ਨਸ਼ਿਆਂ ਤੋਂ ਨੋਜਵਾਨਾਂ ਲੋਕਾਂ ਨੂੰ ਕਿਸੇ ਵੀ ਤਰੀਕੇ ਬਚਾਉਣਾ ਵੱਡਾ ਪੁੰਨ – ਜਸਕਰਨ ਸਿਵੀਆਂ
ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਵਿਖੇ ਅੱਜ ਡਾ. ਜਗਜੀਤ ਸਿੰਘ ਬਾਹੀਆ ਦੁਆਰਾ ਲਿਖਿਤ, ਨਿਰਮਤ ਅਤੇ ਨਿਰਦੇਸ਼ਿਤ ਪੰਜਾਬੀ ਟੈਲੀ ਫਿਲਮ ‘ਦ ਰਿਵਰ’ (ਨਸ਼ਿਆਂ ਦਾ ਛੇਵਾਂ ਦਰਿਆ) ਦਾ ਪੋਸਟਰ ਰਿਲੀਜ਼ ਕੀਤਾ ਗਿਆ ਜੋ ਕਿ ਮੁੱਖ ਰੂਪ ਵਿੱਚ ਪੰਜਾਬ ਵਿੱਚ ਫੈਲਿਆ ਨਸ਼ਿਆਂ ਦਾ ਵਹਿਣ ਅਤੇ ਇਨ੍ਹਾਂ ਨਸ਼ਿਆਂ ਨੂੰ ਪ੍ਰਫੁੱਲਿਤ ਕਰ ਰਹੇ ਪਿੰਡਾਂ ਵਿੱਚ ਬੈਠੇ ਸਾਧਾਂ ਦੇ ਪਾਜ ਖੋਲ੍ਹਦੀ ਹੈ। ਅੱਜ ਇਸ ਫਿਲਮ ਦਾ ਪੋਸਟਰ ਪੰਜਾਬ ਵਿੱਚ ਪਹਿਲਾਂ ਹੀ ਨਸ਼ਿਆਂ ਖਿਲਾਫ਼ ਜੰਗ ਲੜ ਰਹੇ ਨਸ਼ਾ-ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਰਿਲੀਜ਼ ਕੀਤਾ। ਇਸ ਮੌਕੇ ਜਸਕਰਨ ਸਿੰਘ ਸਿਵੀਆਂ ਨੇ ਡਾ. ਜਗਜੀਤ ਸਿੰਘ ਬਾਹੀਆ ਦੁਆਰਾ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਪੰਜਾਬ ਵਿੱਚ ਖੁੱਲ੍ਹੇ ਹਜਾਰਾਂ ਡੇਰੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਨਸ਼ਿਆਂ ਵੱਲ ਤੋਰਦੇ ਹਨ ਤੇ ਲੋਕਾਂ ਦੇ ਘਰ ਪਟਦੇ ਹਨ, ਇਸ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਵਿਸ਼ੇ ਨੂੰ ਹੱਥ ਪਾਇਆ ਗਿਆ ਹੈ। ਸਾਡਾ ਰੰਗੀਲਾ ਪੰਜਾਬ ਅੱਜ ਰੰਗਲਾ ਨਹੀਂ ਰਿਹਾ ਬਲਕਿ ਇਸ ਨੂੰ ਗੰਧਲਾ ਬਣਾ ਦਿੱਤਾ ਗਿਆ ਹੈ। ਇਸ ਮੌਕੇ ਡਾ. ਜਗਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਇਸ ਫਿਲਮ ਵਿੱਚ ਸਮਾਜ ਸੇਵੀਆਂ ਦੀ ਉਸਾਰੂ ਅਤੇ ਗਤੀਸ਼ੀਲ ਯੋਗਦਾਨ ਨੂੰ ਵੀ ਚਿਤਰਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਫਿਲਮ ਨੂੰ ਟੋਰੰਟੋ ਵਿਖੇ ਕਰਵਾਏ ਜਾਂਦੇ ਪੀ.ਆਈ.ਐਫ.ਐਫ. 2015 (ਪੰਜਾਬੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ) ਵਿੱਚ ਪ੍ਰਦਰਸ਼ਨ ਲਈ ਰਜਿਸਟਰ ਕਰਵਾਇਆ ਜਾ ਰਿਹਾ ਹੈ। ਇਹ ਵੀ ਜਿਕਰਯੋਗ ਹੈ ਕਿ ਡਾ. ਜਗਜੀਤ ਸਿੰਘ ਬਾਹੀਆ ਖੁਦ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਨਾਲ ਸਬੰਧਤ ਹਨ। ਉਹ ਐਮ.ਡੀ. ਡਾਕਟਰ ਹਨ ਤੇ ਤੰਗੀਆਂ ਤੁਰਸ਼ੀਆਂ ਵਿੱਚੋਂ ਲੰਘਕੇ ਮੈਰਿਟ ਵਿੱਚ ਰਹਿ ਕੇ ਡਿਗਰੀਆਂ ਕੀਤੀਆਂ ਹਨ। ਇਸ ਤੋਂ ਪਹਿਲਾਂ ਉਹ ਸਰ ਗੰਗਾਰਾਮ ਹਸਪਤਾਲ ਦਿੱਲੀ ਵਿਖੇ ਵੀ ਸੇਵਾ ਨਿਭਾ ਚੁੱਕੇ ਹਨ ਤੇ ਅੱਜ ਕੱਲ੍ਹ ਪਿਛਲੇ ਲੰਬੇ ਸਮੇਂ ਤੋਂ ਮਾਲਵੇ ਦੇ ਨਾਮਵਾਰ ਆਦੇਸ਼ ਹਸਪਤਾਲ ਅਤੇ ਮੈਡੀਕਲ ਕਾਲਜ਼ ਬਠਿੰਡਾ ਵਿਖੇ ਸੀਨੀਅਰ ਡਾਕਟਰ ਅਤੇ ਐਸੋਸੀਏਟ ਪ੍ਰੋਫੈਸਰ ਦੇ ਤੌਰ’ਤੇ ਸੇਵਾਵਾਂ ਨਿਭਾ ਹਨ। ਉਹ ਦੋ ਹੋਰ ਫਿਲਮਾਂ ‘ਨਸ਼ਾ ਛੁਡਾਊ ਕੈਂਪ’ ਅਤੇ ‘ਦਾ ਬਾਊਂਡਡ ਲੇਬਰ’ (ਸੀਰੀ) ਵੀ ਬਣਾ ਚੁੱਕੇ ਹਨ। ਇਸ ਫਿਲਮ ਦੇ ਹੋਰ ਕਲਾਕਾਰ ਡਾ. ਅਮਿਤੋਜ ਸਿੰਘ, ਵਿਪਿਨ ਧਾਲੀਵਾਲ, ਸੰਦੀਪ ਨਾਹਰ, ਸੁਖਜੀਤ ਸੀਮਾ, ਗਿੰਦਾ ਲੂੰਬਾ, ਸੁਖਜਿੰਦਰ ਜੀਦਾ ਆਦਿ ਹਨ।