Thursday, March 12, 2026

ਠੇਕੇਦਾਰਾਂ ਵਲੋਂ ਕੀਤੀ ਜਾਂਦੀ ਲੁੱਟ ਦੇ ਵਿਰੋਧ ‘ਚ ਮੇਲਾ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ

ਮੇਲਿਆਂ ਵਿੱਚ ਜਗ੍ਹਾ ਦੇ ਕਿਰਾਏ `ਤੇ ਨਾਂਅ `ਤੇ ਮਾਫੀਆ ਦੇ ਸ਼ਿਕਾਰ ਹੋ ਰਹੇ ਨੇ ਗਰੀਬ ਦੁਕਾਨਦਾਰ – ਬੱਗਾ ਕਾਕੜਾ

ਸੰਗਰੂਰ, 24 ਮਈ (ਜਗਸੀਰ ਲੌਂਗੋਵਾਲ)- ਪੰਜਾਬ ਵਿੱਚ ਵੱਖ-ਵੱਖ ਧਾਰਮਿਕ ਸਥਾਨਾਂ `ਤੇ ਲੱਗਣ ਵਾਲੇ ਮੇਲਿਆਂ ਦੌਰਾਨ ਛੋਟੀਆਂ-ਛੋਟੀਆਂ ਦੁਕਾਨਾਂ ਤੇ ਸਟਾਲਾਂ ਲਾ ਕੇ ਮੇਲਿਆਂ ਦੀ ਸ਼ੋਭਾ ਵਧਾਉਣ ਵਾਲੇ ਮੇਲਾ ਮਜ਼ਦੂਰਾਂ ਦੀ ਜਥੇਬੰਦੀ ਮੇਲਾ ਮਜ਼ਦੂਰ ਸੰਘਰਸ਼ ਕਮੇਟੀ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਜਿਲ੍ਹਾ ਪ੍ਰਧਾਨ ਬੱਗਾ ਸਿੰਘ ਕਾਕੜਾ, ਜਿਲ੍ਹਾ ਮਾਨਸਾ ਦੇ ਪ੍ਰਧਾਨ ਰਾਣਾ ਸਿੰਘ, ਜਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਸੇਵਕ ਸਿੰਘ, ਮਾਲੇਰਕੋਟਲਾ ਦੇ ਪ੍ਰਧਾਨ ਕਾਲਾ ਦੁਗਨੀ ਅਤੇ ਸ਼ਿੰਗਾਰਾ ਸਿੰਘ ਮਾਨਸਾ ਦੀ ਸਾਂਝੀ ਅਗਵਾਈ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬੱਗਾ ਸਿੰਘ ਕਾਕੜਾ ਨੇ ਕਿਹਾ ਕਿ ਮੇਲਿਆਂ ਵਿੱਚ ਅਸਥਾਈ ਤੌਰ `ਤੇ ਲੱਗਣ ਵਾਲੀਆਂ ਦੁਕਾਨਾਂ ਦੇ ਕਿਰਾਏ ਦੇ ਨਾਂਅ `ਤੇ ਮੇਲਾ ਠੇਕੇਦਾਰਾਂ ਵਲੋਂ ਗਰੀਬ ਦੁਕਾਨਦਾਰਾਂ ਦੀ ਭਾਰੀ ਲੁੱਟ ਕੀਤੀ ਜਾਂਦੀ ਹੈ।ਕਈ ਥਾਵਾਂ `ਤੇ ਤਾਂ ਹਜ਼ਾਰਾਂ ਰੁਪਏ ਫੁੱਟ ਦੇ ਹਿਸਾਬ ਨਾਲ ਲਏ ਜਾਂਦੇ ਹਨ।ਭਾਵ ਜੇ ਕਿਸੇ ਨੂੰ ਇੱਕ ਮੰਜ਼ੇ ਜਿੰਨੀ ਵੀ ਜਗ੍ਹਾ ਆਪਣੀ ਦੁਕਾਨ ਲਾਉਣ ਲਈ ਚਾਹੀਦੀ ਹੈ ਤਾਂ ਉਸ ਨੂੰ ਇੱਕ ਦਿਨ ਦੇ ਹਜਾਰਾਂ ਰੁਪਏ ਕਿਰਾਏ ਦੇ ਰੂਪ ਵਿੱਚ ਦੇਣੇ ਪੈਣਗੇ।