ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਜਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਾਰਪੋਰੇਸ਼ਨ
ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਵੇਂ ਹਸਪਤਾਲਾਂ ਤੋਂ ਬਾਇਓ ਮੈਡੀਕਲ ਵੇਸਟ ਇਕੱਠਾ ਕਰਨ ਦਾ ਪ੍ਰਬੰਧ ਹੈ, ਉਸੇ ਤਰਜ਼ ‘ਤੇ ਘਰਾਂ ਤੋਂ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਨ ਦੇ ਨਾਲ-ਨਾਲ ਅਜਿਹੇ ਕੂੜੇ ਨੂੰ ਵੱਖਰੇ ਤੌਰ ‘ਤੇ ਇਕੱਠਾ ਕਰਨ ਦੇ ਪ੍ਰਬੰਧ ਕੀਤੇ ਜਾਣ।ਉਨਾਂ ਕਿਹਾ ਕਿ ਅੱਜ ਆਮ ਘਰਾਂ ਵਿਚ ਸ਼ੂਗਰ ਚੈਕ ਕਰਨ ਲਈ ਵਰਤੇ ਜਾਂਦੇ ਸਾਧਨ, ਇਨਸਾਨਾਂ ਤੇ ਪਾਲੂਤ ਜਾਨਵਰਾਂ ਨੂੰ ਲਗਾਏ ਜਾਂਦੇ ਇੰਜੈਕਸ਼ਨ, ਮਿਆਦ ਪੁਗਾ ਚੁੱਕੀਆਂ ਦਵਾਈਆਂ, ਸ਼ੇਵਿੰਗ ਕਿੱਟਾਂ ਦੇ ਵਰਤੇ ਬਲੇਡ ਅਤੇ ਹੋਰ ਅਜਿਹੇ ਪਦਾਰਥਾਂ ਦਾ ਕੂੜਾ ਮਿਲਦਾ ਹੈ, ਜਿਸ ਨੂੰ ਸੁੱਕੇ ਕੂੜੇ ਨਾਲ ਇਕੱਠਾ ਨਹੀਂ ਕੀਤਾ ਜਾਣਾ ਚਾਹੀਦਾ, ਬਲਕਿ ਇਹ ਕੂੜਾ ਬਾਇਓ ਮੈਡੀਕਲ ਵੇਸਟ ਨੂੰ ਸਮੇਟਣ ਵਾਲੇ ਪਲਾਂਟ ਤੱਕ ਜਾਣਾ ਚਾਹੀਦਾ ਹੈ।ਸੂਦਨ ਨੇ ਇਸ ਲਈ ਸ਼ਹਿਰ ਦੇ ਕਿਸੇ ਇਕ ਇਲਾਕੇ ਵਿਚੋਂ ਟਰਾਇਲ ਕਰਨ ਦੀ ਹਦਾਇਤ ਕੀਤੀ।
ਮੀਟਿੰਗ ਦੌਰਾਨ ਸੜਕਾਂ ਅਤੇ ਹੋਰ ਜਨਤਕ ਥਾਵਾਂ ਤੋਂ ਵਿਕਾਸ ਦੇ ਨਾਮ ‘ਤੇ ਪੁੱਟੇ ਜਾਂਦੇ ਦਰਖ਼ਤਾਂ ਦਾ ਗੰਭੀਰ ਨੋਟਿਸ ਲੈਂਦੇ ਸੂਦਨ ਨੇ ਕਿਹਾ ਕਿ ਅਜਿਹੇ ਦਰੱਖਤ, ਜੋ ਇਕ ਸਥਾਨ ਤੋਂ ਦੂਸਰੇ ਸਥਾਨ ‘ਤੇ ਅਸਾਨੀ ਨਾਲ ਤਬਦੀਲ ਕੀਤੇ ਜਾ ਸਕਦੇ ਹਨ, ਨੂੰ ਪੁੱਟਿਆ ਨਾ ਜਾਵੇ। ਉਨਾਂ ਕਿਹਾ ਕਿ ਅਜਿਹਾ ਕਰਕੇ ਅਸੀਂ ਸ਼ਹਿਰ ਦੀ ਹਰਿਆਵਲ ਖਤਮ ਕਰਕੇ ਆਕਸੀਜਨ ਦੇਣ ਵਾਲੇ ਸੋਮਿਆਂ ਨੂੰ ਖਤਮ ਕਰ ਰਹੇ ਹਾਂ, ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਡਿਪਟੀ ਕਮਿਸ਼ਨਰ ਨੇ ਇੱਬਣ ਵਿਖੇ ਲੱਗੇ ਸੀਵਰੇਜ਼ ਟਰੀਮਟਮੈਂਟ ਪਲਾਂਟ ਵਿਚੋਂ ਨਿਕਲਦੇ ਵਾਧੂ ਪਾਣੀ ਨੂੰ ਡਰੇਨ ਵਿਚ ਸੁੱਟਣ ਦੀ ਥਾਂ ਇਸ ਨੂੰ ਖੇਤਾਂ ਵਿਚੱ ਸਿੰਚਾਈ ਲਈ ਵਰਤੋਂ ਕਰਨ ਦੇ ਪ੍ਰਬੰਧ ਕਰਨ ਲਈ ਕਿਹਾ। ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਰਹੇ ਤੁੰਗ ਢਾਬ ਡਰੇਨ ਵਿੱਚ ਸੁੱਟੇ ਜਾ ਰਹੇ ਡੇਅਰੀਆਂ ਅਤੇ ਕਾਰਖਾਨਿਆਂ ਦੇ ਵਾਧੂ ਪਾਣੀ ਦੇ ਪ੍ਰਬੰਧ ਲਈ ਵਿਉਂਤਬੰਦੀ ਕਰਦੇ ਡਿਪਟੀ ਕਮਿਸ਼ਨਰ ਨੇ ਗੋਬਰ ਪ੍ਰਬੰਧਨ ਲਈ ਬੈਕਟੀਰੀਆ ਅਧਾਰਿਤ ਪ੍ਰਬੰਧ ਅਜ਼ਮਾਉਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ।ਉਨਾਂ ਕਿਹਾ ਕਿ ਪਾਣੀ ਦੇ ਸਾਧਨਾਂ ਨੂੰ ਢੱਕਣਾ ਜਾਂ ਪਾਇਪ ਪਾ ਕੇ ਅੱਗੇ ਲੈ ਜਾਣਾ, ਕੋਈ ਸਹੀ ਪ੍ਰਬੰਧ ਨਹੀਂ ਹੈ, ਇਸ ਲਈ ਪਾਣੀ ਨੂੰ ਸਾਫ ਕਰਨ ਤੇ ਇਸ ਪਾਣੀ ਦੀ ਖੇਤੀ ਲਈ ਵਰਤੋਂ ਕਰਨ ਦੀ ਯੋਜਨਾ ਤਿਆਰ ਕੀਤੀ ਜਾਵੇ।
ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸੰਜੀਵ ਸ਼ਰਮਾ, ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਹਰਪਾਲ ਸਿੰਘ, ਸਿਵਲ ਸਰਜਨ ਡਾ. ਚਰਨਜੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media