Friday, November 22, 2024

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਆਰ.ਐਸ.ਡੀ ਪਠਾਨਕੋਟ ਦਾ ਕੀਤਾ ਦੌਰਾ

ਕਿਹਾ, ਝੋਨੇ ਦੇ ਸੀਜ਼ਨ ਦੋਰਾਨ ਕਿਸਾਨਾਂ ਨੂੰ ਬਿਜਲੀ ਦੀ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਕਮੀ

ਪਠਾਨਕੋਟ, 4 ਜੂਨ (ਪੰਜਾਬ ਪੋਸਟ ਬਿਊਰੋ) – ਆਉਣ ਵਾਲੇ ਦਿਨ੍ਹਾਂ ਵਿਚ ਝੋਨੇ ਦੀ ਬਿਜਾਈ ਨੂੰ ਲੈ ਕੇ ਕਿਸਾਨਾਂ ਨੂੰ ਬਿਜਲੀ ਦੀ ਕਿਸੇ ਕਿਸਮ ਦੀ ਸਮਸਿਆ ਨਹੀਂ ਆਉਣ ਦੇਵਾਂਗੇ।ਪਿਛਲੇ ਸਾਲਾਂ ਦੇ ਮੁਕਾਬਲੇ ਅਗਰ ਦੇਖਿਆ ਜਾਵੇ ਤਾਂ ਸਾਡੇ ਕੋਲ ਰਣਜੀਤ ਸਾਗਰ ਡੈਮ ‘ਚ ਚਾਰ ਮੀਟਰ ਪਾਣੀ ਦੀ ਸਮਰੱਥਾ ਜਿਆਦਾ ਹੈ।ਮੰਗ ਨੂੰ ਮੁੱਖ ਰੱਖਦਿਆਂ ਇੱਕ ਯੂਨਿਟ ਹੀ ਚਲਾਇਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ‘ਚ ਅਸੀਂ ਜਰੂਰਤ ਅਨੁਸਾਰ ਬਿਜਲੀ ਪੈਦਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ।.ਕੈਬਨਿਟ ਮੰਤਰੀ ਪਾਵਰ ਕਾਮ ਅਤੇ ਲੋਕ ਨਿਰਮਾਣ ਵਿਭਾਗ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਦਾ ਦੌਰਾ ਕਰਨ ਦੋਰਾਨ ਕੀਤਾ।
                  ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਕੈਬਨਿਟ ਮੰਤਰੀ ਈ.ਟੀ.ਓ ਦੀਨਾਨਗਰ ਦੇ ਨਾਲ ਲੱਗਦੇ ਪਿੰਡ ਦੋਦਵਾਂ ਵਿਖੇ ਸਥਿਤ ਇੱਕ ਧਾਰਮਿਕ ਸਥਾਨ ‘ਚ ਨਤਮਸਤਕ ਹੋਏ, ਫਿਰ ਉਨ੍ਹਾਂ ਵੱਲੋਂ ਦੀਨਾਨਗਰ ਵਿਖੇ ਬਣਾਏ ਜਾ ਰਹੇ ਆਰ.ਓ.ਬੀ ਦਾ ਨਿਰੀਖਣ ਕੀਤਾ ਗਿਆ ਅਤੇ ਦੀਨਾਨਗਰ ਤੋਂ ਮੀਰਥਲ ਨੂੰ ਬਣਾਈ ਜਾ ਰਹੀ ਸੜਕ ਦਾ ਵੀ ਨਿਰੀਖਣ ਕੀਤਾ ਗਿਆ।ਇਸ ਮਗਰੋਂ ਉਹ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਪਠਾਨਕੋਟ ਵਿਖੇ ਪਹੁੰਚੇ ਅਤੇ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਪਠਾਨਕੋਟ ਤੇ ਬਿਜਲੀ ਬਣਾਉਂਣ ਲਈ ਚੱਲ ਰਹੇ ਚਾਰ ਯੂਨਿਟਾਂ ਦਾ ਬਰੀਕੀ ਨਾਲ ਨਿਰੀਖਣ ਕੀਤਾ।
