ਅੰਮ੍ਰਿਤਸਰ, 13 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਅਮਰੀਕਾ ਤੋਂ ਆਏ ਅਰਥ-ਸ਼ਾਸਤਰੀ ਅਤੇ ਪੰਜਾਬੀ ਸਾਹਿਤਕਾਰ ਡਾ. ਪ੍ਰੇਮ ਮਾਨ
ਅਤੇ ਬੰਬੇ ਫਿਲਮ ਇੰਡਸਟਰੀ ’ਚ ਬਤੌਰ ਰਾਈਟਰ ਕੰਮ ਕਰ ਰਹੇ ਅਮਰੀਕ ਗਿੱਲ ਦਾ ਰੂ-ਬ-ਰੂ ਕਰਵਾਇਆ ਗਿਆ।ਦੋਵਾਂ ਸ਼ਖਸੀਅਤਾਂ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਦੋਵੇਂ ਹਸਤੀਆਂ ਪੰਜਾਬ ਤੋਂ ਬਾਹਰ ਰਹਿ ਕੇ ਪੰਜਾਬੀਅਤ ਦਾ ਪਾਸਾਰ ਕਰ ਰਹੀਆਂ ਹਨ।ਉਹਨਾਂ ਕਿਹਾ ਕਿ ਡਾ. ਮਾਨ ਬਲਵੰਤ ਗਾਰਗੀ ਤੋਂ ਬਾਅਦ ਦੂਸਰੀ ਸਾਹਿਤਕ ਹਸਤੀ ਹਨ, ਜੋ ਵਿਦੇਸ਼ੀਆਂ ਨੂੰ ਪੜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਅਮਰੀਕ ਗਿੱਲ ਨੇ ਪੰਜਾਬੀਆਂ ਨੂੰ ਨਵੇਂ ਆਸਮਾਨ ਤੋਂ ਵਾਕਫ ਕਰਾਇਆ ਹੈ।
ਡਾ. ਮਾਨ ਨੇ ਕਿਹਾ ਕਿ ਉਹ ਇਕਨਾਮਿਕਸ ਵਿਸ਼ੇ ਵਿਚ ਪੀ.ਐਚ.ਡੀ. ਕਰਨ ਇੰਗਲੈਂਡ ਗਏ ਸਨ।ਫਿਰ ਅਮਰੀਕਾ ਦੇ ਨਾਗਰਿਕ ਬਣ ਗਏ ਜਿਥੇ ਉਹਨਾਂ 25 ਸਾਲ ਅਧਿਆਪਕ ਅਤੇ ਵਿਭਾਗ ਦੇ ਮੁੱਖੀ ਵਜੋਂ ਸੇਵਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਉਹ ਅਧਿਆਪਨ ਕਾਰਜ਼ ਤੋਂ ਪਹਿਲਾਂ ਜਦੋਂ ਪੰਜਾਬ ਵਿਚ ਪੜ੍ਹਦੇ ਸਨ, ਉਦੋਂ ਹੀ ਸਾਹਿਤ ਰਚਨਾ ਕਰਨ ਲੱਗ ਪਏ ਸਨ ਤੇ ਹੁਣ ਅਧਿਆਪਨ ਕਾਰਜ਼ ਤੋਂ ਮੁਕਤ ਹੋ ਕੇ ਉਹ ਫਿਰ ਸਾਹਿਤ ਰਚਨਾ ਵੱਲ ਪਰਤ ਕੇ ਉਹਨਾਂ ਨੇ ਆਪਣੇ ਵਿਸ਼ੇ ਦੀਆਂ ਹੀ ਪੁਸਤਕਾਂ ਲਿਖੀਆਂ ਸਨ।’ਅੰਦਰੇਟੇ ਦਾ ਜੋਗੀ’ ਉਹਨਾਂ ਦੀ ਰੇਖਾ-ਚਿੱਤਰਾਂ ਦੀ ਪੁਸਤਕ ਹੈ ਜਿਸ ਦਾ ਦੂਸਰਾ ਐਡੀਸ਼ਨ ਏਥੇ ਲੋਕ-ਅਰਪਣ ਕੀਤਾ ਗਿਆ।
ਉਨਾਂ ਦੱਸਿਆ ਕਿ 1947 ਦੀ ਵੰਡ ਦੌਰਾਨ ਹੋ ਰਹੀ ਲੁੱਟ ਮਾਰ ਦੌਰਾਨ ਪਾਕਿਸਤਾਨ ਵਿਚੋਂ ਪਰਤਦਿਆਂ ਉਨ੍ਹਾਂ ਦਾ ਜਨਮ ਹੋਇਆ ਸੀ।ਉਨ੍ਹਾਂ ਦਾ ਪਰਿਵਾਰ ਹੁਸ਼ਿਆਰਪੁਰ ਜਿਲੇ ਵਿੱਚ ਵੱਸਿਆ ਜਿਥੇ ਉਨ੍ਹਾਂ ਦੀ ਮਾਂ ਨਾਲ ਸਹੁਰੇ ਪਰਿਵਾਰ ਵਲੋਂ ਬੜਾ ਮਾੜਾ ਸਲੂਕ ਹੋਇਆ।ਜਿਸ ਦਾ ਉਹਨਾਂ ਦੀ ਮਾਨਸਿਕਤਾ ਤੇ ਗਹਿਰਾ ਅਸਰ ਹੋਇਆ।ਉਹ ਬਿਨਾਂ ਕਿਸੇ ਸਾਜ਼ ਸਮਾਨ ਦੇ ਬੰਬੇ ਫਿਲਮ ਇੰਡਸਟਰੀ ਵਿੱਚ ਆਪਣਾ ਜੀਵਨ ਬਣਾਉਣ ਗਏ ਜਿਥੇ ਉਨ੍ਹਾਂ ਨੂੰ ਮੁੱਢਲੇ ਸਾਲਾਂ ਵਿੱਚ ਬਹੁਤ ਸੰਘਰਸ਼ ਕਰਨਾ ਪਿਆ।ਫਿਰ ਉਹ ਬਤੌਰ ਰਾਈਟਰ ਅਤੇ ਡਾਇਲਾਗ ਰਾਈਟਰ ਸਥਾਪਤ ਹੋ ਗਏ।ਉਨ੍ਹਾਂ ਕਿਹਾ ਕਿ ਰਾਈਟਰ ਬਣਨ ਲਈ ਲਿਟਰੇਚਰ ਅਤੇ ਵਿਸ਼ੇਸ਼ ਕਰਕੇ ਡਰਾਮਾ ਪੜ੍ਹਨਾ ਬਹੁਤ ਜਰੂਰੀ ਹੈ।
ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਪੰਜਾਬੀ ਸਾਹਿਤਕਾਰਾਂ ਦਾ ਸਵਾਗਤ ਕਰਨ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ।ਉਹਨਾਂ ਨੇ ਸ਼ਹਿਰ ਤੋਂ ਵਿਸ਼ੇਸ਼ ਤੌਰ ਤੇ ਆਏ ਪ੍ਰਸਿੱਧ ਕਹਾਣੀਕਾਰਾ ਡਾ. ਸਰਘੀ, ਅਰਤਿੰਦਰ ਸੰਧੂ ਸੰਪਾਦਕ ਏਕਮ, ਵਿਸ਼ਾਲ ਸੰਪਾਦਕ ਅੱਖਰ, ਪੰਜਾਬੀ ਫਿਲਮ ਅਦਾਕਾਰ ਹਰਦੀਪ ਗਿੱਲ, ਫੋਟੋਗ੍ਰਾਫਰ ਸੰਦੀਪ ਸਿੰਘ, ਗੀਤਕਾਰ ਹਰਿੰਦਰ ਸੋਹਲ, ਵਾਰਤਕਕਾਰ ਜੋਤੀ ਬਾਵਾ ਅਤੇ ਹੋਰ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਹੀਰਾ ਸਿੰਘ, ਡਾ. ਹਰਜੀਤ ਕੌਰ ਨੇ ਵਿਚਾਰ ਚਰਚਾ ਵਿਚ ਹਿੱਸਾ ਲਿਆ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media