Tuesday, July 28, 2026

ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵਲੋਂ ਮੈਡੀਕਲ ਕਾਲਜ ਦਾ ਵਿਰੋਧ ਕੀਤੇ ਜਾਣ ‘ਤੇ ਲੋਕਾਂ ਨੇ ਲਾਇਆ ਧਰਨਾ

ਸੰਗਰੂਰ, 14 ਜੁਲਾਈ (ਜਗਸੀਰ ਲੌਂਗੋਵਾਲ) – ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਦਾ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਲੋਂ ਵਿਰੋਧ ਕੀਤੇ ਜਾਣ ‘ਤੇ ਇਲਾਕੇ ਦੀਆਂ ਸੰਗਤਾਂ ਵਿਚ ਭਾਰੀ ਰੋਸ ਹੈ।ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਇਕ ਘੰਟੇ ਲਈ ਮਸਤੂਆਣਾ ਸਾਹਿਬ ਨੇੜੇ ਸੜਕ ਜ਼ਾਮ ਕਰਕੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਮੈਡੀਕਲ ਕਾਲਜ ਦਾ ਕੰਮ ਫੌਰੀ ਸ਼ੁਰੂ ਕੀਤਾ ਜਾਵੇ ਅਤੇ ਮੈਡੀਕਲ ਕਾਲਜ ਦਾ ਵਿਰੋਧ ਕਰਨ ਵਾਲੇ ਸਿਆਸੀ ਆਗੂਆਂ ਨੂੰ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਉਨਾਂ ਨੇ ਮੈਡੀਕਲ ਕਾਲਜ ਦਾ ਵਿਰੋਧ ਕੀਤਾ ਜਾਂ ਇਸ ਦੇ ਬਣਨ ਵਿਚ ਅੜਿੱਕੇ ਲਾਏ ਤਾਂ ਪੂਰੇ ਇਲਾਕੇ ਵਿਚੋਂ ਉਨਾਂ ਦਾ ਪਿੰਡ ਪਿੰਡ ਵਿਰੋਧ ਕੀਤਾ ਜਾਵੇਗਾ ।
               ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਯੂਥ ਵਿੰਗ ਦੇ ਆਗੂ ਜਸਦੀਪ ਸਿੰਘ ਬਹਾਦਰਪੁਰ ਨੇ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਨੇ ਮਸਤੂਆਣਾ ਸਾਹਿਬ ਵਿਖੇ ਵੱਖ ਵੱਖ ਵਿੱਦਿਅਕ ਸੰਸਥਾਵਾਂ ਖੋਲ ਕੇ ਇਸ ਅਸਥਾਨ ਨੂੰ ਵਿੱਦਿਆ ਦਾ ਕੇਂਦਰ ਬਣਾਇਆ ਹੈ।ਜਦਕਿ ਅਕਾਲੀ ਦਲ ਆਪਣੇ ਨਿੱਜੀ ਮੁਫਾਦਾਂ ਖਾਤਰ ਇੱਥੇ ਬਣਨ ਵਾਲੇ ਮੈਡੀਕਲ ਕਾਲਜ ਦਾ ਵਿਰੋਧ ਕਰਕੇ ਸੰਤ ਅਤਰ ਸਿੰਘ ਦੇ ਕਾਰਜ਼ ਨੂੰ ਰੋਕਣਾ ਚਾਹੁੰਦਾ ਹੈ।ਉਨਾਂ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਕਿ ਇਨਾਂ ਸ਼ਰਾਰਤੀ ਤੱਤਾਂ ਦਾ ਦਬਾਅ ਮੰਨ ਕੇ ਮੈਡੀਕਲ ਕਾਲਜ ਦਾ ਕੰਮ ਨਾ ਰੋਕਿਆ ਜਾਵੇ।ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਲੋਕ ਵੱਡੀ ਪੱਧਰ ‘ਤੇ ਸਰਕਾਰ ਦਾ ਵੀ ਵਿਰੋਧ ਕਰਨਗੇ।ਧਰਨੇ ਵਿੱਚ ਪਹੁੰਚੇ ਤਹਿਸੀਲਦਾਰ ਸੰਗਰੂਰ ਨੂੰ ਜਥੇਬੰਦੀ ਵਲੋਂ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਕਾਲਜ ਦਾ ਕੰਮ ਫੌਰੀ ਸ਼ੁਰੂ ਕੀਤਾ ਜਾਵੇ ਅਤੇ ਸੰਗਰੂਰ ਜ਼ਿਲੇ ਨੂੰ ਮੈਡੀਕਲ ਕਾਲਜ ਵਿੱਚ ਦਾਖਲੇ ਲਈ ਪਹਿਲ ਦਿੱਤੀ ਜਾਵੇ।
                    ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਬਾਬਾ ਦਰਸਨ ਸਿੰਘ ਬਹਾਦਰਪੁਰ, ਸਰਪੰਚ ਹਰਭਜਨ ਸਿੰਘ, ਸੁਖਦੇਵ ਸਿੰਘ ਉੱਭਾਵਾਲ, ਭਜਨ ਸਿੰਘ ਢੱਡਰੀਆਂ, ਜੁਝਾਰ ਸਿੰਘ ਬਡਰੁੱਖਾਂ, ਮਨਦੀਪ ਸਿੰਘ ਲਿੱਦੜਾਂ ਅਤੇ ਦਰਸ਼ਨ ਸਿੰਘ ਨੱਤਾਂ ਨੇ ਵੀ ਸੰਬੋਧਨ ਕੀਤਾ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …