ਅਮਰੀਕਾ ਵਾਸੀ ਥਮਿੰਦਰ ਸਿੰਘ ਨੂੰ ਤਨਖਾਹੀਆ ਐਲਾਨਿਆ
ਅੰਮਿਤਸਰ, 3 ਮਈ (ਜਗਦੀਪ ਸਿੰਘ) – ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਅਗਵਾਈ ਹੇਠ ਪੰਥਕ ਇਕੱਠ ਬੁਲਾਇਆ ਗਿਆ।ਜਿਸ ਵਿੱਚ ਦੀਰਘ ਵਿਚਾਰਾਂ ਕਰਨ ਉਪਰੰਤ ਪੰਜ ਸਿੰਘ ਸਾਹਿਬਾਨ ਵੱਲੋਂ ਕਈ ਅਹਿਮ ਫੈਸਲੇ ਲਏ ਗਏ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਵਾਸੀ ਥਮਿੰਦਰ ਸਿੰਘ ਨੂੰ ਆਪਣੀ ਮਰਜ਼ੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤਬਦੀਲੀਆਂ ਕਰਨ ਬਦਲੇ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਦੁਆਰਾ ਕੀਤੀ ਆਨਲਾਈਨ/ਆਫਲਾਈਨ ਅਣਅਧਿਕਾਰਤ ਛਪਾਈ ‘ਤੇ ਰੋਕ ਲਗਾ ਕੇ ਇਸ ਨੂੰ ਤਨਖਾਹੀਆ ਐਲਾਨਿਆ ਗਿਆ।ਇਸ ਤੋਂ ਇਲਾਵਾ ਇਸ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਇਸ ਕਾਰਜ਼ ਸਬੰਧੀ ਸਾਰਾ ਰਿਕਾਰਡ ਹਾਜ਼ਰ ਕਰਨ ਦਾ ਆਦੇਸ਼ ਕੀਤਾ ਹੈ।ਉਨਾਂ ਨੇ ਸਮੂਹ ਸਿੱਖਾਂ ਨੂੰ ਆਦੇਸ਼ ਹੈ ਕਿ ਇਸ ਨੂੰ ਕੋਈ ਮੂੰਹ ਨਾ ਲਗਾਵੇ।
ਸਿੰਘ ਸਾਹਿਬਾਨ ਨੇ ਓਅੰਕਾਰ ਸਿੰਘ ਨੂੰ ਆਦੇਸ਼ ਕੀਤਾ ਹੈ ਕਿ ਉਹ ਗੁਰਬਾਣੀ ਸੇਧਾਂ ਦੇ ਨਾਮ ਹੇਠ ਕੀਤੇ ਕਾਰਜ਼ ਨੂੰ ਤੁਰੰਤ ਬੰਦ ਕਰਕੇ ਆਪਣਾ ਸਾਰਾ ਰਿਕਾਰਡ ਖੁਦ ਪੇਸ਼ ਹੋ ਕੇ ਖਰੜੇ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਮ੍ਹਾ ਕਰਵਾਏ ਅਤੇ ਕਾਰਜ਼ ਦੀ ਗੁਰੂ ਪੰਥ ਪਾਸੋਂ ਭੁੱਲ ਬਖਸ਼ਾਵੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੱਥੀ ਲਿਖਣ ਦੀ ਸੇਵਾ ਬਾਰੇ ਪੁੱਜੀ ਮੰਗ ਬਾਰੇ ਸਿੰਘ ਸਾਹਿਬਾਨ ਨੇ ਵਿਦਵਾਨਾਂ ਦੀ ਕਮੇਟੀ ਵੱਲੋਂ ਕੀਤੀ ਸਿਫਾਰਸ਼ ‘ਤੇ ਕੁੱਝ ਸੋਧ ਕਰਨ ਉਪਰੰਤ ਫੈਸਲਾ ਕੀਤਾ ਗਿਆ ਹੈ ਕਿ, ਜੋ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਹੱਥੀ ਲਿਖਣ ਦੀ ਸੇਵਾ ਕਰਨਾ ਚਾਹੁੰਦੀਆਂ ਹਨ, ਉਹ ਸਕੱਤਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਾਸੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਨਿਯਮਾਵਲੀ ਦੀਆਂ ਸ਼ਰਤਾਂ ਪੂਰੀਆਂ ਕਰਕੇ ਆਗਿਆ ਦਾ ਪੱਤਰ ਪ੍ਰਾਪਤ ਕਰਨ ਉਪਰੰਤ ਸੇਵਾ ਕਰ ਸਕਦੀਆਂ ਹਨ।
ਲੰਮੇ ਸਮੇਂ ਤੋਂ ਜੇਲਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਅਤੇ ਸਿੱਖ ਸੰਸਥਾਵਾਂ, ਜਥੇਬੰਦੀਆਂ, ਸੰਪਰਦਾਵਾਂ ਨੂੰ ਆਦੇਸ਼ ਕੀਤਾ ਹੈ ਕਿ ਸਾਰੇ ਰਲ ਕੇ ਸਾਂਝੇ ਰੂਪ ਦੇ ਵਿੱਚ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਯਤਨ ਕਰਨ।ਇਸ ਤੋਂ ਇਲਾਵਾ ਪਿੰਡ ਰੋਡੇ ਦੀ ਸੰਗਤ ਵੱਲੋਂ ਪੁੱਜੇ ਪੱਤਰ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਸਿੰਘ ਟਾਵਰ ‘ਤੇ ਚੜਿਆ ਹੈ।ਉਸ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਖੁਦਕੁਸ਼ੀ ਕਰਨਾ ਸਿੱਖ ਧਰਮ ਦੀ ਪ੍ਰੰਪਰਾ ਨਹੀਂ ਹੈ।ਇਸ ਲਈ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਬੰਦੀਆਂ ਦਾ ਸਹਿਯੋਗ ਕਰੇ।
ਇੰਟਰਨੈਟ ਉਪਰ ਚੱਲ ਰਹੇ 21 ਦੇ ਕਰੀਬ ਗੁਰਬਾਣੀ ਐਪਸ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਂਚ ਕਰਵਾਈ ਗਈ।ਕੇਵਲ `ਨਿਤਨੇਮ` ਦੇ ਪਾਠ ਵਿਚ ਹੀ ਕਈ ਤਰੁੱਟੀਆਂ ਪਾਈਆਂ ਗਈਆਂ ਹਨ।ਇਸ ਸਬੰਧੀ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਆਦੇਸ਼ ਕੀਤਾ ਗਿਆ ਹੈ ਕਿ ਇੰਟਰਨੈਟ ਉਪਰ ਚੱਲ ਰਹੇ ਗੁਰਬਾਣੀ ਐਪਸ ਦੀ ਇਕ ਮਹੀਨੇ ਦੇ ਅੰਦਰ-ਅੰਦਰ ਸੁਧਾਈ ਕਰਵਾਈ ਜਾਵੇ ਨਹੀਂ ਤਾਂ ਉਹਨਾਂ ਪੁਰ ਕਾਨੂੰਨੀ ਕਾਰਵਾਈ ਕਰਵਾ ਕੇ ਬੰਦ ਕਰਵਾਇਆ ਜਾਵੇ।