Friday, November 22, 2024

ਬੁਲਾਰੀਆ ਮੈਮੋਰੀਅਲ ਪਾਰਕ ਦੇ ਰੁੱਖਾਂ ਨੂੰ ਬਚਾਉਣ ਲਈ ਪਾਰਕ ਐਸੋਸੀਏਸ਼ਨ ਨੇ ਲਾਈ ਗੁਹਾਰ

ਸੈਂਕੜੇ ਸਾਲ ਪੁਰਾਣੇ ਰੁੱਖਾਂ ਨੂੰ ਬਚਾਉਣ ਲਈ ਕੀਤੀ ਜਾਵੇਗੀ ਹਰ ਸੰਭਵ ਕੋਸ਼ਿਸ਼ -ਡਾ: ਰਾਜੂ

ਅੰਮ੍ਰਿਤਸਰ 11 ਅਪ੍ਰੈਲ (ਸੁਖਬੀਰ ਸਿੰਘ) – ਪੁਰਾਣੇ ਰੁੱਖਾਂ ਨੂੰ ਬਚਾਉਣ ਪ੍ਰਤੀ ਲੋਕਾਂ ’ਚ ਜਾਗ੍ਰਿਤੀ ਪੈਦਾ ਹੋ ਰਹੀ ਹੈ।ਅੰਮ੍ਰਿਤਸਰ ਦੇ ਵਸਨੀਕਾਂ ’ਚ ਵਿਧਾਨ ਸਭਾ ਹਲਕਾ ਦੱਖਣੀ ਦੇ ਆਰ.ਐਸ ਬੁਲਾਰੀਆ ਮੈਮੋਰੀਅਲ ਪਾਰਕ ਵਿਖੇ ਸੈਂਕੜੇ ਸਾਲ ਪੁਰਾਣੇ ਰੁੱਖਾਂ ਦੀ ਹੋ ਰਹੀ ਕਟਾਈ ਨੂੰ ਲੈ ਕੇ ਨਿਰਾਸ਼ਾ ਅਤੇ ਗਹਿਰੀ ਚਿੰਤਾ ਦੇਖੀ ਜਾ ਰਹੀ ਹੈ।ਆਰ.ਐਸ ਬੁਲਾਰੀਆ ਮੈਮੋਰੀਅਲ ਪਾਰਕ ਵੈਲਫੇਅਰ ਐਸੋਸੀਏਸ਼ਨ ਦੇ ਇਕ ਵਫ਼ਦ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾ. ਜਗਮੋਹਨ ਸਿੰਘ ਰਾਜੂ ਆਈ.ਏ.ਐਸ ਨਾਲ ਮੁਲਾਕਾਤ ਕਰਦਿਆਂ ਇਨ੍ਹਾਂ ਰੁੱਖਾਂ ਦੀ ਕਟਾਈ ਬਚਾਉਣ ਸਬੰਧੀ ਗੁਹਾਰ ਲਾਈ ਹੈ।ਪ੍ਰਧਾਨ ਸੁਰਿੰਦਰ ਸ਼ਰਮਾ ਅਤੇ ਜਨਰਲ ਸਕੱਤਰ ਇੰਦਰ ਸਿੰਘ ਮਾਨ ਦੀ ਅਗਵਾਈ ਹੇਠ ਵਫ਼ਦ ਨੇ ਇਕ ਮੰਗ ਪੱਤਰ ਦਿੰਦਿਆਂ ਕਿਹਾ ਕਿ ਇਹ ਪਾਰਕ ਕਈ ਦਹਾਕਿਆਂ ਤੋਂ ਬਜੁਰਗਾਂ, ਨੌਜਵਾਨਾ, ਔਰਤਾਂ ਅਤੇ ਬੱਚਿਆਂ ਲਈ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਸਾਧਨ ਬਣਿਆ ਹੋਇਆ ਹੈ।ਕੁੱਝ ਸਾਲ ਪਹਿਲਾਂ ਇਲਾਕੇ ਦੇ ਲੋਕਾਂ ਦੀ ਮੰਗ ਤੋਂ ਬਿਨ੍ਹਾਂ ਹੀ ਇਸ ਦੇ ਇਕ ਹਿੱਸੇ ਵਿੱਚ ਇਕ ਵੱਡੇ ਪਲਾਜ਼ੇ ਦਾ ਢਾਂਚਾ ਖੜ੍ਹਾ ਕਰ ਦਿੱਤਾ ਗਿਆ।ਜਿਸ ਵਿੱਚ ਆਉਂਦੇ ਸੈਂਕੜੇ ਸਾਲ ਪੁਰਾਣੇ ਰੁੱਖ ਨਸ਼ਟ ਕਰ ਦਿੱਤੇ ਗਏ।
