
ਅੰਮ੍ਰਿਤਸਰ, 2 ਦਸੰਬਰ (ਗੁਰਪ੍ਰੀਤ ਸਿੰਘ) – ਫੇਸਬੁਕ ਉਪਰ ਵਿਜੇ ਪ੍ਰਧਾਨ ਨਾਮਕ ਵਿਅਕਤੀ ਵੱਲੋਂ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਿਰਾਦਰ ਕਰਨ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਵਿਜੇ ਪ੍ਰਧਾਨ ਨਾਮ ਦੇ ਵਿਅਕਤੀ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਦੁਨਿਆਵੀ ਬਾਬਾ ਰਾਮਦੇਵ ਨਾਲ ਕੀਤੀ ਗਈ ਹੈ ਜੋ ਭਾਰੀ ਨਿਰਾਦਰ ਵਾਲੀ ਗੱਲ ਹੈ।ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਕੌਮ ਲਈ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾਇਆ ਹੈ।ਇਥੋਂ ਤੀਕ ਕਿ ਦਸਮੇਸ਼ ਪਿਤਾ ਨੇ ਦੂਜੇ ਧਰਮ ਦੀ ਰੱਖਿਆ ਖਾਤਰ ਆਪਣੇ ਪਿਤਾ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਹੋਣ ਲਈ ਬੇਨਤੀ ਕੀਤੀ ਸੀ, ਪ੍ਰੰਤੂ ਵਿਜੇ ਪ੍ਰਧਾਨ ਨਾਮਕ ਵਿਅਕਤੀ ਦੀ ਇਸ ਘਟੀਆ ਹਰਕਤ ਪ੍ਰਤੀ ਦੇਸ਼-ਵਿਦੇਸ਼ ਦੇ ਸਮੂਹ ਸਿੱਖਾਂ ਵਿੱਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਜੋ ਬੇਵਜਾ ਵਾਦ-ਵਿਵਾਦ ਖੜਾ ਕਰਕੇ ਦੇਸ਼ ਵਿੱਚ ਅਸ਼ਾਂਤੀ ਫੈਲਾਉਣਾ ਚਾਹੁੰਦੇ ਹਨ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
Punjab Post Daily Online Newspaper & Print Media