Tuesday, March 10, 2026

ਖ਼ਾਲਸਾ ਕਾਲਜ ਵਿਖੇ ਕਾਮਰਸ ਸਿੱਖਿਆ ਤੇ ਹੁਨਰ ਵਿਕਾਸ ਬਾਰੇ ਵਰਕਸ਼ਾਪ

ਅੰਮ੍ਰਿਤਸਰ, 5 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ-ਗ੍ਰੈਜੂਏਟ ਡਿਪਾਰਟਮੈਂਟ ਆਫ਼ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ ਕਾਮਰਸ ਵਿਭਾਗ ਦੀ ਕੰਪਿਊਟਰ ਲੈਬ ’ਚ ਖਾਲਸਾ ਗਲੋਬਲ ਰੀਚ ਫਾਊਂਡੇਸ਼ਨ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗ ਨਾਲ ‘ਕਾਮਰਸ ਐਜੂਕੇਸ਼ਨ ਐਂਡ ਸਕਿੱਲ ਡਿਵੈਲਪਮੈਂਟ’ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ।
                    ਇਹ ਵਰਕਸ਼ਾਪ ਕਾਲਜ ਪਿ੍ਰੰਸੀਪਲ ਅਤੇ ਵਰਕਸ਼ਾਪ ਚੇਅਰਮੈਨ ਡਾ. ਮਹਿਲ ਸਿੰਘ ਦੀ ਦੇਖ-ਰੇਖ ਹੇਠ ਵਰਕਸ਼ਾਪ ਡਾਇਰੈਕਟਰ ਡਾ. ਏ.ਕੇ ਕਾਹਲੋਂ, ਵਰਕਸ਼ਾਪ ਕੋਆਰਡੀਨੇਟਰ ਡਾ. ਸਵਰਾਜ ਕੌਰ, ਵਰਕਸ਼ਾਪ ਕੋ-ਕੋਆਰਡੀਨੇਟਰ ਡਾ. ਦੀਪਕ ਦੇਵਗਨ ਦੁਆਰਾ ਵਿਉਂਤਬੱਧ ਢੰਗ ਨਾਲ ਚਲਾਈ ਗਈ ਸੀ।ਉਦਘਾਟਨੀ ਸੈਸ਼ਨ ’ਚ ਡਾ. ਸਵਰਾਜ ਕੌਰ ਨੇ ਵਰਕਸ਼ਾਪ ਦੇ ਵਿਸ਼ੇ ’ਤੇ ਚਾਨਣਾ ਪਾਉਂਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹੁਨਰ ਵਿਕਾਸ ਨੌਜਵਾਨਾਂ ਲਈ ਰੁਜ਼ਗਾਰ ਯੋਗਤਾ ਨੂੰ ਵਧਾ ਸਕਦਾ ਹੈ ਅਤੇ ਦੇਸ਼ ’ਚ ਸਮਾਜਿਕ ਚੁਣੌਤੀਆਂ ਨੂੰ ਘੱਟ ਕਰ ਸਕਦਾ ਹੈ।
                   ਡਾ. ਕਾਹਲੋਂ ਨੇ ਵਰਕਸ਼ਾਪ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਸ 3 ਦਿਨਾਂ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਸਬੰਧੀ ਵਿਹਾਰਕ ਗਿਆਨ ਨਾਲ ਭਰਪੂਰ ਕਰਨਾ ਹੈ।ਡਾ. ਦੇਵਗਨ ਨੇ ਮੁੱਖ ਮਹਿਮਾਨ ਡਾ. ਮਹਿਲ ਸਿੰਘ ਦਾ ਸਵਾਗਤ ਕੀਤਾ।
                  ਡਾ. ਮਹਿਲ ਸਿੰਘ ਨੇ ਨੌਜਵਾਨਾਂ ਦੇ ਗਿਆਨ ’ਚ ਵਾਧਾ ਕਰਨ ਲਈ ਇਸ ਉਸਾਰੂ ਸਮਾਗਮ ਦੇ ਆਯੋਜਨ ਲਈ ਵਿਭਾਗ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੇ ਕੈਰੀਅਰ ’ਚ ਪ੍ਰਾਪਤ ਕੀਤੇ ਗਿਆਨ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਨੌਜਵਾਨਾਂ ’ਚ ਹੁਨਰ ਦੇ ਪਾੜੇ ਦੀ ਪਛਾਣ ਕਰਕੇ ਅਤੇ ਉਨ੍ਹਾਂ ਨੂੰ ਹੁਨਰ ਸਿਖਲਾਈ ਅਤੇ ਰੁਜ਼ਗਾਰ ਦੇ ਲਾਭ ਪ੍ਰਦਾਨ ਕਰਨਾ ਹੈ।ਉਨ੍ਹਾਂ ਕਿਹਾ ਕਿ ਹੁਨਰ ਵਿਕਾਸ ਦਾ ਉਦੇਸ਼ ਨੌਜਵਾਨਾਂ ਦੀ ਕਾਬਲੀਅਤ ਨੂੰ ਪਛਾਨਣਾ ਅਤੇ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ, ਬੁਨਿਆਦੀ ਢਾਂਚੇ, ਮੌਕਿਆਂ ਅਤੇ ਉਤਸ਼ਾਹ ਨਾਲ ਸੇਵਾ ਕਰਕੇ ਉਨ੍ਹਾਂ ਦੇ ਮਨੋਬਲ ਨੂੰ ਵਧਾਉਣਾ ਹੈ ਜੋ ਉਨ੍ਹਾਂ ਦੀਆਂ ਇੱਛਾਵਾਂ ਪ੍ਰਾਪਤ ਕਰਨ ’ਚ ਮਦਦ ਕਰਦੇ ਹਨ।ਡਾ. ਮਹਿਲ ਸਿੰਘ ਨੇ ਕਿਹਾ ਕਿ ਸਿੱਖਿਆ ਅਤੇ ਹੁਨਰ ਹਰ ਕਿਸੇ ਲਈ ਜ਼ਰੂਰੀ ਹਨ ਅਤੇ ਇਹ ਦੋਵੇਂ ਹਰ ਕਿਸੇ ਦੇ ਕੈਰੀਅਰ ਦੇ ਸਫ਼ਰ ’ਚ ਸਫ਼ਲ ਬਣਾਉਂਦੇ ਹਨ।
          ਇਸ ਵਰਕਸ਼ਾਪ ’ਚ ਸ਼ੁਰੂਆਤੀ ਅਤੇ ਸਮਾਪਤੀ ਸੈਸ਼ਨ ਤੋਂ ਇਲਾਵਾ 6 ਤਕਨੀਕੀ ਸੈਸ਼ਨ ਸ਼ਾਮਿਲ ਸਨ।ਪਹਿਲੇ ਤਕਨੀਕੀ ਸੈਸ਼ਨ ਦੀ ਰਿਸੋਰਸ ਪਰਸਨ, ਡਾ. ਸਵਰਾਜ ਕੌਰ ਨੇ ‘ਤਣਾਅ ਪ੍ਰਬੰਧਨ ਅਤੇ ਬਡਿੰਗ ਐਗਜ਼ੀਕਿਊਟਿਵਜ਼’ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਿਸ ’ਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਸਿੱਖਣ ਦੇ ਯੋਗ ਬਣਾਇਆ ਕਿ ਮੈਡੀਟੇਸ਼ਨ ਰਾਹੀਂ ਤਣਾਅ ਨੂੰ ਕਿਵੇਂ ਪ੍ਰਬੰਧਨ ਅਤੇ ਘੱਟ ਕਰਨਾ ਹੈ। ਦੂਜੇ ਤਕਨੀਕੀ ਸੈਸ਼ਨ ’ਚ ਰਿਸੋਰਸ ਪਰਸਨ ਡਾ. ਅਜੈ ਸਹਿਗਲ ਨੇ ਵਿਦਿਆਰਥੀਆਂ ਨੂੰ ‘ਨਿਵੇਸ਼ ਯੋਜਨਾ ਅਤੇ ਆਨਲਾਈਨ ਵਪਾਰ’ ਬਾਰੇ ਵਿਹਾਰਕ ਗਿਆਨ ਪ੍ਰਦਾਨ ਕੀਤਾ। ਰਿਸੋਰਸ ਪਰਸਨ ਵਜੋਂ ਡਾ. ਦੇਵਗਨ ਨੇ ਵਿਦਿਆਰਥੀਆਂ ਨੂੰ ਤੀਜੇ ਤਕਨੀਕੀ ਸੈਸ਼ਨ ’ਚ ਇੰਟਰਵਿਊ ਲਈ ਲੋੜੀਂਦੀ ਸਰੀਰਿਕ ਭਾਸ਼ਾ ਬਾਰੇ ਸਿਖਲਾਈ ਦਿੱਤੀ ਅਤੇ ਰਿਸੋਰਸ ਪਰਸਨ ਡਾ. ਰਛਪਾਲ ਸਿੰਘ ਨੇ ਚੌਥਾ ਤਕਨੀਕੀ ਸੈਸ਼ਨ ਲਿਆ ਅਤੇ ‘ਆਟੋਮੇਸ਼ਨ ਇਨ ਆਫਿਸ ਮੈਨੇਜਮੈਂਟ ਐਂਡ ਐਕਸਪਲੋਰਿੰਗ ਐਮ. ਐਸ. ਆਫਿਸ’ ਬਾਰੇ ਮਾਰਗਦਰਸ਼ਨ ਕੀਤਾ। ਰਿਸੋਰਸ ਪਰਸਨ ਡਾ. ਪੂਨਮ ਸ਼ਰਮਾ ਨੇ ਟੈਕਨੀਕਲ ਸੈਸ਼ਨ ਪੰਜਵੇਂ ’ਚ ਭਾਗ ਲਿਆ ਅਤੇ ਵਿਦਿਆਰਥੀਆਂ ਨੂੰ ‘ਤਨਖਾਹ ਪ੍ਰਾਪਤ ਵਿਅਕਤੀ ਲਈ ਟੈਕਸ ਯੋਜਨਾ’ ਦੇ ਗਿਆਨ ਤੋਂ ਜਾਣੂ ਕਰਵਾਇਆ। ਰਿਸੋਰਸ ਪਰਸਨ ਡਾ. ਕਾਹਲੋਂ ਨੇ ਤਕਨੀਕੀ ਸੈਸ਼ਨ 6ਵੇਂ ਦੀ ਅਗਵਾਈ ਕੀਤੀ ਅਤੇ ‘ਇਕ ਸੁਰੱਖਿਅਤ ਕੰਮ ਵਾਲੀ ਥਾਂ ਔਰਤ ਦਾ ਕਾਨੂੰਨੀ ਅਧਿਕਾਰ ਹੈ’ ਵਿਸ਼ੇ ’ਤੇ ਭਾਸ਼ਣ ਦਿੱਤਾ।ਵਰਕਸ਼ਾਪ ’ਚ ਵਿਭਾਗ ਦੇ ਲਗਭਗ 60 ਵਿਦਿਆਰਥੀਆਂ ਅਤੇ 20 ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ।
                  ਇਸ ਵਰਕਸ਼ਾਪ ਦੇ ਸਮਾਪਤੀ ਸੈਸ਼ਨ ’ਚ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਸਨ।ਉਨ੍ਹਾਂ ਨੇ ਸਮਾਗਮ ਦੇ ਸਫਲਤਾ ਪੂਰਵਕ ਸੰਪੰਨ ਹੋਣ ਲਈ ਵਿਭਾਗ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ’ਚ ਪ੍ਰਾਪਤ ਕੀਤੇ ਗਏ ਗਿਆਨ ਨੂੰ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ।ਜੋ ਉਨ੍ਹਾਂ ਨੂੰ ਜੀਵਨ ’ਚ ਸਦਾ ਲਈ ਲਾਭਕਾਰੀ ਸਾਬਿਤ ਹੋਵੇਗਾ।ਜਦਕਿ ਡਾ. ਦੇਵਗਨ ਨੇ ਸਮਾਗਮ ਦੀ ਸਫ਼ਲਤਾ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …