ਤਹਿਸੀਲ ਦਫਤਰ ਨਾਲ ਤਾਲਮੇਲ ਰੱਖਣ ਲਈ ਫਰੰਟ ਵਲੋਂ ਨਿਯੁੱਕਤ ਕੀਤੇ ਗਏ ਮੈਂਬਰ
ਸਮਰਾਲਾ, 20 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦਾ ਇੱਕ ਵਫਦ ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸ਼ਪਾਲ ਸਿੰਘ,
ਚੇਅਰਮੈਨ ਸੁਦੇਸ਼ ਕੁਮਾਰ ਸ਼ਰਮਾ ਅਤੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਦੀ ਅਗਵਾਈ ਹੇਠ ਤਹਿਸੀਲ ਦਫਤਰ ਵਿਖੇ ਤਹਿਸੀਲਦਾਰ ਅਤੇ ਨੈਬ ਤਹਿਸੀਲਦਾਰ ਨੂੰ ਮਿਲਿਆ।ਜਿਸ ਵਿੱਚ ਆਮ ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਚਰਚਾ ਕੀਤੀ ਗਈ ਅਤੇ ਤਹਿਸੀਲ ਕੰਪਲੈਕਸ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਮੁੱਦੇ ਸਬੰਧੀ ਵੀ ਗੱਲਬਾਤ ਕੀਤੀ ਗਈ।
ਇਕ ਪੱਤਰ ਤਹਿਸੀਲਦਾਰ ਨੂੰ ਦਿੱਤਾ ਗਿਆ. ਜਿਸ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੁਆਰਾ ਨਾਮਜ਼ਦ ਕੀਤੇ ਮੈਂਬਰਾਂ ਦੇ ਨਾਮ ਵੀ ਦਿੱਤੇ ਗਏ।ਜੋ ਆਮ ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਤਹਿਸੀਲਦਾਰ ਅਤੇ ਨੈਬ ਤਹਿਸੀਲਦਾਰ ਨਾਲ ਤਾਲਮੇਲ ਰੱਖਣਗੇ ਅਤੇ ਤਹਿਸੀਲ ਵਿੱਚ ਕੰਮ ਕਰਵਾਉਣ ਆਏ ਆਮ ਲੋਕਾਂ ਦੀਆਂ ਦੀਆਂ ਮੁਸ਼ਕਿਲਾਂ ਜਾਂ ਸਰਕਾਰੀ ਕੰਮ ਵਿੱਚ ਆ ਰਹੇ ਅੜਿੱਕੇ ਸਬੰਧੀ ਜਾਣੂ ਕਰਵਾਉਣਗੇ।
ਵਫਦ ਨਾਲ ਮੀਟਿੰਗ ਦੌਰਾਨ ਤਹਿਸੀਲਦਾਰ ਸਮਰਾਲਾ ਨੇ ਭਰੋਸਾ ਦਿੱਤਾ ਕਿ ਅਸੀਂ ਦਫਤਰ ਦੇ ਬਾਹਰ ਫੀਸਾਂ ਸਬੰਧੀ ਪੂਰਾ ਵੇਰਵਾ ਲਿਖ ਕੇ ਲਗਾ ਦਿੱਤਾ ਹੈ, ਜੇਕਰ ਉਨਾਂ ਦੇ ਦਫਤਰ ਦਾ ਕੋਈ ਕਰਮਚਾਰੀ ਇਸ ਫੀਸ ਤੋਂ ਵਾਧੂ ਹੋਰ ਕਿਸੇ ਫੀਸ ਦੀ ਮੰਗ ਕਰਦਾ ਹੈ ਜਾਂ ਕੰਮ ਪ੍ਰਤੀ ਟਾਲ-ਮਟੋਲ ਕਰਦਾ ਹੈ ਤਾਂ ਇਸ ਸਬੰਧੀ ਉਨਾਂ ਨੂੰ ਦੱੱਸਿਆ ਜਾਵੇ।ਜੇਕਰ ਕੋਈ ਏਜੰਟ ਜਾਂ ਬਾਹਰੀ ਵਿਅਕਤੀ ਕਿਸੇ ਤਰ੍ਹਾਂ ਦਾ ਕੰਮ ਕਰਵਾਉਣ ਲਈ ਕਿਸੇ ਤਰ੍ਹਾਂ ਦੇ ਪੈਸੇ ਦੀ ਮੰਗ ਕਰਦਾ ਹੈ ਤਾਂ ਇਹ ਵੀ ਉਨਾਂ ਜਾਂ ਨੈਬ ਤਹਿਸੀਲਦਾਰ ਦੇ ਧਿਆਨ ਵਿੱਚ ਲਿਆਂਦਾ ਜਾਵੇ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਕੰਗ, ਪ੍ਰੇਮ ਨਾਥ, ਸਵਿੰਦਰ ਸਿੰਘ, ਰਾਜਿੰਦਰ ਸਿੰਘ, ਨਿਰਮਲ ਸਿੰਘ, ਸੁਰਿੰਦਰ ਕੁਮਾਰ, ਸੁਭਾਸ਼ ਸਿਹਾਲਾ, ਜੁਗਲ ਕਿਸ਼ੋਰ ਸਾਹਨੀ ਆਦਿ ਹਾਜ਼ਰ ਸਨ।
Punjab Post Daily Online Newspaper & Print Media