ਅੰਮ੍ਰਿਤਸਰ, 17 ਮਈ (ਜਗਦਪਿ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੀ ਮਾਸਿਕ ਇਕੱਤਰਤਾ ਹਰਦੀਪ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਅਸ਼ੋਕਾ ਸੀਨੀਅਰ
ਸੈਕੰਡਰੀ ਸਕੂਲ ਵਿਖੇ ਹੋਈ।ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਦੱਸਿਆ ਕਿ ਕੇਵਲ ਆਪ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜ਼ਰ ਹੀ ਖੁਦ ਸ਼ਹਿਰ ਵਾਸੀਆਂ ਦੇ ਮਸਲੇ ਸੁਣਨ ਲਈ ਫੋਨ ਚੁੱਕਦੇ ਹਨ, ਜਦਕਿ ਬਾਕੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੇ ਇਸ ਕੰਮ ਲਈ ਆਪਣੇ ਸਹਾਇਕਾਂ ਨੂੰ ਅਧਿਕਾਰਤ ਕੀਤਾ ਹੈ।ਜਿਸ ਦੀ ਮਰਜ਼ੀ ਹੈ ਕਿ ਉਹ ਲੋੜਵੰਦਾਂ ਦੀ ਵਿਧਾਇਕ ਨਾਲ ਤੁਰੰਤ ਕਰਵਾਵੇ ਜਾਂ ਦੋ ਦਿਨ ਬਾਅਦ।ਉਨ੍ਹਾਂ ਵਿਧਾਇਕਾਂ ਨੂੰ ਬੇਨਤੀ ਕੀਤੀ ਕਿ ਉਹ ਖੁਦ ਸ਼ਹਿਰ ਵਾਸੀਆਂ ਦੇ ਫੋਨ ਸੁਣਨ ਅਤੇ ਸਮੱਸਿਆਵਾਂ ਦਾ ਹੱਲ ਕਰਨ ਦੀ ਖੇਚਲ ਕਰਨ।
ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਗਿਲਾ ਕੀਤਾ ਕਿ ਉਹ ਕਾਫ਼ੀ ਚਿਰ ਤੋਂ ਅਵਾਰਾ ਕੁੱਤਿਆਂ, ਰੇਤ ਬੱਜ਼ਰੀ ਅਤੇ ਹੋਰ ਸਮਾਨ ਢੋਂਦੀਆਂ ਗ਼ੈਰ ਕਾਨੂੰਨੀ ਟਰਾਲੀਆਂ ਦੀਆਂ ਗੰਭੀਰ ਸਮੱਸਿਆਵਾਂ ਪ੍ਰਸਾਸ਼ਨ ਦੇ ਜਿੰਮੇਵਾਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਖਤੀ ਰੂਪ ‘ਚ ਲਿਆ ਚੁੱਕੇ ਹਨ, ਪਰ ਕੋਈ ਹੱਲ ਨਹੀਂ ਹੋਇਆ।ਸੁਰਿੰਦਰ ਕੋਛੜ ਨੇ ਦੱਸਿਆ ਕਿ ਅਰਬਨ ਹਾਟ ਅਤੇ ਟਾਊਨ ਹਾਲ ਸਥਿਤ ਫੂਡ ਸਟਰੀਟ (ਭੋਜਨ ਬਜ਼ਾਰ) ਮੁੱਖ ਤੌਰ ‘ਤੇ ਇਸ ਕਰਕੇ ਲੋਕਾਂ ਵਿੱਚ ਸਫ਼ਲ ਨਹੀਂ ਹੋ ਸਕੇ, ਕਿਉਂਕਿ ਇਨ੍ਹਾਂ ਸਥਾਨਾਂ ‘ਤੇ ਸਥਾਨਿਕ ਪ੍ਰਚਲਤ ਅਤੇ ਸਵਾਦਿਸ਼ਟ ਭੋਜਨ ਦੀ ਥਾਂ ਤੇ ਅੰਤਰਰਾਸ਼ਟਰੀ ਭੋਜਨ ਬਰੈਡਾਂ ਨੂੰ ਤਰਜ਼ੀਹ ਦਿੱਤੀ ਗਈ, ਜਦਕਿ ਜਿਸ ਲਾਹੌਰ ਫੂਡ ਸਟਰੀਟ ਦੀ ਤਰਜ਼ ‘ਤੇ ਇਨ੍ਹਾਂ ਭੋਜਨ ਬਜ਼ਾਰਾਂ ਦਾ ਸੰਕਲਪ ਉਭਾਰਿਆ ਸੀ, ਜਿਥੇ ਸਥਾਨਕ ਭੋਜਨ ਆਈਟਮਾਂ ਹੀ ਪ੍ਰਚਲਿਤ ਹਨ।ਉਨ੍ਹਾਂ ਸੁਝਾਅ ਦਿੱਤਾ ਕਿ ਇਨ੍ਹਾਂ ਭੋਜਨ ਬਜ਼ਾਰਾਂ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਨਾਉਣ ਲਈ ਸਥਾਨਕ ਪ੍ਰਚਲਿਤ ਅਤੇ ਸਵਾਦਿਸ਼ਟ ਭੋਜਨ ਦੀਆਂ ਦੁਕਾਨਾਂ ਨੂੰ ਪਹਿਲ ਦਿੱਤੀ ਜਾਵੇ।
