ਹੈਰੀਟੇਜ ਸਟਰੀਟ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣਗੇ, ਵਿਸ਼ਵ ਵਿਰਾਸਤ ਦਿਨ ‘ਤੇੇ ਪਾਰਟੀਸ਼ਨ ਮਿਊਜ਼ੀਅਮ ਦਾ ਕੀਤਾ ਦੌਰਾ
ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਸਰਕਾਰ ਸੈਰ ਸਪਾਟਾ ਸਨਅਤ ਨੂੰ ਵਿਕਸਤ ਕਰਨ ਲਈ ਹੋਰ ਉਪਰਾਲੇ ਕਰੇਗੀ ਤਾਂ ਜੋ ਵੱਡੀ ਗਿਣਤੀ ਵਿੱਚ
ਸੈਲਾਨੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਸੈਰ ਸਪਾਟੇ ਲਈ ਆ ਸਕਣ।ਅੱਜ ਵਿਸ਼ਵ ਵਿਰਾਸਤੀ ਦਿਵਸ ਮੌਕੇ ਪੰਜਾਬ ਦੇ ਜੇਲ, ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਾਰਟੀਸ਼ਨ ਮਿਊਜੀਅਮ ਵਿਖੇ ਪੰਜਾਬ ਹੈਰੀਟੇਜ ਤੇ ਸੈਰ ਸਪਾਟਾ ਪ੍ਰਮੋਸ਼ਨ ਬੋਰਡ ਵੱਲੋਂ ਕਰਵਾਏ ਗਏ ਪੇਟਿੰਗ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਇਨਾਮ ਤਕਸੀਮ ਕਰਨ ਸਮੇਂ ਕੀਤਾ।ਬੈਂਸ ਵੱਲੋਂ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੱਲੋਂ ਬਠਿੰਡਾ ਫੋਰਟ ਕਿਲਾ ਮੁਬਾਰਕ ‘ਤੇ ਬਣਾਈ ਗਈ ਡਾਕੂਮੈਂਟਰੀ ਫਿਲਮ ਵੀ ਰਲੀਜ਼ ਕੀਤੀ।
ਬੈਂਸ ਨੇ ਕਿਹਾ ਕਿ ਅੰਮ੍ਰਿਤਸਰ ਪੰਜਾਬ ਦਾ ਉਹ ਸਥਾਨ ਹੈ ਜਿਥੇ ਸਭ ਤੋਂ ਵੱਧ ਯਾਤਰੀ ਦੇਸ਼ ਵਿਦੇਸ਼ ਤੋਂ ਆਉਂਦੇ ਹਨ।ਸਾਡੀ ਕੋਸ਼ਿਸ਼ ਹੋਵੇਗੀ ਕਿ ਸ਼ਹਿਰ ਵਿੱਚ ਬਿਹਤਰ ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਵਿਕਸਤ ਕੀਤੀਆਂ ਜਾਣ ਜੋ ਕਿ ਯਾਤਰੀਆਂ ਨੂੰ ਆਪਣੇ ਵੱਲ ਖਿੱਚਣ।ਉਨ੍ਹਾਂ ਕਿਹਾ ਕਿ ਉਹਨਾਂ ਨੇ ਅੱਜ ਜਲਿਆਂਵਾਲਾ ਬਾਗ ਦੇ ਦੌਰੇ ਦੌਰਾਨ ਕੁੱਝ ਖਾਮੀਆਂ ਵੇਖੀਆਂ ਹਨ ਜੋ ਪ੍ਰਬੰਧਕਾਂ ਦੀ ਨਜ਼ਰ ਵਿੱਚ ਲਿਆ ਕੇ ਇਨ੍ਹਾਂ ਨੂੰ ਦੂਰ ਕਰਨ ਦੀ ਹਦਾਇਤ ਕੀਤੀ ਹੈ।ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਵਿੱਚ ਸਫਾਈ ਦੀ ਕਮੀ ਹੈ, ਕਈ ਥਾਂਵਾਂ ’ਤੇ ਜੰਗਲੀ ਘਾਹ ਅਤੇ ਹੋਰ ਬੂਟੀ ਉਗੀ ਹੈ ਜੋ ਕਿ ਪਹਿਲੀ ਨਜ਼ਰ ‘ਚ ਸੈਲਾਨੀਆਂ ਦੀਆਂ ਅੱਖਾਂ ਵਿੱਚ ਰੜਕਦੀ ਹੈ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵਿਰਾਸਤੀ ਮਾਰਗ ਉਤੇ ਸਾਫ ਸਫਾਈ ਦੀ ਕਮੀ ਹੈ ਅਤੇ ਕਈ ਲੋਕਾਂ ਨੂੰ ਨਜਾਇਜ ਕਬਜ਼ੇ ਕਰਕੇ ਸੈਲਾਨੀਆਂ ਦਾ ਰਾਹ ਰੋਕਿਆ ਹੈ।ਜਿੰਨਾਂ ਨੂੰ ਦੂਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸੈਰ ਸਪਾਟਾ ਸਨਅਤ ਰਾਜ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਵੇਗੀ।ਬੈਂਸ ਨੇ ਇਸ ਤੋਂ ੍ਰਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਜਿਥੇ ਸ਼੍ਰੋਮਣੀ ਗੁਰਦਵਾਰਾ ਪਬੰਧਕ ਕਮੇਟੀ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ।ਉਨ੍ਹਾਂ ਦੇਸ਼ ਦੀ ਆਜ਼ਾਦੀ ਮੌਕੇ ਵਾਪਰੇ ਦੁਖਾਂਤ ਅਤੇ ਇਤਿਹਾਸ ਨੂੰ ਸਾਂਭੀ ਬੈਠੇ ਪਾਰਟੀਸ਼ਨ ਮਿਊਜੀਅਮ ਨੂੰ ਗਹੁ ਨਾਲ ਵੇਖਿਆ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਵਿਰਾਸਤ ਨੂੰ ਯਾਦ ਰੱਖਣ ਲਈ ਅਜਿਹੇ ਮਿਊਜੀਅਮ ਅਤੇ ਯਾਦਗਾਰਾਂ ਜਰੂਰ ਵੇਖਣ।
ਇਸ ਮੌਕੇ ਵਿਧਾਇਕ ਹਲਕਾ ਪੱਛਮੀ ਡਾ: ਜਸਬੀਰ ਸਿੰਘ, ਸਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ, ਪ੍ਰਾਜੈਕਟ ਮੈਨੇਜਰ ਏ.ਆਰ ਮਿਸ਼ਰਾ, ਗੁਰਭੇਜ ਸਿੰਘ ਮੀਡੀਆ ਸਲਾਹਕਾਰ ਤੇ ਹਰਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media