ਅੰਮ੍ਰਿਤਸਰ, 22 ਜੁਲਾਈ (ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ
ਪ੍ਰਕਾਸ਼ ਪੁਰਬ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਗੁਰੂ ਚਰਨਾਂ ’ਚ ਹਾਜ਼ਰੀ ਲਵਾਈ।ਉਨ੍ਹਾਂ ਨੇ ਸਮੂਹ ਜਗਤ ਤੇ ਹਾਜ਼ਰ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ’ਚ ਜਿਸ ਸੂਝ, ਸਿਆਣਪ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਜੋ ਆਪਣੀ ਮਿਸਾਲ ਆਪ ਹੈ ਤੇ ਉਨ੍ਹਾਂ ਨੇ ਦਰਸਾਅ ਦਿੱਤਾ ਕਿ ਉਮਰ, ਬੁੱਧੀਮਾਨਤਾ ਤੇ ਆਤਮ ਗਿਆਨ ’ਚ ਕੋਈ ਬਾਧਾ ਨਹੀਂ ਹੈ।ਛੀਨਾ ਨੇ ਕਿਹਾ ਕਿ ਗੁਰੂ ਸਾਹਿਬ ਜੀ ਦਾ ਨਾਮ ਸਿਮਰਨ ਕਰਨ ਨਾਲ ਦੁੱਖਾਂ, ਕਲੇਸ਼ਾਂ ਤੋਂ ਛੁਟਕਾਰਾ ਮਿਲਦਾ ਹੈ ।
ਇਸ ਤੋਂ ਪਹਿਲਾਂ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਇਲਾਹੀ ਬਾਣੀ ਦਾ ਕੀਰਤਨ ਗਾਇਨ ਕਰਕੇ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ।ਉਪਰੰਤ ਸਿੱਖ ਵਿਦਵਾਨ ਅਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਫ਼ਲਸਫ਼ੇ ਬਾਰੇ ਸੰਗਤ ਨੂੰ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਸਾਹਿਬ ਨੇ ਦੁੱਖੀ ਤੇ ਬਿਮਾਰਾਂ ਦੀ ਦਿਨ-ਰਾਤ ਸਹਾਇਤਾ ਕੀਤੀ, ਸੰਗਤਾਂ ਦੇ ਦਸਵੰਧ ਤੇ ਭੇਟਾ ਨੂੰ ਇਸ ਕਾਰਜ਼ ਲਈ ਵਰਤਿਆ। ਇਸੇ ਲਈ ਤਾਂ ਦਸ਼ਮੇਸ਼ ਪਿਤਾ ਜੀ ਨੇ ਫੁਰਮਾਇਆ ਹੈ ‘ਸ੍ਰੀ ਹਰਿ ਕ੍ਰਿਸ਼ਨ ਧਿਆਇਐ, ਜਿਸੁ ਡਿਠੈ ਸਭ ਦੁਖ ਜਾਇ’।
ਛੀਨਾ ਨੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਮਿਲ ਕੇ ਸ਼ਬਦ ਗਾਇਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਨ, ਸਰਬਜੀਤ ਸਿੰਘ ਹੁਸ਼ਿਆਰ ਨਗਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵਨਿਊ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖਾਲਸਾ ਕਾਲਜ ਫ਼ਾਰ ਵੂਮੈਨ ਪਿ੍ਰੰਸੀਪਲ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਪਿ੍ਰੰਸੀਪਲ ਡਾ. ਹਰੀਸ਼ ਕੁਮਾਰ ਵਰਮਾ, ਖਾਲਸਾ ਕਾਲਜ ਪਬਲਿਕ ਸਕੂਲ ਪ੍ਰਿੰਸੀਪਲ ਏ.ਐਸ ਗਿੱਲ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਨਾਨਕ ਸਿੰਘ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰੰਸੀਪਲ ਡਾ. ਕਮਲਜੀਤ ਕੌਰ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ, ਖ਼ਾਲਸਾ ਕਾਲਜ ਪਬਲਿਕ ਸਕੂਲ ਹੇਰ ਪ੍ਰਿੰਸੀਪਲ ਗੁਰਿੰਦਰਜੀਤ ਕੰਬੋਜ਼, ਅੰਡਰ ਸੈਕਟਰੀ ਕਮ-ਡਿਪਟੀ ਡਾਇਰੈਕਟਰ ਡੀ.ਐਸ ਰਟੌਲ, ਕਾਲਜ ਅਧਿਆਪਕ, ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media