Wednesday, October 7, 2026

ਪਾਵਰਲੂਮ ਸਨਅਤ ਦੇ ਮਜ਼ਦੂਰਾਂ ਵੱਲੋਂ ਰੇਟਾਂ/ਤਨਖਾਹਾਂ ਵਿੱਚ ਵਾਧੇ ਲਈ ਅਣਮਿਥੇ ਸਮੇਂ ਦੀ ਹੜਤਾਲ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਦੀ ਪਾਵਰਲੂਮ ਸਨਅਤ ਦੇ ਮਜ਼ਦੂਰਾਂ ਵੱਲੋਂ ਰੇਟਾਂ/ਤਨਖਾਹਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਹੈ।ਪਾਵਰਲੂਮ ਸਨਅਤ ਦੇ ਮਜ਼ਦੂਰਾਂ ਦੀਆਂ ਤਨਖਹਾਂ/ਰੇਟਾਂ ਵਿੱਚ ਵਾਧੇ ਸਬੰਧੀ ਮਾਲਕਾਂ ਦੀ ਐਸੋਸੀਏਸ਼ਨ ਨਾਲ ਸਮਝੌਤੇ ਦੀ ਮਿਆਦ ਮਿਤੀ 31-12-2020 ਨੂੰ ਖਤਮ ਹੋ ਗਈ ਹੈ।ਕੋਰੋਨਾ ਕਾਲ ਕਾਰਨ ਨਵਾਂ ਸਮਝੌਤਾ ਨਹੀਂ ਹੋ ਸਕਿਆ।ਡੇਢ ਸਾਲ ਬੀਤ ਜਾਣ ਉਪਰ ਵੀ ਮਾਲਕਾਂ ਦੀ ਐਸੋਸੀਏਸ਼ਨ ਵੱਲੋਂ ਨਵੇਂ ਸਮਝੌਤੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ ਸੀ। ਮਜ਼ਦੂਰ ਜਥੇਬੰਦੀਆਂ ਵੱਲੋਂ ਮਿਤੀ 30 ਮਾਰਚ 2022 ਨੂੰ ਮਾਲਕਾਂ ਨੂੰ ਨੋਟਿਸ ਭੇਜਿਆ ਗਿਆ ਸੀ ਅਤੇ 17 ਅਪ੍ਰੈਲ 2022 ਨੂੰ ਇੱਕ ਦਿਨ ਦੀ ਹੜਤਾਲ ਵੀ ਕੀਤੀ ਗਈ ਸੀ।ਮਾਲਕਾਂ ਦੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮਜ਼ਦੂਰ ਜਥੇਬੰਦੀਆਂ ਦੇ ਅਗੂਆਂ ਦੀਆਂ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ।ਲੇਕਿਨ ਕੋਈ ਫੈਸਲਾ ਨਹੀਂ ਹੋ ਸਕਿਆ।ਮਜ਼ਦੂਰਾਂ ਦੀ ਮੰਗ ਹੈ ਕਿ ਵਧੀ ਮਹਿੰਗਾਈ ਦੇ ਕਾਰਨ ਉਹਨਾਂ ਦੇ ਰੇਟਾਂ/ਤਨਖਾਹਾਂ ਵਿੱਚ 30 ਫੀਸਦੀ ਵਾਧਾ ਕੀਤਾ ਜਾਵੇ।ਬੀਤੇ ਕੱਲ੍ਹ ਮਾਲਕਾਂ ਦੀ ਐਸੋਸੀਏਸ਼ਨ ਦੇ ਨਾਲ ਆਖਰੀ ਗੱਲਬਾਤ ਟੁੱਟਣ ਤੋਂ ਬਾਅਦ ਮਜ਼ਦੂਰ ਅਣਮਿੱਥੇ ਸਮੇਂ ਲਈ ਹੜਤਾਲ ਉਪਰ ਚਲੇ ਗਏ ਹਨ।ਇਸ ਹੜਤਾਲ ਦੀ ਅਗਵਾਈ ਅੰਮ੍ਰਿਤਸਰ ਦੀਆਂ ਪ੍ਰਮੁੱਖ ਜਥੇਬੰਦੀਆਂ ਏਟਕ, ਸੀਟੂ ਅਤੇ ਸੀ.ਟੀ.ਯੂ ਪੰਜਾਬ ਵੱਲੋਂ ਕੀਤੀ ਜਾ ਰਹੀ ਹੈ।ਅੱਜ ਇੱਥੇ ਬੇਰੀ ਗੇਟ ਪਾਰਕ ਵਿੱਚ ਅੰਮ੍ਰਿਤਸਰ ਦੇ ਸਮੂਹ ਪਾਵਰਲੂਮ ਸਨਅਤ ਦੇ ਮਜ਼ਦੂਰਾਂ ਨੇ ਹੜਤਾਲ ਕਰਕੇ ਰੈਲੀ ਕੀਤੀ।ਜਿਸ ਨੂੰ ਅਮਰਜੀਤ ਸਿੰਘ ਆਸਲ, ਸੁੱਚਾ ਸਿੰਘ ਅਜਨਾਲਾ, ਜਗਤਾਰ ਸਿੰਘ ਕਰਮਪੁਰਾ, ਜੀਤ ਰਾਜ ਬਾਵਾ, ਮੋਹਨ ਲਾਲ, ਕ੍ਰਿਪਾ ਰਾਮ, ਸੁਰਿੰਦਰ ਸ਼ਿੰਦਾ ਆਦਿ ਨੇ ਸੰਬੋਧਨ ਕੀਤਾ।ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਮਜ਼ਦੂਰਾਂ ਦੇ ਰੇਟਾਂ/ਤਨਖਾਹਾਂ ਵਿੱਚ ਵਾਧਾ ਨਹੀਂ ਕੀਤਾ ਜਾਂਦਾ, ਹੜਤਾਲ ਜਾਰੀ ਰਹੇਗੀ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …