ਅੰਮ੍ਰਿਤਸਰ, 8 ਮਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਦੇ ਖਾਲੀ ਅਹੁੱਦੇ ਲਈ ਅੱਜ ਗੁਪਤ ਬੈਲਟ ਸਿਸਟਮ ਰਾਹੀਂ ਹੋਈ ਚੋਣ ਦੇ ਨਤੀਜਿਆਂ ਵਿਚ
ਡਾ: ਇੰਦਰਬੀਰ ਸਿੰਘ ਨਿਜ਼ਰ ਵਲੋਂ ਸ਼ਾਨਦਾਰ ਜਿੱਤ ਹਾਸਿਲ ਕੀਤੀ ਗਈ ਅਤੇ ਡਾ: ਇੰਦਰਬੀਰ ਸਿੰਘ ਨਿਜ਼ਰ ਦੀਵਾਨ ਦੇ ਨਵੇਂ ਪ੍ਰਧਾਨ ਵਜੋਂ ਚੁਣੇ ਗਏ ਹਨ।ਚੋਣ ਵਿੱਚ ਕੁੱਲ 329 ਮੈਂਬਰ ਸਾਹਿਬਾਨ ਵਲੋਂ ਵੋਟਾਂ ਪਾਈਆਂ ਗਈਆਂ।ਜਿਸ ਵਿਚ ਨਿੱਜ਼ਰ ਨੂੰ 243 ਵੋਟਾਂ ਡਾ: ਇੰਦਰਬੀਰ ਸਿੰਘ ਅਤੇ 85 ਵੋੇਟਾਂ ਸਰਬਜੀਤ ਸਿੰਘ ਦੇ ਹੱਕ ਵਿੱਚ ਪਾਈਆਂ ਗਈਆਂ।ਡਾ: ਨਿੱਜ਼ਰ ਨੇ ਸਰਬਜੀਤ ਸਿੰਘ ਦੇ ਮੁਕਾਬਲੇ 158 ਵੋਟਾਂ ਦੀ ਗਿਣਤੀ ਦੇ ਫਰਕ ਨਾਲ ਵੱਡੀ ਜਿੱਤ ਹਾਸਿਲ ਕੀਤੀ।ਜਿਕਰਯੋਗ ਹੈ ਕਿ ਮਾਰਚ,2022 ਨੂੰ ਚੀਫ਼ ਖ਼ਾਲਸਾ ਦੀਵਾਨ ਸਾਬਕਾ ਪ੍ਰਧਾਨ ਨਿਰਮਲ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਸੰਵਿਧਾਨ ਅਨੁਸਾਰ ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜ਼ਰ ਕਾਰਜ਼ਕਾਰੀ ਪ੍ਰਧਾਨ ਦੀ ਸੇਵਾ ਨਿਭਾਅ ਰਹੇ ਸਨ।
ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਦੀਵਾਨ ਮੈਂਬਰ ਸਾਹਿਬਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮੁੱਖ ਨਤਮਸਤਕ ਹੋਏ ਅਤੇ ਉਹਨਾਂ ਅਕਾਲ ਪੁਰਖ ਅੱਗੇ ਦੀਵਾਨ ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਦੀ ਨਿਰਵਿਘਨ ਸੰਪੂਰਨਤਾ ਲਈ ਅਰਦਾਸ ਕੀਤੀ।ਉਪਰੰਤ ਰਿਟਰਨਿੰਗ ਅਧਿਕਾਰੀਆਂ ਪ੍ਰੋ. ਵਰਿਆਮ ਸਿੰਘ, ਨਰਿੰਦਰ ਸਿੰਘ ਖੁਰਾਣਾ ਅਤੇ ਹਰਜੀਤ ਸਿੰਘ ਤਰਨਤਾਰਨ ਦੀ ਦੇਖ-ਰੇਖ ਹੇਠ ਚੋਣ ਪ੍ਰਕਿਰਿਆ ਬਹੁਤ ਅਨੁਸ਼ਾਸਿਤ ਅਤੇ ਸਹਿਜ ਢੰਗ ਨਾਲ ਸ਼ੁਰੂ ਕੀਤੀ ਗਈ ਜਿਸ ਦੌਰਾਨ ਬੀਮਾਰ, ਬਜ਼ੁਰਗ ਅਤੇ ਸਟੇਸ਼ਨ ਦੇ ਬਾਹਰੋਂ ਆਏ ਮੈਂਬਰਜ਼ ਦੀ ਸੁਵਿਧਾ ਦਾ ਖਾਸ ਧਿਆਨ ਰੱਖਿਆ ਗਿਆ।ਆਬਜ਼ਰਵਰ ਤਜਿੰਦਰ ਸਿੰਘ ਖਾਲਸਾ ਦੀ ਦੇਖ-ਰੇਖ ਹੇਠ ਹੋਈ ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣ ਦੇ ਨਤੀਜੇ ਐਲਾਨੇ ਜਾਣ ਉਪਰੰਤ ਜੇਤੂ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇੇ ਗੁਰੂ ਸਾਹਿਬ ਦੀ ਕਿਰਪਾ ਲਈ ਸ਼ੁਕਰਾਨਾ ਅਦਾ ਕੀਤਾ।
ਦੀਵਾਨ ਦੇ ਮੈਂਬਰਾਂ ਵਲੋਂ ਡਾ. ਇੰਦਰਬੀਰ ਸਿੰਘ ਨਿੱਜ਼ਰ ਨੂੰ ਜੈਕਾਰਿਆਂ ਦੀ ਗੂੰਜ਼ ਵਿਚ ਸਿਰੋਪਾਓ ਪਾ ਕੇ ਨਵੇਂ ਪ੍ਰਧਾਨ ਵਜੋਂ ਸਨਮਾਨ ਦਿੱਤਾ ਗਿਆ।ਚੀਫ ਖਾਲਸਾ ਦੀਵਾਨ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੁਨੰਗਲ ਅਤੇ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਵਲੋਂ ਵੀ ਡਾ. ਇੰਦਰਬੀਰ ਸਿੰਘ ਨਿੱਜ਼ਰ ਨੂੰ ਜਿੱਤ ਦੀ ਖੁਸ਼ੀ ਵਿਚ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਰਿਟਰਨਿੰਗ ਅਫਸਰਾਂ ਨੇ ਮੈਂਬਰ ਸਾਹਿਬਾਨ ਅਤੇ ਸਮੂਹ ਸਟਾਫ ਦਾ ਚੋਣ ਪ੍ਰਕਿਰਿਆ ਸਚਾਰੁ ਰੂਪ ਵਿਚ ਚਲਾਉਣ ਲਈ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ।
ਨਤੀਜਿਆਂ ੳਪਰੰਤ ਆਯੋਜਿਤ ਪ੍ਰੈਸ ਕਾਨਫਰੰਸ ਦੋਰਾਨ ਡਾ: ਨਿੱਜ਼ਰ ਨੇ ਪ੍ਰਧਾਨ ਵਜੋਂ ਆਪਣੀ ਸੇਵਾ ਪੂਰ੍ਰੀ ਤਨਦੇਹੀ ਨਾਲ ਨਿਭਾਉਣ ਦੀ ਗੱਲ ਕਹੀ।ਉਹਨਾਂ ਦੀਵਾਨ ਮੈਂਬਰਾਂ ਨੂੰ ਧੜੇਬੰਦੀ ਤੋਂ ੳੋਪਰ ਉਠ ਕੇ ਆਪਸੀ ਸਹਿਯੋਗ ਅਤੇ ਸਹਿਮਤੀ ਨਾਲ ਦੀਵਾਨ ਦੇ ਵਿਕਾਸ ਤੇ ਚੜ੍ਹਦੀ ਕਲਾ ਲਈ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਵਿਦਿਅਕ, ਫਾਈਨੈਂਸ, ਕਾਨੂੰਨ ਅਤੇ ਹੋਰਨਾਂ ਖੇਤਰਾਂ ਦੇ ਮਾਹਿਰ ਚੀਫ ਖਾਲਸਾ ਦੀਵਾਨ ਮੈਂਬਰਾਂ ਨੂੰ ਦੀਵਾਨ ਲਈ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦੇਣ ਦੀ ਬੇਨਤੀ ਕੀਤੀ।