ਕਿਹਾ, ਵਿਕਾਸ ਕਾਰਜ਼ਾਂ ਦੇ ਫੰਡਾਂ ‘ਚ ਕੋਈ ਕਮੀ ਨਹੀਂ
ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਜਿਲ੍ਹੇ ਅੰਦਰ ਜਿਨ੍ਹੇ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ।ਉਨਾਂ ਦੇ ਸਮੇਂ ਸੀਮਾ ਨੂੰ ਤੈਅ ਕੀਤਾ
ਜਾਵੇ ਅਤੇ ਮਿਥੇ ਸਮੇਂ ਦੌਰਾਨ ਹੀ ਸਾਰੇ ਕਾਰਜ ਮੁਕੰਮਲ ਹੋਣ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਮੁੱਖ ਸਕੱਤਰ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ -ਕਮ-ਪ੍ਰਭਾਰੀ ਸਕੱਤਰ ਅੰਮ੍ਰਿਤਸਰ ਰਾਮੇਸ਼ ਕੁਮਾਰ ਗੰਟਾ ਵਲੋਂ ਬੀਤੀ ਸ਼ਾਮ ਜਿਲ੍ਹੇ ਦੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਦੀ ਰੀਵਿਊ ਮੀਟਿੰਗ ਕਰਨ ਉਪਰੰਤ ਕੀਤਾ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਜਿਲੇ ਵਿੱਚ ਚੱਲ ਰਹੇ ਵਿਕਾਸ ਕਾਰਜ ਜਿਵੇਂ ਕਿ ਸਰਕਟ ਹਾਊਸ, ਬਾਓਗੈਸ ਪਲਾਂਟ, ਬੀ.ਆਰ.ਟੀ.ਸੀ ਪ੍ਰੋਜੈਕਟ, 22 ਨੰਬਰ ਫਾਟਕ ਅਤੇ ਪੁੱਲ ਦੀ ਉਸਾਰੀ, ਤੁੰਗ ਢਾਬ ਡਰੇਨ, ਸਰਕਾਰੀ ਬਿਲਡਿੰਗਾਂ ਤੇ ਸੋਲਰ ਸਿਸਟਮ ਲਗਾਉਣ ਸਬੰਧੀ ਪ੍ਰੋਜੈਕਟ ਅਤੇ ਹੋਰ ਚਲ ਰਹੇ ਵਿਕਾਸ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਮੁੱਖ ਸਕੱਤਰ ਨੂੰ ਦਿੱਤੀ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੰਟਾ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜ਼ਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਮਿਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰੇ ਵਿਕਾਸ ਕਾਰਜ ਗੁਣਵੱਤਾ ਭਰਪੂਰ ਹੋਣੇ ਚਾਹੀਦੇ ਹਨ।ਉਨਾਂ ਦੱਸਿਆ ਕਿ ਸਰਕਾਰ ਵਲੋਂ ਉਨਾਂ ਨੂੰ ਅੰਮ੍ਰਿਤਸਰ ਜਿਲੇ ਦੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਲਈ ਪ੍ਰਭਾਰੀ ਨਿਯੁੱਕਤ ਕੀਤਾ ਗਿਆ ਹੈ।ਉਨਾਂ ਕਿਹਾ ਕਿ ਜੇਕਰ ਕਿਸੇ ਵਿਕਾਸ ਕਾਰਜਾਂ ਵਿੱਚ ਸਮੱਸਿਆ ਪੇਸ਼ ਆਉਂਦੀ ਹੈ ਤਾਂ ਤੁਰੰਤ ਉਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਉਹ ਅੱਗੇ ਮੁੱਖ ਮੰਤਰੀ ਦੇ ਨਾਲ ਗੱਲ ਕਰਕੇ ਇਸ ਦਾ ਹੱਲ ਕਰਵਾ ਸਕਣ।
ਸੰਟਾ ਨੇ ਦੱਸਿਆ ਕਿ ਅੰਮ੍ਰਿਤਸਰ ਜਿਲ੍ਹਾ ਧਾਰਮਿਕ ਤੇ ਇਤਿਹਾਸਿਕ ਜਿਲਾ ਹੋਣ ਕਰਕੇ ਵੱਡੀ ਗਿਣਤੀ ‘ਚ ਸ਼ਰਧਾਲੂ ਰੋਜ਼ਾਨਾ ਇਥੇ ਆਉਂਦੇ ਹਨ।ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੈਰੀਟੇਜ਼ ਸਟਰੀਟ ਵਿੱਖੇ ਯਾਤਰੂਆਂ ਦੀ ਸਹੂਲਤ ਲਈ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ।ਉਨਾਂ ਪੁਲਿਸ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਸਨੈਚਿੰਗ ਤੇ ਵੀ ਕਾਬੂ ਪਾਇਆ ਜਾਵੇ।ਉਨਾਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਯੋਜਨਾ ਦੇ ਤਹਿਤ ਹਰੇਕ ਹਲਕੇ ਵਿੱਚ ਪੰਜਾਹ ਹਜ਼ਾਰ ਪੌਦੇ ਲਗਾਏ ਜਾਣੇ ਹਨ। ਉਨਾਂ ਕਿਹਾ ਕਿ ਇਨਾਂ ਪੌਦਿਆਂ ਨੂੰ ਲਗਾਉਣ ਦੇ ਨਾਲ-ਨਾਲ ਇਨਾਂ ਦੀ ਦੇਖ ਰੇਖ ਵੀ ਯਕੀਨੀ ਬਣਾਇਆ ਜਾਵੇ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਬੀਰ ਸਿੰਘ ਮੂਧਲ, ਸਹਾਇਕ ਕਮਿਸ਼ਨਰ ਜਨਰਲ ਮੈਡਮ ਗੁਰਸਿਮਰਨ ਕੌਰ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸਚਿਨ ਪਾਠਕ, ਐਸ.ਡੀ.ਐਮਜ਼ ਅੰਮ੍ਰਿਤਸਰ-1 ਮਨਕੰਵਲ ਸਿੰਘ, ਅਜਾਨਾਲਾ ਅਮਨਪ੍ਰੀਤ ਸਿੰਘ, ਸਿਵਲ ਸਰਜਨ ਡਾ. ਚਰਨਜੀਤ ਸਿੰਘ, ਜਿਲ੍ਹਾ ਮੰਡੀ ਅਫ਼ਸਰ ਅਮਨਦੀਪ ਸਿੰਘ, ਡੀ.ਐਸ.ਪੀ ਹੈਡਕੁਆਟਰ ਸ੍ਰੀਮਤੀ ਜਸਵੰਤ ਕੌਰ, ਜਿਲ੍ਹਾ ਮਾਲ ਅਫ਼ਸਰ ਸੰਜੀਵ ਸ਼ਰਮਾ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸੰਦੀਪ ਕੁਮਾਰ, ਐਕਸੀਅਨ ਵਾਟਰ ਸਪਲਾਈ ਪੰਕਜ ਜੈਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media