ਅੰਮ੍ਰਿਤਸਰ, 12 ਮਈ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਪੰਜਾਬੀ ਸਾਹਿਤ ਸੰਗਮ ਵਲੋਂ ਅਰੰਭੀ “ਲੇਖਕਾਂ ਸੰਗ ਸੰਵਾਦ” ਸਮਾਗਮਾਂ ਦੀ ਲੜੀ
ਤਹਿਤ ਅੱਜ ਪੰਜਾਬੀ ਦੇ ਪ੍ਰਮੁੱਖ ਸਾਹਿਤਕਾਰ ਅਤੇ ਸ਼ਾਇਰ ਨਿਰਮਲ ਅਰਪਣ ਨਾਲ ਉਹਨਾਂ ਦੀ ਰਿਹਾਇਸ਼ ਸੰਧੂ ਕਲੋਨੀ ਵਿਖੇ ਸਾਹਿਤਕ ਸੰਵਾਦ ਰਚਾਇਆ ਗਿਆ।
ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਨਿਰਮਲ ਅਰਪਣ ਦੀਆਂ ਪੁਸਤਕਾਂ `ਖਲਨਾਇਕ, ਅਗਨੀ ਰੇਖਾ, ਵਚਿੱਤਰਾ, ਤੁਲਕਾ ਅਤੇ ਪੁੱਲ ਕੰਜ਼ਰੀ` ਦੇ ਹਵਾਲੇ ਨਾਲ ਕਿਹਾ ਕਿ ਅਰਪਣ ਸਾਹਬ ਦਾ ਜਿਥੇ ਪੰਜਾਬੀ ਸ਼ਾਇਰੀ ਵਿਚ ਮੋਹਰਲੀ ਕਤਾਰ ਦੇ ਲੇਖਕਾਂ ਵਿੱਚ ਸ਼ੁਮਾਰ ਹੈ, ਉਥੇ ਪੰਜਾਬੀ ਗਲਪ ਵਿੱਚ ਪੁੱਲ ਕੰਜ਼ਰੀ ਵਰਗੇ ਇਤਿਹਾਸਕ ਹਵਾਲੇ ਅਤੇ ਪਾਤਰ ਸਿਰਜ ਕੇ ਉਹਨਾਂ ਗੌਲਣਯੋਗ ਕੰਮ ਕੀਤਾ ਹੈ।
ਨਿਰਮਲ ਅਰਪਣ ਹੁਰਾਂ ਆਪਣੀ ਨਜ਼ਮ “ਰਾਹਾਂ ਵਿੱਚ ਭਟਕਣ ਬੀਜ਼ ਕੇ” ਰਾਹੀਂ ਆਗਾਜ਼ ਕਰਦਿਆਂ ਦੱਸਿਆ ਕਿ ਮੁਲਕ ਵੰਡ ਵਿੱਚ ਆਪਣੇ ਮਾਪਿਆਂ ਨਾਲ ਨਿਆਣੀ ਉਮਰ ਵਿੱਚ ਲਾਹੌਰੋਂ ਉਜੜ ਕੇ ਉਹਨਾਂ ਕਈ ਤਰਾਂ ਦੀਆਂ ਪਰਿਵਾਰਿਕ ਅਤੇ ਸਮਾਜਿਕ ਦੁਸ਼ਵਾਰੀਆਂ ਦੇ ਭਾਵੇਂ ਸਾਹਮਣੇ ਕੀਤਾ।ਫਿਰ ਵੀ ਦਵਿੰਦਰ ਸਥਿਆਰਥੀ, ਸੰਤ ਸਿੰਘ ਸੇਖੋਂ, ਡਾ. ਹਰਭਜਨ ਸਿੰਘ, ਡਾ. ਨੇਕੀ ਅਤੇ ਡਾ. ਨੂਰ ਵਰਗੇ ਵੱਡੇ ਸਾਹਿਤਕਾਰਾਂ ਦਾ ਸੰਗ ਸਾਥ ਉਹਨਾਂ ਲਈ ਹਮੇਸ਼ਾਂ ਪ੍ਰੇਰਣਾ ਸਰੋਤ ਬਣਿਆ ਰਿਹਾ।ਕਹਾਣੀ ਮੰਚ ਦੇ ਕਨਵੀਨਰ ਮਨਮੋਹਨ ਸਿੰਘ ਬਾਸਰਕੇ ਅਤੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਸ਼ਾਇਰ ਅਰਪਣ ਕੋਲ ਸਾਹਿਤਕ ਗੱਲ ਕਰਨ ਲਈ ਕਮਾਲ ਦਾ ਅਨੁਭਵ ਹੈ।
ੱਸਰਬਜੀਤ ਸਿੰਘ ਸੰਧੂ ਨੇ ਆਪਣੀ ਗਜ਼ਲ ਕਿ “ਬੁਰਾ ਹੈ ਜਾਂ ਭਲਾ ਹੈ ਉਹ, ਉਹਦਾ ਕਿਰਦਾਰ ਤਾਂ ਹੈ” ਨਾਲ ਆਪਣੀ ਹਾਜ਼ਰੀ ਲੁਆਈ।ਡਾ. ਮੋਹਨ ਬੇਗੋਵਾਲ ਨੇ ਆਪਣੀ ਗਜ਼ਲ “ਇਸ ਨਗਰ ਵਿੱਚ ਕੋਈ ਮਿਲੇਗਾ, ਬਾਪ ਦੇ ਕਿਰਦਾਰ ਦਾ” ਨਾਲ ਸੰਵਾਦ ਨੂੰ ਅਗੇ ਤੋਰਿਆ।ਜਿਸ ਵਿੱਚ ਸ਼ਾਇਰ ਜਗਤਾਰ ਗਿੱਲ ਨੇ ਪੰਜਾਬੀ ਦੋਹੇ ਸੁਣਾ ਕੇ ਸਾਹਿਤਕ ਮਹੌਲ ਨੂੰ ਸਿਖਰਾਂ ਤੇ ਪਹੁੰਚਾਇਆ।
ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ ਅਤੇ ਮੋਹਿਤ ਸਹਿਦੇਵ ਨੇ ਜਨਵਾਦੀ ਲੇਖਕ ਸੰਘ ਵਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸੰਵਾਦ ਲੇਖਕਾਂ ਦੀ ਲੇਖਣੀ ਅਤੇ ਸਾਹਿਤਕ ਸਾਂਝ ਨੂੰ ਹੋਰ ਪਕੇਰਾ ਕਰਦੇ ਹਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media