               ਉਲੰਪਿਕ ਟਰੈਕ ਦੇ ਨਾਮ ’ਤੇ ਹੁਣ ਇਸ ਪਾਰਕ ਨੂੰ ਇਕ ਵਾਰ ਫਿਰ ਉਜਾੜਿਆ ਜਾ ਰਿਹਾ ਹੈ।ਜਿਸ ਨਾਲ ਸੈਂਕੜੇ ਸਾਲ ਪੁਰਾਣੇ ਰੁੱਖਾਂ ਦੀ ਬਲੀ ਦੇ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਤਾਜ਼ੀ ਤੇ ਸ਼ੁੱਧ ਹਵਾ ਲਈ ਗੁਰੂ ਦੀ ਨਗਰੀ ਵਿਚ ਪਹਿਲਾਂ ਹੀ ਰੁੱਖਾਂ ਦੀ ਬਹੁਤ ਵੱਡੀ ਘਾਟ ਹੈ।ਉਨ੍ਹਾਂ ਖੇਡ ਜਾਂ ਫੁੱਟਬਾਲ ਮੈਦਾਨ ਸ਼ੁੱਧ ਢੁੱਕਵੀਂ ਜਗ੍ਹਾ ਦੀ ਚੋਣ ਕਰਨ ਅਤੇ ਇਨ੍ਹਾਂ ਪੁਰਾਣੇ ਰੁੱਖਾਂ ਨੂੰ ਹਰ ਹਾਲ ’ਚ ਬਚਾਉਣ ਦੀ ਡਾ: ਰਾਜੂ ਨੂੰ ਅਪੀਲ ਕੀਤੀ।
              ਭਾਜਪਾ ਦੇ ਸੀਨੀਅਰ ਆਗੂ ਡਾ. ਰਾਜੂ ਨੇ ਵਫ਼ਦ ਨੂੰ ਕਿਹਾ ਕਿ ਜਿਥੇ ਰਾਜ ਵਿਚ ਉਨਤ ਤੇ ਆਧੁਨਿਕ ਖੇਡ ਸਟੇਡੀਅਮ ਬਣਾਏ ਜਾਣੇ ਜਰੂਰੀ ਹਨ ਉਥੇ ਸੈਕੜੇ ਸਾਲ ਪੁਰਾਣੇ ਪੁਰਾਤਨ ਰੁੱਖਾਂ ਦੀ ਸੰਭ ਸੰਭਾਲ ਵੀ ਲਾਜ਼ਮੀ ਹੈ।ਉਨਾਂ ਵਿਸ਼ਵਾਸ਼ ਦਿਵਾਇਆ ਕਿ ਰੁੱਖਾਂ ਨੂੰ ਕਟਾਈ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ।
                ਇਸ ਮੌਕੇ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ, ਕੰਵਰਬੀਰ ਸਿੰਘ ਮੰਜ਼ਿਲ, ਹਰੀ ਓਮ ਸ਼ਰਮਾ, ਰਾਕੇਸ਼ ਮਹਾਜਨ, ਮਨਜੀਤ ਸਿੰਘ ਮਹਿਰਾ, ਰਜਿੰਦਰ ਮੋਹਨ ਸ਼ਰਮਾ, ਅਸ਼ਵਨੀ ਕੁਮਾਰ, ਗੁਰਦੇਵ ਸਿੰਘ ਮੰਡਲ ਪ੍ਰਧਾਨ, ਪਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …