Tuesday, April 7, 2026

ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਵਲੋਂ `ਪੜ੍ਹਦਾ ਪੰਜਾਬ` ਮੁਹਿੰਮ ਦਾ ਸ਼ਾਨਦਾਰ ਆਗਾਜ਼

ਰਾਇਸੀਲਾ ਗਰੁੱਪ ਕਰੇਗਾ ਸਰਕਾਰੀ ਸਕੂਲਾਂ ਦੇ 3000 ਤੋਂ ਵੱਧ ਵਿਦਿਆਰਥੀਆਂ ਦੀ ਫੀਸ ਦਾ ਭੁਗਤਾਨ

ਸੰਗਰੂਰ, 15 ਅਪ੍ਰੈਲ (ਜਗਸੀਰ ਲੌਂਗੋਵਾਲ) – ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਵਲੋਂ ਸ਼ੁਰੂ ਕੀਤੀ ਲੋਕ ਸੇਵਾ ਮੁਹਿੰਮ ਲੋੜਵੰਦਾਂ ਲਈ ਵਰਦਾਨ ਸਾਬਿਤ ਹੋਣ ਲੱਗੀ ਹੈ।ਆਪਣੀ ਤਨਖਾਹ ਵਿਚੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੀ ਮਦਦ ਲਈ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕਰਨ ਵਾਲੇ ਸਿੱਧੂ ਦੇ ਇਸ ਉਦਮ ਤੋਂ ਪ੍ਰਭਾਵਿਤ ਹੋ ਕੇ ਸੂਬੇ ਦੇ ਨਾਮੀ ਉਦਯੋਗਪਤੀਆਂ ਨੇ ਮਦਦ ਲਈ ਆਪਣਾ ਹੱਥ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ।ਪਿਛਲੇ ਦਿਨੀਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਵਲੋਂ 21 ਲੱਖ ਰੁਪਏ ਦੀ ਮਦਦ ਦੇ ਐਲਾਨ ਤੋਂ ਬਾਅਦ ਅੱਜ ਰਾਇਸੀਲਾ ਗਰੁੱਪ ਦੇ ਚੇਅਰਮੈਨ ਡਾ. ਏ.ਆਰ ਸ਼ਰਮਾ ਨੇ ਧੂਰੀ ਵਿਧਾਨ ਸਭਾ ਹਲਕੇ ਅੰਦਰ ਆਉਂਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 9ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਦੀ ਫ਼ੀਸ ਦੇਣ ਦਾ ਐਲਾਨ ਕੀਤਾ ਹੈ।
                   ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ ਸਿੱਧੂ ਨੇ ਕਿਹਾ ਕਿ ਕਮਿਊਨਿਟੀ ਪੁਲਿਸਿੰਗ ਦੀ ਇੱਕ ਪਹਿਲਕਦਮੀ ‘ਪੜ੍ਹਦਾ ਪੰਜਾਬ’ ਤਹਿਤ ਰਾਇਸੀਲਾ ਗਰੁੱਪ ਵਲੋਂ ਆਪਣੇ ਸੀ.ਐਸ.ਆਰ ਫੰਡ ਵਿਚੋਂ ਹਰ ਸਾਲ 9ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਦੀ ਫ਼ੀਸ ਭਰਨ ਦਾ ਐਲਾਨ ਕੀਤਾ ਹੈ।ਉਨ੍ਹਾਂ ਕਿਹਾ 8ਵੀਂ ਜਮਾਤ ਤੱਕ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਪਹਿਲਾਂ ਹੀ ਮੁਫ਼ਤ ਹੈ।
                   ਰਾਇਸੀਲਾ ਗਰੁੱਪ ਦੇ ਚੇਅਰਮੈਨ ਡਾ. ਏ.ਆਰ ਸ਼ਰਮਾ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਦਿੱਤੇ ਜਾ ਰਹੇ ਸਾਫ਼ ਸੁਥਰੇ ਪ੍ਰਸ਼ਾਸਨ ਤੋਂ ਉਹ ਬਹੁਤ ਪ੍ਰਭਾਵਿਤ ਹਨ।ਇਸੇ ਕਰਕੇ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਅਧੀਨ ਆਉਂਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਵਿਦਿਅਕ ਪੱਧਰ ਨੂੰ ਉੱਚਾ ਚੁੱਕਣ ‘ਚ ਯੋਗਦਾਨ ਪਾਉਣਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਪੜ੍ਹਾਈ ਤੋਂ ਬਿਨਾ ਬੇਰੁਜ਼ਗਾਰੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ।ਵਿਧਾਨ ਸਭਾ ਹਲਕਾ ਧੂਰੀ ਅਧੀਨ ਆਉਂਦੇ ਲਗਭਗ 13 ਸਕੂਲਾਂ ਦੇ 3 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਫ਼ੀਸ ਭਰਨ ਲਈ ਕਰੀਬ 25 ਲੱਖ ਰੁਪਏ ਰਾਖਵੇਂ ਰੱਖੇ ਗਏ ਹਨ।ਉਹ ਮੌਜ਼ੂਦਾ ਸਾਲ ਸਮੇਤ ਅਗਲੇ ਸਾਲਾਂ ਵਿੱਚ ਵੀ ਇਹ ਫੀਸ ਭਰਨਗੇ।
                  ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਟਰੀ ਡਿਸਟ੍ਰਿਕਟ ਗਵਰਨਰ 2023-24 ਅਤੇ ਸਾਬਕਾ ਪ੍ਰਧਾਨ ਸੰਗਰੂਰ ਡਿਸਟ੍ਰਿਕਟ ਇੰਡਸਟ੍ਰੀਅਲ ਚੈਂਬਰ ਘਨਸ਼ਿਆਮ ਕਾਂਸਲ ਵੀ ਮੌਜ਼ੂਦ ਸਨ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …