ਨਹਿਰੀ ਪਾਣੀ ਪੰਜਾਬ ਦੇ ਹਰ ਖੇਤ ਤੱਕ ਪੁੱਜਦਾ ਕਰ ਸਰਕਾਰ – ਬਿੱਕਰ ਸਿੰਘ ਮਾਨ ਕੋਟਲਾ
ਸਮਰਾਲਾ, 5 ਅਗਸਤ (ਇੰਦਰਜੀਤ ਸਿੰਘ ਕੰਗ) – ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਚੰਡੀਗੜ੍ਹ ਰੋਡ ਸਮਰਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ (ਦੋਆਬਾ)
ਇਕਾਈ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਬਲਾਕ ਪ੍ਰਧਾਨ ਮਾਛੀਵਾੜਾ ਦੀ ਅਗਵਾਈ ਹੇਠ ਹੋਈ।ਇਸ ਵਿੱਚ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਵਰਕਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਬਲਬੀਰ ਸਿੰਘ ਪ੍ਰਧਾਨ ਖੀਰਨੀਆਂ ਨੇ ਆਪਣੇ ਸੰਬੋਧਨ ‘ਚ ਸਭ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ ਗੰਨਾ ਉਤਪਾਦਕਾਂ ਦੀ ਬਕਾਇਆ ਰਾਸ਼ੀ ਅਦਾ ਕਰਨ ਦਾ ਐਲਾਨ ਕੀਤਾ।ਉਨ੍ਹਾਂ ਸਮਰਾਲਾ ਪ੍ਰਸਾਸ਼ਨ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਗੰਧਲੇ ਹੋ ਚੁੱਕੇ ਵਾਤਾਵਰਨ ਨੂੰ ਬਚਾਉਣ ਅਤੇ ਹਰਿਆ ਭਰਿਆ ਬਣਾਉਣ ਲਈ ਪਿਛਲੇ ਇੱਕ ਮਹੀਨੇ ਤੋਂ ਵੱਖ ਸਮਾਜਿਕ, ਧਾਰਮਿਕ ਅਤੇ ਕਿਸਾਨ ਜਥੇਬੰਦੀਆਂ ਦਰੱਖਤ ਲਾ ਰਹੀਆਂ ਹਨ।ਸੜਕਾਂ ਕਿਨਾਰੇ ਅਤੇ ਪਿੰਡਾਂ ਵਿੱਚ ਖੁੱਲੀਆਂ ਥਾਵਾਂ ‘ਤੇ ਗੁੱਜਰ ਆਪਣੇ ਪਸ਼ੂਆਂ ਦੇ ਝੁੰਡ ਸ਼ਰੇਆਮ ਲਈ ਫਿਰਦੇ ਹਨ, ਇਨ੍ਹਾਂ ਨੂੰ ਕੋਈ ਰੋਕਣ ਵਾਲਾ ਨਹੀਂ।ਜੇਕਰ ਕੋਈ ਕੁੱਝ ਕਹਿੰਦਾ ਹੈ ਤਾਂ ਉਹ ਆਪਣੀਆਂ ਔਰਤਾਂ ਨੂੰ ਅੱਗੇ ਕਰ ਲੜਾਈ ਕਰਨ ਲੱਗ ਜਾਂਦੇ ਹਨ।
ਯੂਨੀਅਨ ਨੇ ਇਸ ਸਬੰਧੀ ਮਤਾ ਪਾਸ ਕੀਤਾ ਕਿ ਆਉਂਦੇ ਦਿਨਾਂ ‘ਚ ਇਸ ਸਬੰਧੀ ਐਸ.ਡੀ.ਐਮ ਸਮਰਾਲਾ ਨੂੰ ਇਸ ਸਮੱਸਿਆ ਸਬੰਧੀ ਮੈਮੋਰੰਡਮ ਦਿੱਤਾ ਜਾਵੇਗਾ।ਜੇਕਰ ਮੰਗ ਪੱਤਰ ਦੇਣ ਦੇ ਇੱਕ ਹਫਤੇ ਦੇ ਅੰਦਰ ਅੰਦਰ ਪ੍ਰਸਾਸ਼ਨ ਨੇ ਇਸ ਸਬੰਧੀ ਕੋਈ ਕਦਮ ਨਾ ਚੁੱਕੇ ਤਾਂ ਉਨਾਂ ਦੀ ਯੂਨੀਅਨ ਅਣਮਿਥੇ ਸਮੇਂ ਲਈ ਧਰਨਾ ਲਗਾ ਦੇਵੇਗੀ।ਬਿੱਕਰ ਸਿੰਘ ਮਾਨ ਨੇ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਲਈ ਬਰਸਾਤ ਦੇ ਦਿਨਾਂ ਵਿੱਚ ਖਾਲੀ ਪਈਆਂ ਥਾਵਾਂ ‘ਤੇ ਬੂਟੇ ਲਗਾਉਣੇ ਚਾਹੀਦੇ ਹਨ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਿਛਲੇ ਸਮੇਂ ਦੀ ਤਰ੍ਹਾਂ ਨਹਿਰੀ ਪਾਣੀ ਜੋ ਪੰਜਾਬ ਦੇ ਹਰ ਖੇਤ ਤੱਕ ਪੁੱਜਦਾ ਸੀ, ਪ੍ਰੰਤੂ ਅੱਜ ਸੂਏ ਅਤੇ ਟੇਲਾਂ ਸੁੱਕੀਆਂ ਪਈਆਂ ਹਨ, ਕਿਸਾਨ ਧਰਤੀ ਹੇਠਲਾ ਪਾਣੀ ਹੀ ਜਿਆਦਾ ਵਰਤਦੇ ਹਨ, ਇਸ ਲਈ ਪੰਜਾਬ ਸਰਕਾਰ ਨੂੰ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਤਕ ਪਹੁੰਚਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਮੀਟਿੰਗ ਵਿੱਚ ਜਰਨੈਲ ਸਿੰਘ ਕਟਾਣਾ ਸਾਹਿਬ ਜਨ: ਸਕੱਤਰ, ਜੀਵਨ ਸਿੰਘ ਮੱਲ ਮਾਜ਼ਰਾ ਸਕੱਤਰ, ਰਾਜਿੰਦਰ ਸਿੰਘ ਮੱਲ ਮਾਜ਼ਰਾ, ਹਰਪ੍ਰੀਤ ਸਿੰਘ ਮੱਲ ਮਾਜ਼ਰਾ, ਸੁਰਿੰਦਰ ਸਿੰਘ ਮੱਲ ਮਾਜ਼ਰਾ, ਜਸਮੇਰ ਸਿੰਘ ਗਾਗੂ ਟੋਡਰਪੁਰ, ਜਸਵੀਰ ਸਿੰਘ ਪਵਾਤ, ਹੁਸ਼ਿਆਰ ਸਿੰਘ ਬੰਬ, ਅਮਰਜੀਤ ਸਿੰਘ ਟੋਡਰਪੁਰ, ਅਜੀਤ ਸਿੰਘ ਟੋਡਰਪੁਰ, ਕਰਮਜੀਤ ਸਿੰਘ ਕੋਟਲਾ ਸਮਸ਼ਪੁਰ, ਅਮਰੀਕ ਸਿੰਘ ਮੁਸ਼ਕਾਬਾਦ, ਨਵਜੀਵ ਸਿੰਘ ਕਟਾਣਾ ਸਾਹਿਬ, ਜਸਵੀਰ ਸਿੰਘ ਮੱਕੜ ਸਮਰਾਲਾ, ਬਹਾਦਰ ਸਿੰਘ ਮੰਜ਼ਾਲੀਆਂ ਆਦਿ ਹਾਜ਼ਰ ਸਨ।
Punjab Post Daily Online Newspaper & Print Media