ਮੇਲਾ ਠੇਕੇਦਾਰਾਂ ਦੀ ਇਸ ਧੱਕੇਸ਼ਾਹੀ ਦਾ ਖਾਮਿਆਜ਼ਾ ਗਰੀਬ ਦੁਕਾਨਦਾਰਾਂ ਅਤੇ ਮੇਲਿਆਂ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।ਮੇਲੇ ਵਿੱਚ ਦੁਕਾਨਾਂ ਲਾਉਣ ਵਾਲੇ ਗਰੀਬ ਲੋਕਾਂ ਤੋਂ ਜੇ ਇਨ੍ਹਾਂ ਜਿਆਦਾ ਕਿਰਾਇਆ ਵਸੂਲਿਆ ਜਾਵੇਗਾ ਤਾਂ ਉਨ੍ਹਾਂ ਨੂੰ ਮਜ਼ਬੂਰੀਵਸ ਸਾਮਾਨ ਮਹਿੰਗਾ ਵੇਚਣਾ ਪਵੇਗਾ, ਜਿਸ ਦਾ ਅਸਰ ਮੇਲਿਆਂ `ਚ ਆਉਣ ਵਾਲੀ ਪਬਲਿਕ `ਤੇ ਪੈਂਦਾ ਹੈ।ਮੇਲਿਆਂ ਵਿੱਚ ਚੀਜ਼ਾਂ ਦੇ ਰੇਟ ਜਿਆਦਾ ਹੋਣ ਕਰਕੇ ਦੁਕਾਨਾਦਾਰਾਂ ਦੀ ਵਿਕਰੀ ਵੀ ਘੱਟ ਹੁੰਦੀ ਹੈ।ਸ਼ਿੰਗਾਰਾ ਸਿੰਘ ਮਾਨਸਾ, ਰਾਣਾ ਸਿੰਘ, ਗੁਰਸੇਵਕ ਸਿੰਘ ਅਤੇ ਕਾਲਾ ਸਿੰਘ ਨੇ ਕਿਹਾ ਕਿ ਧਾਰਮਿਕ ਸਥਾਨਾਂ `ਤੇ ਲੱਗਣ ਵਾਲਿਆਂ ਮੇਲਿਆਂ `ਤੇ ਦੁਕਾਨਦਾਰਾਂ ਦੀ ਹੋਣ ਵਾਲੀ ਅੰਨੇਵਾਹ ਲੁੱਟ ਨੂੰ ਰੋਕਣ ਲਈ ਇਕਜੁੱਟ ਹੋ ਕੇ ਸੰਘਰਸ਼ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਉਹ ਮੇਲਾ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਹੁਣ ਤੱਕ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਚੁੱਕੇ ਹਨ ਅਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਚਿੱਠੀ ਲਿਖ ਚੁੱਕੇ ਹਨ, ਪਰ ਹਾਲੇ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪ੍ਰਸਾਸ਼ਨ ਅਤੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ ਅਤੇ ਆਪਣੇ ਹੱਕ ਮਿਲਣ ਤੱਕ ਸੰਘਰਸ਼ ਜਾਰੀ ਰੱਖਣਗੇ।

                ਇਸ ਮੌਕੇ ਪ੍ਰੈਸ ਸਕੱਤਰ ਰਾਜ ਸਿੰਘ ਢੰਡੋਲੀ, ਸਿਕੰਦਰ ਰੋਗਲਾ, ਅਵਤਾਰ ਕਾਕੜਾ, ਮਨਜੀਤ ਸ਼ੇਰੋਂ, ਭੋਲਾ ਛਾਜ਼ਲੀ, ਜਗਤਾਰ ਨਾਗਰਾ, ਬਹਾਦਰ ਢੰਡੋਲੀ, ਹਰਪ੍ਰੀਤ ਸਿੰਘ ਚਮਕੀਲਾ ਆਦਿ ਵੀ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …