ਕੇਸ ਨੂੰ ਝੂਠਾ, ਬੇਬੁਨਿਆਦ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ
ਸੰਗਰੂਰ, 6 ਮਈ (ਜਗਸੀਰ ਲੌਂਗੋਵਾਲ) – ਦੀ ਰੈਵਿਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਵੱਲੋਂ ਆਪਣੇ ਸਾਥੀਆਂ ਸਮੇਤ ਤਹਿਸੀਲ
ਅਮਰਗੜ੍ਹ ਵਿਖੇ ਪੰਜਾਬ ਸਰਕਾਰ ਤੇ ਵਿਜੀਲੈਂਸ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਪਟਵਾਰੀ ਦੀਦਾਰ ਸਿੰਘ ਛੋਕਰ ਤੇ ਨੰਬਰਦਾਰ ਤੇ ਹੋਏ ਰਿਸ਼ਵਤਖੋਰੀ ਦੇ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।ਉਨ੍ਹਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਪਟਵਾਰੀ ਦੀਦਾਰ ਸਿੰਘ ਛੋਕਰ ਜ਼ਿਲ੍ਹਾ ਮਲੇਰਕੋਟਲਾ ਅਤੇ ਸੰਗਰੂਰ ਤੋਂ ਬਤੌਰ ਪ੍ਰਧਾਨ ਯੂਨੀਅਨ ਦੀ ਨੁਮਾਇੰਦਗੀ ਕਰਨ ਵਾਲਾ ਸੱਚਾ-ਸੁੱਚਾ ਤੇ ਨਿਧੜਕ ਆਗੂ ਹੈ, ਜਿਸ ਨੂੰ ਰਾਜਨੀਤਕ ਰੰਜਿਸ਼ ਕਾਰਨ ਝੂਠੇ ਤੇ ਬੇਬੁਨਿਆਦ ਕੇਸ `ਚ ਜਾਣ-ਬੁੱਝ ਕੇ ਫਸਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਵਾਇਰਲ ਵੀਡੀਓ ਵਿੱਚ ਜਦੋਂ ਪੈਸਿਆਂ ਦਾ ਲੈਣ-ਦੇਣ ਕੀਤਾ ਜਾ ਰਿਹਾ ਹੈ।ਉਸ ਵਿਚ ਪਟਵਾਰੀ ਦੀਦਾਰ ਸਿੰਘ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਅਤੇ ਨਾ ਹੀ ਉਸ ਦੀ ਕੋਈ ਕਾਲ ਰਿਕਾਰਡਿੰਗ ਹੈ।ਇਸ ਲਈ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਹੈ।ਵਿਜੀਲੈਂਸ ਨੇ ਧਰਾਵਾਂ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਫੜਨ ਦੀਆਂ ਲਗਾਈਆਂ ਹਨ।ਉਨ੍ਹਾਂ ਕਿਹਾ ਕਿ ਤਾਲਮੇਲ ਕਮੇਟੀ ਪਟਵਾਰੀ ਅਤੇ ਕਾਨੂੰਗੋ ਪੰਜਾਬ ਦੇ ਆਦੇਸ਼ਾਂ ‘ਤੇ 4 ਤੋਂ 15 ਮਈ ਤੱਕ ਸਮੂਹਿਕ ਛੁੱਟੀ ਭਰਕੇ ਤਹਿਸੀਲਦਾਰ ਅਮਰਗੜ੍ਹ ਨੂੰ ਸੌਂਪੀ ਗਈ ਹੈ, ਪੂਰੇ ਪੰਜਾਬ ਦੇ ਕਾਨੂੰਗੋ ਅਤੇ ਪਟਵਾਰੀ ਹੜਤਾਲ `ਤੇ ਹਨ।ਉਨ੍ਹਾਂ ਕਿਹਾ ਕਿ ਪਟਵਾਰੀ ਅਤੇ ਨੰਬੜਦਾਰ ਖ਼ਿਲਾਫ਼ ਵਿਜੀਲੈਂਸ ਵਲੋਂ ਪਾਏ ਝੂਠੇ ਕੇਸ ਨੂੰ ਰੱਦ ਕਰਵਾਉਣ ਲਈ ਸੀ.ਪੀ.ਐਫ ਇੰਪਲਾਈਜ਼ ਯੂਨੀਅਨ, ਦਿ ਰੈਵੀਨਿਊ ਆਫਿਸਰਜ਼ ਯੂਨੀਅਨ, ਡੀ.ਸੀ ਦਫਤਰ ਇੰਪਲਾਈਜ਼ ਯੂਨੀਅਨ, ਨੰਬਰਦਾਰ ਯੂਨੀਅਨ, ਨਹਿਰੀ ਪਟਵਾਰ ਯੂਨੀਅਨ, ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਹੋਰ ਭਰਾਤਰੀ ਜਥੇਬੰਦੀਆਂ ਇਸ ਸੰਘਰਸ਼ ਵਿੱਚ ਕੁੱਦਣ ਲਈ ਤਿਆਰ-ਬਰ-ਤਿਆਰ ਹਨ।
ਇਸ ਮੌਕੇ ਕਾਨੂੰਗੋ ਜਗਦੇਵ ਸਿੰਘ, ਕਾਨੂੰਗੋ ਮਨਜੀਤ ਸਿੰਘ ਝਿੰਜਰ, ਪਟਵਾਰੀ ਗੁਰਿੰਦਰਜੀਤ ਸਿੰਘ, ਪਟਵਾਰੀ ਵਿਨਾਕਸ਼ੀ ਜੋਸ਼ੀ, ਪਟਵਾਰੀ ਮਨਦੀਪ ਕੌਰ, ਪਟਵਾਰੀ ਹਰਦੀਪ ਸਿੰਘ ਮੰਡੇਰ, ਪਟਵਾਰੀ ਹਰਬੀਰ ਸਿੰਘ ਸਰਵਾਰੇ ਅਤੇ ਪਟਵਾਰੀ ਸੁਰਿੰਦਰ ਸਿੰਘ ਗੁੱਜਰਾਂ ਆਦਿ ਹਾਜ਼ਰ ਸਨ।
Punjab Post Daily Online Newspaper & Print Media