Tuesday, May 27, 2025
Breaking News

ਅਫਗਾਨਿਸਤਾਨ ਤੋਂ ਭਾਰਤ ਪੁੱਜੇ 11 ਸਿੱਖਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ

ਹਵਾਈ ਸਫਰ ’ਤੇ ਆਇਆ ਖਰਚ ਕੀਤਾ ਅਦਾ, ਹਰ ਸੰਭਵ ਮੱਦਦ ਦਾ ਦਿੱਤਾ ਭਰੋਸਾ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀਂ ਹੋਏ ਅੱਤਵਾਦੀ ਹਮਲੇ ਕਾਰਨ ਅਫਗਾਨਿਸਤਾਨ ਤੋਂ ਅੱਜ ਭਾਰਤ ਪੁੱਜੇ 11 ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਉਨ੍ਹਾਂ ਦੇ ਹਵਾਈ ਸਫਰ ਦਾ ਖਰਚ ਅਦਾ ਕੀਤਾ ਗਿਆ, ਉਥੇ ਹੀ ਦਿੱਲੀ ਹਵਾਈ ਅੱਡੇ ’ਤੇ ਉਚੇਚੇ ਤੌਰ ’ਤੇ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਮੀਤ ਸਕੱਤਰ ਸਿਮਰਜੀਤ ਸਿੰਘ, ਬੀਬੀ ਰਣਜੀਤ ਕੌਰ ਦਿੱਲੀ ਤੇ ਦਿੱਲੀ ਸਿੱਖ ਮਿਸ਼ਨ ਦੇ ਇੰਚਾਰਜ਼ ਸੁਰਿੰਦਰਪਾਲ ਸਿੰਘ ਸਮਾਣਾ ਨੇ ਅਫਗਾਨੀ ਸਿੱਖਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ।ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਸਿੱਖ ਅਫਗਾਨਿਸਤਾਨ ਤੋਂ ਭਾਰਤ ਆਉਣਗੇ, ਉਨ੍ਹਾਂ ਦੇ ਹਵਾਈ ਖਰਚ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕਰੇਗੀ।ਇਸੇ ਤਹਿਤ ਹੀ ਭਾਰਤ ਪੁੱਜੇ 11 ਅਫਗਾਨੀ ਸਿੱਖਾਂ ਦੇ ਪਹਿਲੇ ਜਥੇ ਲਈ 2 ਲੱਖ 86 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।
                 ਦਿੱਲੀ ਹਵਾਈ ਅੱਡੇ ’ਤੇ ਅਫਗਾਨੀ ਸਿੱਖਾਂ ਦੇ ਸਵਾਗਤ ਲਈ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਫਗਾਨੀ ਸਿੱਖਾਂ ਨੂੰ ਭਾਰਤ ਲਿਆਉਣ ਦਾ ਵਾਅਦਾ ਕੀਤਾ ਸੀ, ਜਿਸ ਤਹਿਤ ਅੱਜ ਅਫਗਾਨਿਸਤਾਨ ਤੋਂ ਗਿਆਰਾਂ ਸਿੱਖਾਂ ਦਾ ਪਹਿਲਾ ਜੱਥਾ ਦਿੱਲੀ ਪੁੱਜਿਆ ਹੈ।ਇਨ੍ਹਾਂ ਸਿੱਖਾਂ ਵਿੱਚ ਹਮਲੇ ਦੌਰਾਨ ਜ਼ਖਮੀ ਹੋਇਆ ਇੱਕ ਸਿੱਖ ਵੀ ਸ਼ਾਮਲ ਹੈ ਅਤੇ ਉਹ ਆਪਣੇ ਨਾਲ ਹਮਲੇ ਦੌਰਾਨ ਮਾਰੇ ਗਏ ਸਿੱਖ ਦੀਆਂ ਅਸਥੀਆਂ ਵੀ ਲੈ ਕੇ ਆਏ ਹਨ।ਭਾਈ ਚਾਵਲਾ ਨੇ ਦੱਸਿਆ ਕਿ ਅਫਗਾਨਸਤਾਨ ਤੋਂ ਆਏ ਸਿੱਖ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦਿੱਲੀ ਵਿੱਖੇ ਪਹੁੰਚੇ ਹਨ, ਜਿਥੇ ਵੱਡੀ ਗਿਣਤੀ ‘ਚ ਸੰਗਤਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
               ਇਸ ਮੌਕੇ ਕਾਬਲ ਤੋਂ ਪੁੱਜੇ ਸਿੱਖਾਂ ਵਿੱਚ ਮਨਮੋਹਨ ਸਿੰਘ ਸੇਠੀ, ਜ਼ਖਮੀ ਹੋਏ ਸਿੰਘ ਰਘਬੀਰ ਸਿੰਘ, ਜਗਮੀਤ ਸਿੰਘ, ਅਜਮੀਤ ਸਿੰਘ, ਬਲਦੇਵ ਸਿੰਘ, ਸੁਰਿੰਦਰ ਸਿੰਘ, ਸੁਰਬੀਰ ਸਿੰਘ, ਅਜਮੀਤ ਸਿੰਘ ਗਰਦੇਜੀ, ਰਜਵੰਤ ਸਿੰਘ ਆਦਿ ਸਮੇਤ ਦਿੱਲੀ ’ਚ ਅਫਗਾਨੀ ਸਿੱਖਾਂ ਦੇ ਆਗੂ ਕੁਲਜੀਤ ਸਿੰਘ, ਛੈਬਲ ਸਿੰਘ, ਪ੍ਰਤਾਪ ਸਿੰਘ, ਇਰਾ ਸਿੰਘ, ਮਨੋਹਰ ਸਿੰਘ ਪ੍ਰਧਾਨ, ਹਰਭਜਨ ਸਿੰਘ, ਮਾਨਸਾ ਰਾਮ ਪ੍ਰਧਾਨ ਆਦਿ ਮੌਜ਼ੂਦ ਸਨ।

Check Also

ਡੇਂਗੂ ਦੀ ਰੋਕਥਾਮ ਲਈ ਜਿਲ੍ਹਾ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ. ਸੰਜੇ ਕਾਮਰਾ

ਸੰਗਰੂਰ, 26 ਮਈ (ਜਗਸੀਰ ਲੌਂਗੋਵਾਲ) – ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ …