤ ’ਚ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਦੇ ਮੁੱਖੀ ਡਾ. ਜਸਵਿੰਦਰ ਸਿੰਘ ਨੇ ਆਏ ਹੋਏ ਵਿਦਵਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਪ੍ਰੋ. ਤਨਵੀਰ ਕੌਰ ਨੇ ਕੀਤਾ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …