ਡਾ. ਓਬਰਾਏ ਦੇ ਬੇਮਿਸਾਲ ਸੇਵਾ ਕਾਰਜ਼ਾਂ ਨੇ ਹਮੇਸ਼ਾਂ ਵਧਾਇਆ ਪੰਜਾਬੀਅਤ ਦਾ ਮਾਣ – ਡਾ. ਨਿੱੱਜ਼ਰ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ ਸੱਗੂ) – ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤਿਆਂ ਆਪਣੀ ਜੇਬ੍ਹ ‘ਚੋਂ ਹੀ ਕਰੋੜਾਂ ਰੁਪਏ ਸੇਵਾ ਕਾਰਜ਼ਾਂ ‘ਤੇ ਖ਼ਰਚ ਕਰਨ ਵਾਲੇ ਦੁਬਈ ਦੇ ਉਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੁੱਖੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ‘ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ‘ ਦਾ ਉਦਘਾਟਨ ਅੱਜ ਅੰਮ੍ਰਿਤਸਰ ਵਿਖੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ ਵਲੋਂ ਟਰੱਸਟ ਮੁੱਖੀ ਡਾ.ਐਸ.ਪੀ ਸਿੰਘ ਓਬਰਾਏ ਦੀ ਮੌਜ਼ੂਦਗੀ ‘ਚ ਕੀਤਾ ਗਿਆ।ਸਮਾਗਮ ‘ਚ ਟਰੱਸਟੀ ਡਾ. ਸਤਨਾਮ ਸਿੰਘ ਨਿੱਜ਼ਰ ਨੇ ਵੀ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।
ਗੁਰੂ ਨਗਰੀ ਦੇ ਸਰਕਾਰੀ ਮੈਡੀਕਲ ਕਾਲਜ ਦੇ ਸਰਕੁਲਰ ਰੋਡ ‘ਤੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਖੋਲ੍ਹੀ ਗਈ ਇਸ ਲੈਬਾਰਟਰੀ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਨਿੱਜ਼ਰ ਨੇ ਡਾ.ਐਸ.ਪੀ ਸਿੰਘ ਓਬਰਾਏ ਵਲੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ ‘ਚ ਨਿਭਾਈਆਂ ਜਾ ਰਹੀਆਂ ਮਿਸਾਲੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਔਖੀ ਘੜੀ ਵੇਲੇ ਸਭ ਤੋਂ ਪਹਿਲਾਂ ਅੱਗੇ ਆ ਕੇ ਲੋੜਵੰਦ ਲੋਕਾਂ ਲਈ ਨਿਭਾਈਆਂ ਜਾਂਦੀਆਂ ਨਿਸ਼ਕਾਮ ਸੇਵਾਵਾਂ ਦੀ ਬਦੌਲਤ ਸਮੁੱਚੇ ਪੰਜਾਬੀਆਂ ਦਾ ਮਾਣ ਪੂਰੀ ਦੁਨੀਆਂ ਅੰਦਰ ਵਧਿਆ ਹੈ।ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਸਥਾਪਤ ਕੀਤੀ ਗਈ ਬਹੁਤ ਹੀ ਘੱਟ ਖ਼ਰਚੇ ਵਾਲੀ ਇਸ ਲੈਬਾਰਟਰੀ ਨਾਲ ਅੰਮ੍ਰਿਤਸਰ ਜ਼ਿਲ੍ਹੇ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ।
ਟਰੱਸਟ ਮੁੱਖੀ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵਲੋਂ ਹੁਣ ਤੱਕ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ‘ਚ 70 ਲੈਬਾਰਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਅੰਦਰ ਹਰ ਮਹੀਨੇ ਲਗਭਗ 50 ਹਜਾਰ ਦੇ ਕਰੀਬ ਲੋਕ ਕੇਵਲ ਲਾਗਤ ਦਰਾਂ ‘ਤੇ ਆਪਣੇ ਟੈਸਟ ਕਰਵਾ ਰਹੇ ਹਨ।ਟਰੱਸਟ ਵਲੋਂ ਗੁਰੂ ਨਗਰੀ ਦੇ ਦੱਖਣੀ ਹਲਕੇ ‘ਚ ਵੀ ਜਲਦ ਹੀ ਇਕ ਹੋਰ ਲੈਬਾਰਟਰੀ ਖੋਲ੍ਹਣ ਦੇ ਨਾਲ-ਨਾਲ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ‘ਚ ਕੁਲੈਕਸ਼ਨ ਸੈਂਟਰ ਵੀ ਖੋਲ੍ਹੇ ਜਾਣਗੇ।ਡਾ. ਓਬਰਾਏ ਅਨੁਸਾਰ ਉਨ੍ਹਾਂ ਵਲੋਂ ਗੁਰੂ ਸਾਹਿਬ ਦੇ ਆਗਮਨ ਪੁਰਬ ਨੂੰ ਸਮਰਪਿਤ 100 ਲੈਬਾਰਟਰੀਆਂ ਸਥਾਪਿਤ ਕਰਨ ਦੇ ਮਿਥੇ ਗਏ ਟੀਚੇ ਨੂੰ ਇਸ ਸਾਲ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ।
ਇਸ ਦੌਰਾਨ ਟਰੱਸਟ ਦੇ ਸਿਹਤ ਸੇਵਾਵਾਂ ਦੇ ਸਲਾਹਕਾਰ ਡਾ. ਦਲਜੀਤ ਸਿੰਘ ਗਿੱਲ, ਗੁਰਦੁਆਰਾ ਪ੍ਰਧਾਨ ਤੇ ਐਮ.ਐਸ ਡਾ. ਕੇ.ਡੀ ਸਿੰਘ, ਜਨਰਲ ਸਕੱਤਰ ਡਾ. ਜਗਦੇਵ ਸਿੰਘ ਕੁਲਾਰ, ਪ੍ਰਿੰਸੀਪਲ ਡਾ. ਰਾਜੀਵ ਦੇਵਗਨ, ਸਤਨਾਮ ਮਾਣਕ, ਟਰੱਸਟ ਦੇ ਮੀਡੀਆ ਸਲਾਹਕਾਰ ਰਵਿੰਦਰ ਰੌਬਿਨ, ਮਾਝਾ ਜੋਨ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸਲਾਹਕਾਰ ਸੁਖਦੀਪ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਸਿਸ਼ਪਾਲ ਸਿੰਘ ਲਾਡੀ, ਹਰਿੰਦਰ ਸਿੰਘ ਸੇਖੋਂ, ਪ੍ਰਧਾਨ ਪ੍ਰਿੰਸ ਧੁੰਨਾ ਪੱਟੀ, ਧਰਮਬੀਰ ਮਲਹਾਰ, ਵਿਸ਼ਾਲ ਸੂਦ, ਡਾ. ਜਗਦੀਪਕ ਸਿੰਘ, ਡਾ. ਪਰਮੀਤ ਕੌਰ ਬੱਗਾ, ਡਾ. ਸ਼ੈਲਪ੍ਰੀਤ ਕੌਰ ਸਿੱਧੂ, ਡਾ. ਅਮਨਦੀਪ ਸਿੰਘ, ਡਾ. ਪ੍ਰਤਾਪ ਸਿੰਘ ਮਲਹੋਤਰਾ, ਡਾ. ਕੁਲਦੀਪ ਸਿੰਘ ਸਿੱਧੂ, ਡਾ. ਤੇਜਬੀਰ ਸਿੰਘ, ਡਾ. ਗੁਰਪ੍ਰੀਤ ਕੌਰ ਰੰਧਾਵਾ ਸਮੇਤ ਟਰੱਸਟ ਤੇ ਗੁਰਦੁਆਰਾ ਸਾਹਿਬ ਦੇ ਮੈਂਬਰ ਵੀ ਮੌਜ਼ੂਦ ਸਨ।