                   ਉਨਾਂ ਕਿਹਾ ਕਿ ਝੋਨੇ ਦੇ ਸੀਜ਼ਨ ਅਤੇ ਬਿਜਲੀ ਦੀ ਲੋੜ ਨੂੰ ਮੁੱਖ ਰੱਖਦਿਆਂ ਰਣਜੀਤ ਸਾਗਰ ਡੈਮ ਦਾ ਦੌਰਾ ਕੀਤਾ ਗਿਆ ਹੈ।ਰਣਜੀਤ ਸਾਗਰ ਡੈਮ ਜਿਥੋ ਚਾਰ ਯੂਨਿਟ ਬਿਜਲੀ ਬਣਾਉਂਣ ਲਈ ਮੋਜ਼ੂਦ ਹਨ ਅਤੇ 600 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ।ਇਸ ਸਮੇਂ ਲੋੜ ਅਨੁਸਾਰ ਇੱਕ ਹੀ ਯੂਨਿਟ ਚਲਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਅਗਰ ਆਰ.ਐਸ.ਡੀ ਡੈਮ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਮੇਂ ਸਾਡੇ ਕੋਲ 4 ਮੀਟਰ ਪਾਣੀ ਦੀ ਸਮਰੱਥਾ ਜਿਆਦਾ ਹੈ, ਜੋ ਆਉਣ ਵਾਲੇ ਦਿਨ੍ਹਾਂ ਅੰਦਰ ਹੋਰ ਬਿਜਲੀ ਪੈਦਾ ਕਰਨ ਵਿੱਚ ਸਹਾਇਕ ਸਿੱਧ ਹੋਵੇਗਾ।
                 ਦੀਨਾਨਗਰ ਵਿਖੇ ਕੀਤੇ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਦੀਨਾਨਗਰ ਵਿਖੇ ਬਣਾਏ ਜਾ ਰਹੇ ਆਰ.ਓ.ਬੀ ਤੇ ਮੀਰਥਲ ਲਈ ਰੋਡ ਦਾ ਨਿਰਮਾਣ ਬਹੁਤ ਹੀ ਘੱਟ ਸਪੀਡ ਨਾਲ ਹੋ ਰਿਹਾ ਹੈ।ਉਨ੍ਹਾਂ ਜਨਤਾ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਦੋਰਾਨ ਉਪਰੋਕਤ ਦੋਨੋ ਪ੍ਰੋਜੈਕਟਾਂ ਦੇ ਕਾਰਜ਼ਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ ।
                  ਮੀਟਿੰਗ ਤੋਂ ਪਹਿਲਾ ਪੰਜਾਬ ਪੁਲਿਸ ਵੱਲੋਂ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਅਤੇ ਕੈਬਨਿਟ ਮੰਤਰੀ ਪੰਜਾਬ ਵਲੋਂ ਡੈਮ ਨਿਰਮਾਣ ਦੋਰਾਨ ਜਾਨਾਂ ਗਵਾਉਣ ਵਾਲੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਕੇ ਨਮਨ ਕੀਤਾ।
                   ਇਸ ਮੋਕੇ ਵਿਭੂਤੀ ਸ਼ਰਮਾ ਹਲਕਾ ਇੰਚਾਰਜ਼ ਆਮ ਆਦਮੀ ਪਾਰਟੀ ਪਠਾਨਕੋਟ, ਅਮਿਤ ਮੰਟੂ ਹਲਕਾ ਇਚਾਰਜ਼ ਆਮ ਆਦਮੀ ਪਾਰਟੀ ਸੁਜਾਨਪੁਰ, ਕਾਲਾ ਰਾਮ ਕਾਂਸਲ ਐਸ.ਡੀ.ਐਮ ਪਠਾਨਕੋਟ-ਕਮ-ਧਾਰਕਲ੍ਹਾ, ਵਿਕ੍ਰਾਂਤ ਅਨੰਦ ਐਸ.ਸੀ ਐਡਮਿਨ ਐਡ ਸਿਕਉਰਿਟੀ ਸਰਕਲ, ਸੰਦੇਸ ਰਾਜ ਐਸ.ਸੀ ਸਿਵਲ ਸਰਕਲ, ਲਖਵਿੰਦਰ ਸਿੰਘ ਐਕਸੀਅਨ ਹੈਡ ਕਵਾਟਰ, ਆਰ.ਐਸ ਜਸਰੋਟੀਆ ਐਕਸੀਅਨ ਹੈਡਕਵਾਟਰ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …