
ਜਲੰਧਰ, 26 ਨਵੰੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2015 ਦੇ ਅਧਾਰ ‘ਤੇ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਜਲੰਧਰ ਜ਼ਿਲ੍ਹੇ ‘ਚੋਂ 48568 ਦਾਅਵੇ/ਇਤਰਾਜ਼ ਪ੍ਰਾਪਤ ਹੋਏ ਹਨ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਚੱਲ ਰਹੇ ਕੰਮ ਦੇ ਜਾਇਜ਼ੇ ਸਬੰਧੀ ਅੱਜ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਯਾਦਵ ਨੇ ਦੱਸਿਆ ਕਿ ਸਭ ਤੋਂ ਵਧੇਰੇ ਇਤਰਾਜ਼/ਦਾਅਵੇ ਵਿਧਾਨ ਸਭਾ ਹਲਕਾ ਨਕੋਦਰ ਵਿਚੋਂ ਪ੍ਰਾਪਤ ਹੋਏ ਹਨ ਜਿਨ੍ਹਾਂ ਦੀ ਗਿਣਤੀ 7656 ਹੈ ਜਦੋਂਕਿ ਸਭ ਤੋਂ ਘੱਟ 4235 ਦਾਅਵੇ/ਇਤਰਾਜ਼ ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਵਿਚੋਂ ਪ੍ਰਾਪਤ ਹੋਏ ਹਨ।
ਸ੍ਰੀ ਯਾਦਵ ਨੇ ਦੱਸਿਆ ਕਿ ਨਵੀਆਂ ਵੋਟਾਂ ਬਣਾਉਣ ਲਈ ਫਾਰਮ-6 ਤਹਿਤ 26247 ਦਾਅਵੇ ਜ਼ਿਲ੍ਹੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚੋਂ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ‘ਤੇ ਇਤਰਾਜ਼ ਜਾਂ ਪਹਿਲਾਂ ਤੋਂ ਦਰਜ ਇੰਦਰਾਜ ਦੀ ਕਟੌਤੀ ਸਬੰਧੀ ਫਾਰਮ-7 ਤਹਿਤ 12408 ਦਾਅਵੇ/ਇਤਰਾਜ਼ ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ ਵੋਟਰ ਸੂਚੀ ਵਿੱਚ ਦਰਜ ਇੰਦਰਾਜਾਂ ਦੀ ਦਰੁਸਤੀ ਲਈ ਫਾਰਮ-8 ਅਧੀਨ 9149 ਦਰਖਾਸਤਾਂ ਪ੍ਰਾਪਤ ਹੋਈਆਂ ਹਨ ਅਤੇ ਇੰਦਰਾਜਾਂ ਦੀ ਅਦਲਾ-ਬਦਲੀ ਲਈ ਫਾਰਮ 8-ਏ ਤਹਿਤ 764 ਦਾਅਵੇ/ਇਤਰਾਜ਼ ਪ੍ਰਾਪਤ ਹੋਏ ਹਨ। ਮੀਟਿੰਗ ਦੌਰਾਨ ਉਨ੍ਹਾਂ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨੂੰ ਕਿਹਾ ਕਿ ਇਤਰਾਜ਼/ਦਾਅਵਿਆਂ ਦੇ ਨਿਪਟਾਰੇ ਸਬੰਧੀ ਰਿਪੋਰਟ ਤੁਰੰਤ ਭੇਜੀ ਜਾਵੇ।
ਸ੍ਰੀ ਯਾਦਵ ਨੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨੂੰ ਹਦਾਇਤ ਕੀਤੀ ਕਿ ਸਵੀਪ ਤਹਿਤ ਜਾਰੀ ਕੀਤੀ ਗਈ ਰਾਸ਼ੀ ਦੇ ਵਰਤੋ ਸਰਟੀਫਿਕੇਟ ਤੁਰੰਤ ਭੇਜਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 20 ਦਸੰਬਰ 2014 ਤੱਕ ਡਾਟਾ ਬੇਸ ਦੀ ਅਪਡੇਸ਼ਨ, ਫੋਟੋਆਂ ਡਾਟਾਬੇਸ ਵਿੱਚ ਸ਼ਾਮ ਕਰਨੀਆਂ, ਕੰਟਰੋਲ ਟੇਬਲ ਅਪਡੇਟ ਕਰਨਾ, ਅਨੁਪੂਰਕ ਸੂਚੀਆਂ ਦੀ ਤਿਆਰੀ ਅਤੇ ਛਪਾਈ ਕੀਤੀ ਜਾਵੇਗੀ ਅਤੇ 5 ਜਨਵਰੀ 2015 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ 25 ਜਨਵਰੀ 2015 ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਪਹਿਲੀ ਵਾਰ ਬਤੌਰ ਵੋਟਰ ਰਾਜਿਸਟ੍ਰਡ ਹੋਏ ਨੌਜਵਾਨਾਂ ਨੂੰ ਫੋਟੋ ਪਹਿਚਾਣ ਪੱਤਰ ਜਾਰੀ ਕੀਤੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਕੁਮਾਰ ਅਮਿਤ, ਡੀ.ਟੀ.ਸੀ ਸ੍ਰੀਮਤੀ ਸਰੋਜਨੀ ਗੌਤਮ ਸ਼ਾਰਦਾ, ਜੁਆਇੰਟ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੁਪਮ ਕਲੇਰ, ਏ.ਈ.ਟੀ.ਸੀ ਸ੍ਰੀ ਪਰਮਜੀਤ ਸਿੰਘ, ਐਸ.ਡੀ.ਐਮ ਨਕੋਦਰ ਸ੍ਰੀ ਗਿਰੀਸ਼ ਦਿਆਲਨ, ਐਸ.ਡੀ.ਐਮ ਸ਼ਾਹਕੋਟ ਡਾ. ਸੰਜੀਵ ਕੁਮਾਰ ਸ਼ਰਮਾ, ਐਸ.ਡੀ.ਐਮ ਜਲੰਧਰ-2 ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸ.ਡੀ.ਐਮ ਜਲੰਧਰ-1 ਡਾ. ਰਜਤ ਓਬਰਾਏ, ਐਸ.ਡੀ.ਐਮ ਫਿਲੌਰ ਸ੍ਰੀ ਜਸਬੀਰ ਸਿੰਘ, ਤਹਿਸੀਲਦਾਰ ਚੋਣਾਂ ਸ੍ਰੀ ਕਰਨੈਲ ਸਿੰਘ ਅਤੇ ਹੋਰ ਹਾਜ਼ਰ ਸਨ।
Punjab Post Daily Online Newspaper & Print Media