ੳੇੁਹਨਾਂ ਸੀ.ਕੇ.ਡੀ ਸਕੂਲ ਵਿਦਿਆਰਥੀਆਂ ਲਈ ਕਿਤਾਬਾਂ, ਯੁਨੀਫਾਰਮ ਸੱਸਤੀਆਂ ਕਰਨ ਅਤੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਲਈ ਯੋਗਤਾ ਅਨੁਸਾਰ ਫ੍ਰੀ ਵਿਦਿਆ ਦੇਣ ਦੀ ਵੀ ਗੱਲ ਕਹੀ।ੳੇਹਨਾਂ ਚੀਫ ਖਾਲਸਾ ਦੀਵਾਨ ਵਲੋਂ ਛੇਤੀ ਹੀ ਸਮੂਹ ਸੀ.ਕੇ.ਡੀ ਸਕੂਲਾਂ ਵਿੱਚ ਸੋਲਰ ਸਿਸਟਮ, ਬਰਸਾਤੀ ਪਾਣੀ ਦੀ ਸਾਂਭ ਸੰਭਾਲ, ਅਤੇ ਹਰਿਆਵਲ ਵਧਾਉਣ ਲਈ ਵਿਸ਼ੇਸ਼ ਯਤਨ ਕਰਨ ਲਈ ਕਿਹਾ।ਮੈਂਬਰ ਇੰਚਾਰਜ਼ ਮੁੱਖ ਦਫਤਰ ਸੁਖਜਿੰਦਰ ਸਿੰਘ ਪ੍ਰਿੰਸ ਨੇ ਸਮੂਹ ਮੈਂਬਰ ਸਾਹਿਬਾਨ ਦਾ ਆਪਣੀਆਂ ਕੀਮਤੀ ਵੋਟਾਂ ਰਾਹੀਂ ਡਾ: ਨਿੱਜ਼ਰ ਨੂੰ ਦੀਵਾਨ ਦੀ ਪ੍ਰਧਾਨਗੀ ਦੀ ਸੇਵਾ ਬਖਸ਼ਣ ਲਈ ਧੰਨਵਾਦ ਪ੍ਰਗਟ ਕੀਤਾ।
ਇਸ ਮੌਕੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਅਮਰਜੀਤ ਸਿੰਘ ਬਾਂਗਾ, ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠਾ, ਮੈਂਬਰ ਇੰਚਾਰਜ਼ ਮੁੱਖ ਦਫਤਰ ਸੁਖਜਿੰਦਰ ਸਿੰਘ ਪ੍ਰਿੰਸ, ਜਸਵਿੰਦਰ ਸਿੰਘ ਢਿੱਲੋਂ, ਮਨਮੋਹਨ ਸਿੰਘ, ਪ੍ਰੋ: ਹਰੀ ਸਿੰਘ, ਭਗਵੰਤ ਪਾਲ ਸਿੰਘ ਸੱਚਰ, ਜਤਿੰਦਰ ਸਿੰਘ ਭਾਟੀਆ, ਪ੍ਰਿ: ਜਗਦੀਸ਼ ਸਿੰਘ, ਡਾ: ਜਸਵਿੰਦਰ ਸਿੰਘ ਢਿੱਲੋਂ, ਬੀਬੀ ਕਿਰਨਜੋਤ ਕੌਰ, ਕੁਲਦੀਪ ਸਿੰਘ ਗਿੱਲ, ਤਰਵਿੰਦਰ ਸਿੰਘ ਚਾਹਲ, ਇੰਦਰਜੀਤ ਸਿੰਘ ਅੜੀ, ਸਰਬਜੋਤ ਸਿੰਘ, ਆਤਮਜੀਤ ਸਿੰਘ ਸਮੇਤ ਵੱਡੀ ਗਣਤੀ ‘ਚ ਮੈਂਬਰ ਸਾਹਿਬਾਨ ਹਾਜ਼ਰ ਸਨ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media