ਇੰਜ. ਦਲਜੀਤ ਸਿੰਘ ਕੋਹਲੀ ਨੇ ਵਿਰਾਸਤੀ ਮਾਰਗ ‘ਤੇ ਰੇਹੜ੍ਹੀਆਂ, ਵਾਹਨਾਂ, ਮੰਗਤਿਆਂ ਅਤੇ ਨਜਾਇਜ਼ ਕਬਜ਼ਿਆਂ ਪ੍ਰਤੀ ਨਗਰ ਨਿਗਮ ਦੇ ਜਿੰਮੇਵਾਰ ਅਧਿਕਾਰੀਆਂ ਦੀ ਪਹੁੰਚ ਦੀ ਅਲੋਚਨਾ ਕੀਤੀ।
ਮਾਈਕਲ ਰਾਹੁਲ ਨੇ ਪੰਜਾਬ ਸਰਕਾਰ, ਜਿਲ੍ਹਾ ਪ੍ਰਸਾਸ਼ਨ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਅਗਾਊਂ ਸੁਚੇਤ ਕੀਤਾ ਕਿ ਸੰਨ 2027 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦਾ 450ਵਾਂ ਸਥਾਪਨਾ ਦਿਵਸ ਆ ਰਿਹਾ ਹੈ।ਗੁਰੂ ਨਗਰੀ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਪੱਧਰ ਦਾ ਆਧੁਨਿਕ ਅਤੇ ਸਹੁਲਤਾਂ ਨਾਲ ਲੈਸ ਕਰਨ ਲਈ ਹੁਣ ਤੋਂ ਹੀ ਯੋਜਨਾਵਾਂ ਉਲੀਕੀਆਂ ਜਾਣ।ਮਨਮੋਹਣ ਸਿੰਘ ਬਰਾੜ ਨੇ ਆਸ ਪ੍ਰਗਟਾਈ ਕਿ ਸਮੀਪ ਸਿੰਘ ਗੁਮਟਾਲਾ, ਅਨੰਤਦੀਪ ਸਿੰਘ ਢਿੱਲੋਂ, ਮਾਈਕਲ, ਯੋਗੇਸ਼ ਕਾਮਰਾ ਅਤੇ ਰਵਰੀਤ ਸਿੰਘ ਆਦਿ ਮੰਚ ਮੈਂਬਰਾਂ ਦੀਆਂ ਕੋਸ਼ਿਸ਼ਾਂ ਸਦਕਾ ਅੰਮ੍ਰਿਤਸਰ-ਟਰਾਂਟੋ, ਅੰਮ੍ਰਿਤਸਰ-ਵੈਨਕੂਵਰ ਸਿੱਧੀਆਂ ਹਵਾਈ ਉਡਾਣਾਂ ਜਲਦ ਸ਼ੁਰੂ ਹੋ ਜਾਣਗੀਆਂ।ਜਸਪਾਲ ਸਿੰਘ ਨੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਕਿਸੇ ਢੁੱਕਵੇਂ ਸਥਾਨ ‘ਤੇ ਤਬਦੀਲ ਕਰਨ ਦੀ ਮੰਗ ਕੀਤੀ।ਜਨਰਲ ਸਕੱਤਰ ਰਾਜਵਿੰਦਰ ਸਿੰਘ ਗਿੱਲ ਨੇ ਸਟੇਜ਼ ਚਲਾਉਣ ਦੇ ਨਾਲ-ਨਾਲ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਸੁਰਿੰਦਰ ਜੀਤ ਸਿੰਘ ਬਿੱਟੂ ਨੇ ਭਗਤਾਂਵਾਲਾ ਡੰਪ ਨੂੰ ਸ਼ਹਿਰੋਂ ਬਾਹਰ ਤਬਦੀਲ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ।ਗਿਆਨ ਸਿੰਘ ਸੱਗੂ ਨੇ ਅੰਮ੍ਰਿਤਸਰ ਤੋਂ ਬੰਗਲੂਰੂ ਤੇ ਚੇਨਈ ਆਦਿ ਸ਼ਹਿਰਾਂ ਨੂੰ ਰੇਲ ਗੱਡੀਆਂ ਸ਼ੁਰੂ ਕਰਨ ‘ਤੇ ਜ਼ੋਰ ਦਿੱਤਾ।ਜਤਿੰਦਰਪਾਲ ਸਿੰਘ ਨੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਪਲਾਸਟਿਕ ਮੁਕਤ ਕਰਨ ਲਈ ਸਰਕਾਰ ਅਤੇ ਪ੍ਰਸਾਸ਼ਨ ਤੋਂ ਮੰਗ ਰੱਖੀ।
Punjab Post Daily Online Newspaper & Print Media