Saturday, April 18, 2026

ਦੁਬਈ `ਚ ਲਵਾਰਿਸ ਪਿਆ ਨਿਰਮਲ ਚੰਦ ਦਾ ਮ੍ਰਿਤਕ ਸਰੀਰ ਡਾ. ਓਬਰਾਏ ਦੀ ਮਦਦ ਨਾਲ ਮੁਲਕ ਪੁੱਜਾ

ਕਰੀਬ ਦੋ ਮਹੀਨੇ ਪਹਿਲਾਂ ਉਚੀ ਇਮਾਰਤ `ਤੋਂ ਡਿੱਗਣ ਕਾਰਨ ਹੋਈ ਸੀ ਮੌਤ

ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ) – ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਨਵਾਂਸ਼ਹਿਰ ਜਿਲ੍ਹੇ ਦੇ ਪਿੰਡ ਸੰਧਵਾਂ ਨਾਲ ਸਬੰਧਿਤ 27 ਸਾਲਾ ਨਿਰਮਲ ਚੰਦ ਪੁੱਤਰ ਗੁਰਮੇਲ ਰਾਮ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ।
             ਡਾ.ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਨਿਰਮਲ ਚੰਦ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰਨ ਲਈ ਕਰੀਬ ਢਾਈ ਵਰ੍ਹੇ ਪਹਿਲਾਂ ਦੁਬਈ ਮਿਹਨਤ ਕਰਨ ਆਇਆ ਸੀ।ਇਸ ਵੇਲੇ ਉਹ ਇਥੇ ਪੇਂਟਰ ਦਾ ਕੰਮ ਕਰਦਾ ਸੀ।ਬੀਤੀ 2 ਫ਼ਰਵਰੀ ਨੂੰ ਕਿਸੇ ਕਾਰਨ ਇੱਕ ਉੱਚੀ ਬਿਲਡਿੰਗ ਤੋਂ ਡਿੱਗਣ ਕਰਕੇ ਉਸ ਦੀ ਮੌਤ ਹੋ ਗਈ ਸੀ।ਦੁਬਈ ਪੁਲਿਸ ਨੇ ਭਾਰਤੀ ਦੂਤਾਵਾਸ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਕੇ ਉਕਤ ਨੌਜਵਾਨ ਦੀ ਪਿਛਲੇ ਦੋ ਮਹੀਨਿਆਂ ਤੋਂ ਲਾਵਾਰਿਸ ਪਈ ਮ੍ਰਿਤਕ ਦੇਹ ਸਬੰਧੀ ਉਸ ਦੇ ਵਾਰਸਾਂ ਨੂੰ ਜਾਣੂ ਕਰਵਾਉਣ ਲਈ ਕਿਹਾ ਸੀ।ਜਿਸ ਉਪਰੰਤ ਸਾਰੀ ਜਾਣਕਾਰੀ ਲੈ ਕੇ ਉਨ੍ਹਾਂ ਟਰੱਸਟ ਦੀ ਦੋਆਬਾ ਟੀਮ ਦੇ ਇੰਚਾਰਜ਼ ਅਮਰਜੋਤ ਸਿੰਘ ਰਾਹੀਂ ਪਿੰਡ ਸੰਧਵਾਂ ਦੀ ਪੰਚਾਇਤ ਦੀ ਹਾਜ਼ਰੀ `ਚ ਪੀੜ਼ਤ ਪਰਿਵਾਰ ਨੂੰ ਇਸ ਅਣਹੋਣੀ ਤੋਂ ਜਾਣੂ ਕਰਵਾਇਆ। ਪਰਿਵਾਰ ਨਾਲ ਰਾਬਤਾ ਹੋਣ ‘ਤੇ ਉਨ੍ਹਾਂ ਭਾਰਤੀ ਦੂਤਾਵਾਸ ਦੇ ਸਹਿਯੋਗ ਅਤੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ `ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਨਿਰਮਲ ਚੰਦ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ।
               ਉਨ੍ਹਾਂ ਦੱਸਿਆ ਕਿ ਨਿਰਮਲ ਚੰਦ ਦੀ ਬਜੁਰਗ ਮਾਤਾ ਨੂੰ ਗੁਜ਼ਾਰੇ ਲਈ ਟਰੱਸਟ ਵੱਲੋਂ ਦੋ ਹਜ਼ਾਰ ਰੁਪਏ ਮਹੀਨਾਪੈਨਸ਼ਨ ਦਿੱਤੀ ਜਾਵੇਗੀ।ਜ਼ਿਕਰਯੋਗ ਹੈ ਕਿ ਹਵਾਈ ਅੱਡੇ ਤੋਂ ਮ੍ਰਿਤਕ ਦੇ ਘਰ ਤੱੱਕ ਐਂਬੂਲੈਂਸ ਦਾ ਪ੍ਰਬੰਧ ਵੀ ਟਰੱਸਟ ਵਲੋਂ ਕੀਤਾ ਗਿਆ ਹੈ।
                 ਪੀੜਤ ਪਰਿਵਾਰਾਂ ਨਾਲ ਹਵਾਈ ਅੱਡੇ `ਤੇ ਦੁੱਖ ਸਾਂਝਾ ਕਰਨ ਪਹੁੰਚੇ ਟਰੱਸਟ ਦੀ ਅੰਮ੍ਰਿਤਸਰ ਟੀਮ ਦੇ ਅਹੁੱਦੇਦਾਰ ਸੁਖਜਿੰਦਰ ਸਿੰਘ ਹੇਰ, ਸੁਖਦੀਪ ਸਿੱਧੂ, ਮਨਪ੍ਰੀਤ ਸੰਧੂ ਚਮਿਆਰੀ ਤੇ ਨਵਜੀਤ ਘਈ ਚੁਗਾਵਾਂ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 301 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
             ਇਸ ਦੌਰਾਨ ਹਵਾਈ ਅੱਡੇ ‘ਤੇ ਮ੍ਰਿਤਕ ਦੇ ਭਰਾ ਰਵੀ ਕੁਮਾਰ ਅਤੇ ਸੁਖਵਿੰਦਰ ਨੇ ਡਾ.ਐਸ.ਪੀ ਸਿੰਘ ਓਬਰਾਏ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਪਰਿਵਾਰ ਨੂੰ ਨਿਰਮਲ ਚੰਦ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …