ਏ.ਐਸ.ਆਈ ਉਪਰ ਗੱਡੀ ਚੜ੍ਹਾ ਕੇ ਕੀਤੀ ਸੀ ਭੱਜਣ ਦੀ ਕੋਸ਼ਿਸ਼
ਕਪੂਰਥਲਾ, 8 ਜੂਨ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਪੁਲਿਸ ਨੂੰ ਨਸ਼ਿਆਂ ਵਿਰੁੱਧ ਵੱਡੀ ਸਫਲਤਾ ਮਿਲੀ ਜਦ ਦਿੱਲੀ ਤੋਂ ਹੈਰੋਇਨ ਅਤੇ ਆਈਸ ਡਰੱਗ ਲਿਆ ਕੇ ਵੇਚਣ ਵਾਲੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਐਸ.ਐਸ.ਪੀ ਕਪੂਰਥਲਾ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਹਰਕੀਰਤ ਸਿੰਘ ਉਰਫ ਸਾਗਰ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਬਾਬਾ ਈਸ਼ਰ ਸਿੰਘ ਕਾਲੋਨੀ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਕੋਲੋਂ 200 ਗ੍ਰਾਮ ਹੈਰੋਇਨ, 100 ਗ੍ਰਾਮ ਆਈਸ, 1 ਪਿਸਟਲ 32 ਬੋਰ ਮੈਗਜ਼ੀਨ ਵਾਲਾ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।ਉਨਾਂ ਕਿਹਾ ਕਿ ਸੀ.ਆਈ.ਏ ਸਟਾਫ਼ ਕਪੂਰਥਲਾ ਅਤੇ ਐਸ.ਆਈ ਜਸਵੀਰ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਕਾਬੂ ਕੀਤੇ ਗਏ ਹਰਕੀਰਤ ਸਿੰਘ ਖਿਲਾਫ ਐਨ.ਡੀ.ਪੀ.ਐਸ ਐਕਟ ਅਤੇ ਅਸਲਾ ਐਕਟ ਤਹਿਤ ਥਾਣਾ ਸਿਟੀ ਕਪੂਰਥਲਾ ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਹਰਕੀਰਤ ਸਿੰਘ ਦਿੱਲੀ ਚਾਂਦਨੀ ਚੌਕ ਪਿੱਲਰ ਨੰ. 622 ਤੋਂ ਮਾਈਕਲ ਉਰਫ਼ ਲਿੱਲੀ ਨਾਮ ਦੇ ਇਕ ਨੀਗਰੋ ਤੋਂ ਹੈਰੋਈਨ ਅਤੇ ਆਈਸ ਖਰੀਦ ਕੇ ਅਗੇ ਗਾਹਕਾਂ ਨੂੰ ਵੇਚਦਾ ਸੀ।ਉਸ ਨੇ ਬਰਾਮਦ ਕੀਤਾ ਪਿਸਟਲ ਜੱਗਾ ਵਾਸੀ ਦਿੱਲੀ ਕੋਲੋ 45 ਹਜ਼ਾਰ ਵਿਚ ਖਰੀਦਿਆ ਸੀ।
ਐਸ.ਐਸ.ਪੀ ਨੇ ਦਸਿਆ ਕਿ ਸੀ.ਆਈ.ਏ ਸਟਾਫ਼ ਨੂੰ ਇਤਲਾਹ ਮਿਲੀ ਸੀ ਕਿ ਹਰਕੀਰਤ ਸਿੰਘ ਆਪਣੀ ਕਾਰ ਨੰਬਰ ਪੀ.ਬੀ.09 ਯੂ 7380 ਤੇ ਸਵਾਰ ਹੋ ਕੇ ਹੈਰੋਈਨ ਸਪਲਾਈ ਕਰਨ ਆ ਰਿਹਾ ਹੈ, ਜਿਸ ਤੇ ਸੀ.ਆਈ.ਏ ਸਟਾਫ਼ ਵਲੋਂ ਸਬੰਧਤ ਖੇਤਰ ਦੀ ਨਾਕਾਬੰਦੀ ਕੀਤੀ ਗਈ, ਹਰਕੀਰਤ ਸਿੰਘ ਪੁਲਿਸ ਕਰਮਚਾਰੀ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਕੇ ਗੱਡੀ ਭਜਾ ਕੇ ਲੈ ਗਿਆ।ਇਸ ਸਬੰਧੀ ਇਤਲਾਹ ਸਾਇੰਸ ਸਿਟੀ ਚੌਂਕੀ ਨੂੰ ਦਿੱਤੀ ਗਈ, ਪਰ ਹਰਕੀਰਤ ਸਿੰਘ ਨੇ ਸਾਇੰਸ ਸਿਟੀ ਨੇੜੇ ਏ.ਐਸ.ਆਈ ਠਾਕੁਰ ਸਿੰਘ ਉੱਪਰ ਗੱਡੀ ਚੜ੍ਹਾ ਦਿੱਤੀ ਜਿਸ ਨਾਲ ਉਸਦੀ ਸੱਜੀ ਲੱਤ ‘ਤੇ ਸੱਟ ਲੱਗ ਗਈ।ਪਰ ਪੁਲਿਸ ਵਲੋਂ ਹਰਕੀਰਤ ਸਿੰਘ ਨੂੰ ਮੌਕਾ-ਏ-ਵਾਰਦਾਤ ਤੋਂ ਕਾਬੂ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਹਰਕੀਰਤ ਸਿੰਘ ਉੱਪਰ ਨਸ਼ਾ ਤਸਕਰੀ ਦੇ ਪਹਿਲਾਂ ਹੀ ਤਿੰਨ ਮਾਮਲੇ ਦਰਜ਼ ਹਨ ਅਤੇ ਜ਼ਮਾਨਤ ‘ਤੇ ਆਉਣ ਉਪਰੰਤ ਉਹ ਟ੍ਰੇਨ ਰਾਹੀਂ ਦਿੱਲੀ ਤੋਂ ਜਲੰਧਰ ਨਸ਼ੇ ਦੀ ਤਸਕਰੀ ਕਰਦਾ ਸੀ।ਇਸ ਮੌਕੇ ਐਸ.ਪੀ ਜਗਜੀਤ ਸਿੰਘ ਸਰੋਆ, ਡੀ.ਐਸ.ਪੀ ਅਮਿਤ ਸਰੂਪ ਆਦਿ ਹਾਜ਼ਰ ਸਨ।