Wednesday, June 18, 2025
Breaking News

ਖਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬ ਆਟੌਨੋਮਸ ਕਾਲਜਾਂ ‘ਚ ਅੱਵਲ ਰਹਿਣ ‘ਤੇ ਖੁਸ਼ੀ ਦਾ ਇਜ਼ਹਾਰ

ਅੰਮ੍ਰਿਤਸਰ, 11 ਅਗਸਤ (ਖੁਰਮਣੀਆਂ) – ਖਾਲਸਾ ਕਾਲਜ ਅੰਮ੍ਰਿਤਸਰ ਵਲੋਂ ਅਧਿਅਨ ਦੇ ਅਧਾਰ ‘ਤੇ ਕਾਲਜਾਂ ਦੀ ਕੀਤੀ ਗਈ ਦਰਜ਼ਾਬੰਦੀ ’ਚ ਅੱਵਲ ਸਥਾਨ ਹਾਸਲ ਕਰਨਾ ਅੰਮ੍ਰਿਤਸਰ ਵਾਸੀਆਂ ਖਾਸ ਕਰਕੇ ਸਮੁੱਚੇ ਪੰਜਾਬੀਆਂ ਲਈ ਗੌਰਵਮਈ ਪ੍ਰਾਪਤੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਸਰਪ੍ਰਸਤ ਮਨਮੋਹਣ ਸਿੰਘ ਬਰਾੜ, ਪ੍ਰਧਾਨ ਹਰਦੀਪ ਸਿੰਘ ਚਾਹਲ, ਜਨਰਲ ਸਕੱਤਰ ਰਾਜਵਿੰਦਰ ਸਿੰਘ ਗਿੱਲ, ਨਿਸ਼ਾਨ ਸਿੰਘ, ਮਾਈਕਲ ਅਤੇ ਹੋਰ ਅਹੁਦੇਦਾਰਾਂ ਨੇ ਐਜੂਕੇਸ਼ਨ ਵਰਲਡ ਦੁਆਰਾ ਪੰਜਾਬ ਭਰ ਦੇ ਸਮੂਹ ਆਟੌਨੋਮਸ ਕਾਲਜਾਂ ਦੇ ਵਿੱਦਿਅਕ, ਖੇਡਾਂ ਅਤੇ ਖੋਜ਼ ਕਾਰਜ਼ਾਂ ਦੇ ਮਿਆਰ ਸਬੰਧੀ ਕੀਤੀ ਦਰਜ਼ਾਬੰਦੀ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਲੋਂ ਪਹਿਲਾ ਰੁਤਬਾ ਹਾਸਲ ਕਰਨ ‘ਤੇ ਪ੍ਰਸੰਨਤਾ ਦਾ ਇਜ਼ਹਾਰ ਕੀਤਾ ਹੈ।

