Saturday, March 7, 2026

ਡਾ. ਗੁਰਨਾਮ ਸਿੰਘ ਤੀਰ ਦੀ ਸਾਹਿਤਕ ਵਿਰਾਸਤ ਨੂੰ ਸੰਭਾਲੇਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ

ਪੰਜਾਬੀ ਵਿਅੰਗ, ਹਾਸਰਸ ਅਤੇ ਵਿਅੰਗ ਵਿੱਚ ਪ੍ਰਕਾਸ਼ਿਤ ਸਰਵੋਤਮ ਰਚਨਾ ਨੂੰ ਮਿਲੇਗਾ ਸਾਲਾਨਾ ਪੁਰਸਕਾਰ
ਅੰਮ੍ਰਿਤਸਰ, 10 ਮਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰਨਾਮ ਸਿੰਘ ਤੀਰ ਦੀਆਂ ਸਾਹਿਤਕ ਕਿਰਤਾਂ ਨੂੰ ਸੰਭਾਲਣ ਹਿਤ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ `ਚ ਇਕ ਕੇਂਦਰ ਦੀ ਸਥਾਪਨਾ ਕਰੇਗੀ।ਇਸ ਸਬੰਧੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਗੁਰਨਾਮ ਸਿੰਘ ਤੀਰ ਮੈਮੋਰੀਅਲ ਟਰੱਸਟ ਵਿਚਕਾਰ ਇਕ ਅਹਿਮ ਸਮਝੌਤਾ ਸਹੀਬੰਦ ਹੋਇਆ ਹੈ। ਇਸ ਟਰੱਸਟ ਦੇ ਮੈਂਬਰਾਂ ਵਿੱਚ ਮਰਹੂਮ ਪੰਜਾਬੀ ਨਾਵਲਕਾਰ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਸਾਹਿਤਕ ਹਲਕਿਆਂ ਦੀ ਨਾਮਵਰ ਹਸਤੀ ਉਨ੍ਹਾਂ ਦੀ ਬੇਟੀ ਸ੍ਰੀਮਤੀ ਹਰਮੋਹਨ ਕੌਰ ਸੰਧੂ ਵੀ ਸ਼ਾਮਲ ਹਨ, ਜੋ ਕਿ ਬੱਬੂ ਤੀਰ ਦੇ ਨਾਲ ਜਾਣੇ ਜਾਂਦੇ ਹਨ।
             ਡਾ. ਗੁਰਨਾਮ ਸਿੰਘ ਤੀਰ ਇੱਕ ਹਾਸਰਸ ਲੇਖਕ ਸਨ ਜੋ ਚਾਚਾ ਚੰਡੀਗੜ੍ਹੀਆ ਵਜੋਂ ਹਫ਼ਤਾਵਾਰੀ ਕਾਲਮ ਵੀ ਲਿਖਦੇ ਅਤੇ ਉਨ੍ਹਾਂ ਦੀਆਂ ਲਿਖਤਾਂ ਵਿਚ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰਾਂ ਵਿਚ ਫੈਲੀਆਂ ਬੁਰਾਈਆਂ `ਤੇ ਟਿਪਣੀਆਂ ਅਤੇ ਆਲੋਚਨਾਵਾਂ ਸ਼ਾਮਿਲ ਹੁੰਦੀਆਂ ਸਨ। ਞਲੇਖਕ, ਵਕੀਲ ਅਤੇ ਪੱਤਰਕਾਰ ਵਰਗੀਆਂ ਬਹੁਪੱਖੀ ਸਖਸ਼ੀਅਤਾਂ ਵਜੋਂ ਜਾਣੇ ਜਾਂਦੇ ਸ. ਤੀਰ 15 ਅਪ੍ਰੈਲ 1991 ਨੂੰ ਅਕਾਲ ਚਲਾਣਾ ਕਰ ਗਏ ਸਨ।ਉਹਨਾਂ ਦੀਆਂ ਕਿਤਾਬਾਂ ਵਿੱਚ ਅਕਲ ਜਾੜ੍ਹ, ਗੁਰਹਤੀ, ਅੱਧੀ ਰਾਤ ਦੀਆਂ ਹਾਕਾਂ, ਆਰਟਿਸਟ ਬੋਲੀਆ, ਮੈਨੂੰ ਮੈਥੋਂ ਬਚਾਓ, ਚਾਚਾ ਚੰਡੀਗੜ੍ਹੀਆ, ਮਿਠੀਆਂ ਪੀੜਾਂ, ਦਿੱਲੀ ਦੀ ਵਕੀਲ ਕੁੜੀ, ਗੁੰਝਲਣ,       ਛੂਹ-ਮੰਤਰ, ਨੀਰੀ ਫਰਾਹ, ਹਸਦਾ ਪੰਜਾਬ, ਹਸਦੀ ਦੁਨੀਆ, ਵਾਹੁ ਪੀਆ ਜਾਣੀਏ ਆਦਿ ਸ਼ਾਮਲ ਹਨ।
                     ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਡਾ. ਤੀਰ ਨੂੰ ਵਿਅੰਗ ਦੀ ਸੂਝ ਸੀ ਅਤੇ ਉਨ੍ਹਾਂ ਨੇ ਅਖ਼ਬਾਰਾਂ ਦੇ ਮਾਣਮੱਤੇ ਕਾਲਮਾਂ ਵਿੱਚ ਆਪਣੀਆਂ ਸ਼ਾਨਦਾਰ ਲਿਖਤਾਂ ਰਾਹੀਂ `ਚਾਚਾ ਚੰਡੀਗੜ੍ਹੀਆ` ਵਜੋਂ ਨਾਮਣਾ ਖੱਟਿਆ।ਸਮਾਜਿਕ ਬੁਰਾਈਆਂ ਖਿਲ਼ਾਫ ਉਨ੍ਹਾਂ ਨੇ ਹਾਸੋਹੀਣੀ ਲਿਖਤਾਂ ਰਾਹੀਂ ਨਵੀਂ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਬੇਟੀ ਬੱਬੂ ਤੀਰ ਨੇ ਮਹਾਨ ਪੰਜਾਬੀ ਲੇਖਕ ਅਤੇ ਸਿਆਸੀ ਦੂਰਦਰਸ਼ੀ ਦੀ ਵਿਰਾਸਤ ਨੂੰ ਸੰਭਾਲਿਆ ਹੈ।ਪ੍ਰੋ. ਸੰਧੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਲਾ, ਸੱਭਿਆਚਾਰ, ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਰਾਹੀਂ ਪੰਜਾਬ ਦੇ ਸ਼ਾਨਦਾਰ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਲਈ ਵਚਨਬੱਧ ਹੈ।ਡੀਨ ਅਕਾਦਮਿਕ ਮਾਮਲੇ. ਪ੍ਰੋ. ਸਰਬਜੋਤ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਯੂਨੀਵਰਸਿਟੀ ਇੰਡਸਟਰੀ ਲਿੰਕੇਜ ਸੈਲ ਦੇ ਡਾਇਰੈਕਟਰ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਅਤੇ ਭਾਈ ਗੁਰਦਾਸ ਲਾਇਬ੍ਰੇਰੀ ਦੇ ਇੰਚਾਰਜ਼ ਪ੍ਰੋ. ਅਮਿਤ ਕੌਟਸ ਵੀ ਹਾਜ਼ਰ ਸਨ।
             ਆਪਣੇ ਪਿਤਾ ਦੀ ਵਿਰਾਸਤ ਬਾਰੇ ਬੋਲਦਿਆਂ ਬੱਬੂ ਤੀਰ, ਜੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਵੀ ਹਨ, ਨੇ ਕਿਹਾ ਕਿ ਮੇਰੀ ਇਹ ਦਿਲੀ ਇੱਛਾ ਸੀ ਕਿ ਉਨਾਂ ਦੇ ਪਿਤਾ ਦੀਆਂ ਸਾਹਿਤਕ ਰਚਨਾਵਾਂ ਨੂੰ ਸੰਭਾਲਿਆ ਜਾਵੇ ਅਤੇ ਸਾਰਿਆਂ ਨਾਲ ਸਾਂਝਾ ਕੀਤਾ ਜਾਵੇ। ਭਾਰਤ ਅਤੇ ਵਿਦੇਸ਼ਾਂ ਵਿੱਚ ਬਹੁਤ ਸਾਰੇ ਪੰਜਾਬੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬੀ ਸਿੱਖੀ ਤਾਂ ਜੋ ਉਹ ਉਸਦੇ ਨਾਵਲ ਪੜ੍ਹ ਸਕਣ।ਇਸ ਲਈ ਇਸ ਸਥਾਪਤ ਹੋਣ ਵਾਲੇ ਕੇਂਦਰ ਜ਼ਰੀਏ ਅਸੀਂ ਉਨ੍ਹਾਂ ਦੀਆਂ ਯਾਦਗਾਰਾਂ ਰਾਹੀਂ ਸਮਾਜ ਇੱਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਾਂਗੇ।
                 ਯੂਨੀਵਰਸਿਟੀ ਇੰਡਸਟਰੀ ਲਿੰਕੇਜ ਸੈਲ ਦੇ ਡਾਇਰੈਕਟਰ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਸ ਭਾਈਵਾਲੀ ਤਹਿਤ ਖੋਜ ਅਤੇ ਅਧਿਐਨ ਦੇ ਉਦੇਸ਼ ਨਾਲ ਮਰਹੂਮ ਲੇਖਕ ਦੀਆਂ ਦੁਰਲੱਭ ਹੱਥ-ਲਿਖਤਾਂ, ਰਚਨਾਵਾਂ ਅਤੇ ਸੰਗ੍ਰਹਿ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਇਹ ਟਰੱਸਟ ਉਨ੍ਹਾਂ ਸਾਰੀਆਂ ਦੁਰਲੱਭ ਤਸਵੀਰਾਂ, ਪੁਰਸਕਾਰ, ਨਿੱਜੀ ਤੋਹਫ਼ੇ ਆਦਿ ਉਪਲੱਬਧ ਕਰਵਾਏਗਾ ਜੋ ਆਮ ਲੋਕਾਂ ਲਈ ਦਿਲਚਸਪੀ ਵਧਾਉਣਗੇ ਅਤੇ ਪੜ੍ਹਨ ਲਿਖਣ ਲਈ ਪ੍ਰੇਰਿਤ ਕਰਨਗੇ।ਇਸ ਤੋਂ ਇਲਾਵਾ, ਯੂਨੀਵਰਸਿਟੀ ਇਨ੍ਹਾਂ ਦੇ ਪ੍ਰਦਰਸ਼ਨ ਲਈ ਇੱਕ ਢੁੱਕਵਾਂ ਸਥਾਨ ਪ੍ਰਦਾਨ ਕਰੇਗੀ।ਇਸ ਤੋਂ ਇਲਾਵਾ ਯੂਨੀਵਰਸਿਟੀ ਡਾ. ਤੀਰ ਦੀਆਂ ਰਚਨਾਵਾਂ ਲਈ ਇੱਕ ਡਿਜ਼ੀਟਲ ਲਾਇਬ੍ਰੇਰੀ ਸਥਾਪਤ ਕਰਨ ਲਈ ਟਰੱਸਟ ਨਾਲ ਮਿਲ ਕੇ ਕੰਮ ਕਰੇਗੀ।ਟਰੱਸਟ ਵਲੋਂ ਯੂਨੀਵਰਸਿਟੀ ਦੇ ਸਹਿਯੋਗ ਨਾਲ ਪੰਜਾਬੀ ਵਿਅੰਗ, ਹਾਸਰਸ ਅਤੇ ਵਿਅੰਗ ਵਿੱਚ ਪ੍ਰਕਾਸ਼ਿਤ ਸਰਵੋਤਮ ਰਚਨਾ ਨੂੰ ਸਾਲਾਨਾ ਪੁਰਸਕਾਰ ਦਿੱਤਾ ਜਾਵੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …