ਵਿਦਿਆਰਥੀ ਨੂੰ ਹੁਨਰ ਕਿੱਤੇ ਵਜੋਂ ਅਪਨਾਉਣਾ ਚਾਹੀਦਾ ਹੈ – ਵਿਧਾਇਕਾ ਸ਼੍ਰੀਮਤੀ ਜੀਵਨਜੋਤ ਕੋਰ
ਅੰਮ੍ਰਿਤਸਰ, 29 ਮਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਤਿਆਰ ਕੀਤੇ ਗਏ
ਵੱਖ-ਵੱਖ ਪ੍ਰਕਾਰ ਦੇ ਗਾਰਮੈਂਟ ਅਤੇ ਹੋਰ ਵਸਤੂਆਂ ਦੀ ਪੰਜ-ਰੋਜ਼ਾ ਵਿਸ਼ਾਲ ਪ੍ਰਦਰਸ਼ਨੀ ‘ਹੁਨਰ-ਹਟ’ ਦਾ ਉਦਘਾਟਨ ਮੁੱਖ ਮਹਿਮਾਨ ਐਮ.ਐਲ.ਏ ਸ਼੍ਰੀਮਤੀ ਜੀਵਨਜੋਤ ਕੌਰ ਵੱਲੋਂ ਕੀਤਾ ਗਿਆ।
ਉਪ-ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ, ਪੋ੍. ਸਰਬਜੋਤ ਸਿੰਘ ਬਹਿਲਞ ਡੀਨ ਵਿਦਿਅਕ ਮਾਮਲੇ, ਪੋ੍ਰ. ਕਰਨਜੀਤ ਸਿੰਘ ਕਾਹਲੋਂ, ਰਜਿਸਟਰਾਰ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਵਿਭਾਗ ਦੇ ਡਾਇਰੈਕਟਰ ਪੋ੍ਰ. ਸਰੋਜ਼ ਬਾਲਾ ਵੱਲੋਂ ਮੁੱਖ ਮਹਿਮਾਨ ਦਾ ਸਵਾਗਤ ਫੁੱਲਾਂ ਨਾਲ ਕਰਨ ਉਪਰੰਤ ਸ਼ਮਾ ਰੋਸ਼ਨ ਕੀਤੀ ਗਈ।
ਸ਼੍ਰੀਮਤੀ ਜੀਵਨਜੋਤ ਕੌਰ ਨੇ ਯੂਨੀਵਰਸਿਟੀ ਵੱਲੋਂ ਸਵੈ-ਰੁਜ਼ਗਾਰ ਪੈਦਾ ਕਰਨ ਵਾਲੇ ਇਸ ਉਪਰਾਲੇ ਦੀ ਸ਼ਲ਼ਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਇਸ ਵਿਭਾਗ ਵਿਚ ਸਿਖਲਾਈ ਲੈ ਕੇ ਵਿਦਿਆਰਥੀ ਆਪਣਾ ਰੋਜ਼ਗਾਰ ਜਾਂ ਵਪਾਰ ਆਪ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਜਦੋਂ ਹੁਨਰ ਕਿੱਤਾ ਬਣ ਜਾਵੇਂ ਤਾਂ ਕਿਸੇ ਵੀ ਮਨੁੱਖ ਦੀ ਆਰਥਿਕ, ਸਮਾਜਿਕ ਅਤੇ ਸਖਸ਼ੀ ਤਰੱਕੀ ਹੋਣੀ ਲਾਜ਼ਮੀ ਹੈ।ਉਨ੍ਹਾਂ ਵਿਦਿਆਰਥੀਆਂ ਦੁਆਰਾ ਕੀਤੇ ਗਏ ਕੰਮਾਂ ਨੂੰ ਬਹੁਤ ਪਸੰਦ ਕੀਤਾ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਹੁਨਰ ਵਿੱਚ ਨਿਪੁੰਨਤਾ ਲਿਆਉਂਦੇ ਹੋਏ ਇਸ ਆਪਣੀ ਆਰਥਿਕ ਖੁਸ਼ਹਾਲੀ ਲਈ ਵਰਤਣ।
ਪ੍ਰੋ. ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਲਾਈਫ ਲੌਂਗ ਲਰਨਿੰਗ ਵਿਭਾਗ ਇਕ ਅਜਿਹਾ ਵਿਭਾਗ ਹੈ ਜਿਸ ਤੋਂ ਅਸੀਂ ਪ੍ਰੇਰਨਾ ਹਾਸਲ ਕਰ ਸਕਦੇ ਹਾਂ ਕਿ ਸਿੱਖਣ ਦੀ ਕੋਈ ਵੀ ਉਮਰ ਨਹੀਂ ਹੁੰਦੀ।ਉਨ੍ਹਾਂ ਇਸ ਵਿਭਾਗ ਵਿਚ ਕਰਵਾਏ ਜਾਂਦੇ ਕੋਰਸਾਂ ਪ੍ਰਤੀ ਵੱਧ ਤੋਂ ਵੱਧ ਜਾਣਕਾਰੀ ਫੈਲਾਉਣ ਲਈ ਕਿਹਾ ਤਾਂ ਜੋ ਹੋਰ ਜ਼ਿਆਦਾ ਵਿਦਿਆਰਥੀਆਂ ਨੂੰ ਵਿਭਾਗ ਵਿਖੇ ਚੱਲ ਰਹੇ ਕੋਰਸਾਂ ਬਾਰੇ ਪਤਾ ਲੱਗ ਸਕੇ।ਪ੍ਰਦਰਸ਼ਨੀ ਵਿੱਚ ਯੂਨੀਵਰਸਿਟੀ ਤੋਂ ਇਲਾਵਾ ਬਾਹਰੋਂ ਵੀ ਸੈਂਕੜੇ ਦੀ ਤਾਦਾਦ ਦੇ ਵਿੱਚ ਆਮ-ਲੋਕ ਵਸਤਾਂ ਨੂੰ ਦੇਖਣ ਲਈ ਪਹੁੰਚੇ।
ਪ੍ਰੋ. ਸਰੋਜ਼ ਬਾਲਾ ਨੇ ਦੱਸਿਆ ਵਿਭਾਗ ਦੁਆਰਾ ਹਰ ਸਾਲ ਲੜਕੀਆਂ ਲਈ ਸਕਿੱਲ-ਡਿਵੈਲਪਮੈਂਟ ਕੋਰਸ/ਡਿਪਲੋਮੇ ਚਲਾਏ ਜਾਂਦੇ ਹਨ ਅਤੇ ਇਹਨਾਂ ਕੋਰਸ/ਡਿਪਲੋਮਿਆਂ ਦੌਰਾਨ ਵਿਦਿਆਰਥਣਾਂ ਦੁਆਰਾ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ ਵਸਤਾਂ ਨੂੰ ਇਸ ਪ੍ਰਦਰਸ਼ਨੀ ਵਿੱਚ ਹਰ ਸਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ।ਇਸ ਵਾਰ ਪ੍ਰਦਰਸ਼ਨੀ ਦੇਖਣ ਆਏ ਲੋਕਾਂ ਵਲੋਂ ਵਿਦਿਆਰਥੀਆਂ ਪਾਸੋਂ ਤਿਆਰ ਕੀਤੀਆਂ ਗਈਆਂ ਵਸਤਾਂ ਦੀ ਖ੍ਰੀਦੋ-ਫਰੋਖਤ ਕਰਨ ਦੇ ਨਾਲ-ਨਾਲ ਹੋਰ ਵਸਤਾਂ/ਸਮਾਨ ਲਈ ਆਰਡਰ ਵੀ ਦਿੱਤੇ ਗਿਆ।ਵਿਦਿਆਰਥੀਆਂ ਨੇ ਕਿਹਾ ਕਿ ਉਹ ਵਿਭਾਗ ਦੁਆਰਾ ਚਲਾਏ ਜਾਂਦੇ ਇਹਨਾਂ ਸਕਿੱਲ-ਡਿਵੈਲਪਮੈਂਟ ਕੋਰਸ/ਡਿਪਲੋਮੇ ਕਰਨ ਸਦਕਾ ਹੀ ਅੱਜ ਆਪਣੇ ਪੈਰਾਂ-ਸਿਰ ਖੜੇ ਹੋਏ ਹਨ ਅਤੇ ਇਸ ਨੂੰ ਆਪਣੇ ਕਿੱਤੇ ਦੇ ਤੌਰ ਤੇ ਚਲਾ ਕੇ ਵਧੀਆ ਆਮਦਨੀ ਕਰ ਰਹੇ ਹਨ। ਪ੍ਰੋ. ਸਰੋਜ਼ ਬਾਲਾ ਨੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸੰਧੂ ਦੁਆਰਾ ਸਮੇਂ-ਸਮੇਂ ਤੇ ਵਿਭਾਗ ਨੂੰ ਦਿੱਤੀ ਜਾਂਦੀ ਹਰ ਸੰਭਵ ਮਦਦ ਲਈ ਧੰਨਵਾਦ ਕੀਤਾ ।
ਇਸ ਮੋਕੇ ਪੋ੍. ਸਰਬਜੋਤ ਸਿੰਘ ਬਹਿਲ ਡੀਨ ਵਿਦਿਅਕ ਮਾਮਲੇ ਨੇ ਮੁਖ ਮਹਿਮਾਨ ਅਤੇ ਆਏ ਹੋਏ ਪੱਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।ਪੋ੍ਰ. ਕਰਨਜੀਤ ਸਿੰਘ ਕਾਹਲੋ, ਰਜਿਸਟਰਾਰ, ਮਿਸਿਜ਼ ਤੇਜਪਾਲ ਕੌਰ, ਮਿਸਿਜ਼ ਰੁਪਿੰਦਰ ਕੌਰ, ਮਿਸਿਜ਼.ਕਮਲਾ ਦੇਵੀ, ਮਿਸਿਜ਼ ਪਰਮਜੀਤ ਕੌਰ, ਮਿਸਿਜ਼ ਆਂਚਲ ਊਪਲ, ਮਿਸਿਜ਼ ਕੀਰਤੀ, ਮਿਸ. ਰੂਬਲ, ਮਿਸ. ਕੋਮਲ, ਮਿਸ. ਜਸਕਰਨ, ਸ੍ਰੀ ਮੁਨੀਸ਼ ਮੋਹਨ, ਕੁਲਵਿੰਦਰ ਸਿੰਘ, ਅਕਾਸ਼ਦੀਪ ਅਤੇ ਸਾਰੇ ਵਿਦਿਆਰਥੀ ਇਸ ਸਮਾਗਮ ਵਿੱਚ ਸ਼ਾਮਲ ਸਨ।
Punjab Post Daily Online Newspaper & Print Media