                   ਉਨਾਂ ਕਿਹਾ ਕਿ ਐਜੂਕੇਸ਼ਨ ਵਰਲਡ ਦੁਆਰਾ (ੳ) ਫੈਕਲਟੀ ਦੀ ਯੋਗਤਾ (ਅ) ਫੈਕਲਟੀ ਦੀ ਭਲਾਈ ਅਤੇ ਵਿਕਾਸ (ੲ) ਪਾਠਕ੍ਰਮ ਅਤੇ ਸਿੱਖਿਆ ਸਾਸ਼ਤਰ (ਸ) ਰੁਜ਼ਗਾਰ ਪ੍ਰਾਪਤੀ ਸਹਾਇਤਾ (ਹ) ਸਾਜ਼-ਓ-ਸਮਾਨ ਅਤੇ ਸਹੂਲਤਾਂ (ਕ) ਅਗਵਾਈ ਅਤੇ ਸਾਸ਼ਨ ਯੋਗਤਾ ਆਦਿ ਖੇਤਰਾਂ ਵਿੱਚ ਕੀਤੇ ਅਧਿਅਨ ਦੇ ਅਧਾਰ ‘ਤੇ ਕਾਲਜਾਂ ਦੀ ਦਰਜ਼ਾਬੰਦੀ ਵਿੱਚ ਪੰਜਾਬ ਦੇ ਵਿੱਦਿਅਕ ਖੇਤਰ ਵਿੱਚ ਸਿਰ ਉੱਚਾ ਕਰਕੇ ਵਿਚਰਨ ਵਾਲੇ ਇਸ ਬੁਲੰਦ ਰੁਤਬੇ ਦੀ ਵਡਿਆਈ ਹਾਸਲ ਕਰਨਾ ਪ੍ਰਿੰਸੀਪਲ ਡਾ. ਮਹਿਲ ਸਿੰਘ ਭੁੱਲਰ ਦੀ ਸਿਰੜ੍ਹੀ, ਸੁਹਿਰਦ ਅਤੇ ਇਮਾਨਦਾਰਨਾ ਪਹੁੰਚ ਅਤੇ ਮਿਹਨਤ ਦੇ ਨਾਲ-ਨਾਲ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ੍ਰ. ਰਜਿੰਦਰ ਮੋਹਣ ਸਿੰਘ ਦੀ ਯੋਗ ਅਗਵਾਈ ਦਾ ਨਤੀਜ਼ਾ ਹੈ।
                   ਆਗੁਆਂ ਨੇ ਕਿਹਾ ਕਿ ਵਿੱਦਿਅਕ ਹਲਕਿਆਂ ਵਿੱਚ ਨਵੀਆਂ ਪੈੜਾਂ ਪਾਉਣ ਅਤੇ ਉਚਤਮ ਵਕਾਰ ਪ੍ਰਾਪਤ ਕਰਨ ਸਦਕਾ ਪੰਜਾਬ ਅਤੇ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਹਰਿਆਣਾ, ਰਾਜਸਥਾਨ ਦੇ ਪਾੜ੍ਹਿਆਂ ਦੀ ਖਾਲਸਾ ਕਾਲਜ ਅੰਮ੍ਰਿਤਸਰ ਪਹਿਲੀ ਪਸੰਦ ਬਣ ਗਿਆ ਹੈ। ਬਦਲਦੇ ਸਮੇਂ ਦੀਆਂ ਵਿੱਦਿਅਕ ਲੋੜਾਂ ਨੂੰ ਪੂਰਾ ਕਰਨ ਲਈ ਸ਼ੁਰੂ ਕੀਤੇ ਨਵੇਂ ਵਿਸ਼ਿਆਂ ਅਤੇ ਕੋਰਸਾਂ ਦੇ ਸਿੱਟੇ ਵਜੋਂ ਇਹ ਸਿਰਮੌਰ ਕਾਲਜ ਸਾਰੇ ਵਿਦਿਆਰਥੀਆਂ ਦੀਆਂ ਮੰਗਾਂ `ਤੇ ਪੂਰਾ ਉਤਰਨ ਕਰਕੇ ਉੱਚ ਸਿੱਖਿਆ ਹਾਸਿਲ ਕਰਨ ਵਾਲੇ ਸਿੱਖਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੈ।ਜਿਸ ਪਿਛੇ ਮਨਮੋਹਕ ਇਮਾਰਤ, ਸੈਂਕੜੇ ਏਕੜਾਂ ਵਿੱਚ ਫੈਲਿਆ ਖੁੱਲ੍ਹਾ ਡੁੱਲ੍ਹਾ ਹਰਿਆ ਭਰਿਆ ਵਿਸ਼ਾਲ ਕੈਂਪਸ, ਸਾਰੀਆਂ ਮਨਪਸੰਦ ਖੇਡਾਂ ਲਈ ਖੇਡ ਮੈਦਾਨ ਅਤੇ ਖੇਡ ਸਹੂਲਤਾਂ, ਅਧੁਨਿਕ ਪ੍ਰਯੋਗਸ਼ਾਲਾਵਾਂ, ਨਵੀਨਤਮ ਸਹੂਲਤਾਂ ਪ੍ਰਾਪਤ ਹੋਸਟਲ, ਸਾਹਿਤਕ ਸਰਗਰਮੀਆਂ ਅਤੇ ਖੋਜ ਕਾਰਜ਼, ਪ੍ਰੋਫੈਸਰ ਸਾਹਿਬਾਨ ਅਤੇ ਬਾਕੀ ਸਟਾਫ਼ ਮੈਂਬਰ ਸਾਹਿਬਾਨ ਦਾ ਵਿੱਦਿਆਰਥੀਆਂ ਪ੍ਰਤੀ ਮੋਹ-ਅਪਣੱਤ ਭਰਿਆ ਵਤੀਰਾ ਹਨ।
                     ਪੰਜਾਬ ਦੇ ਰੁਜ਼ਗਾਰ ਥੁੜੇ ਹਾਲਾਤਾਂ ਦੀ ਵਜ੍ਹਾ ਕਾਰਨ ਬਹੁਗਿਣਤੀ ਘਰਾਂ ਦੇ ਬੱਚਿਆਂ ਵਲੋਂ ਵਿਦੇਸ਼ਾਂ ਨੂੰ ਪਰਵਾਸ ਦੀ ਮਜ਼ਬੂਰੀ ਕਾਰਨ ਪੰਜਾਬ ਦੇ ਕਈ ਕਾਲਜ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਪਰ ਖਾਲਸਾ ਕਾਲਜ ਅੰਮ੍ਰਿਤਸਰ ਵਿਦਿਆਰਥੀਆਂ ਦੀ ਗਿਣਤੀ ਪੱਖੋਂ ਵੀ ਚੜ੍ਹਦੀ ਕਲਾ ਵਿੱਚ ਹੈ। ਸਖ਼ਤ ਮੁਕਾਬਲੇ ਦੇ ਸਮੇਂ ਪੰਜਾਬ ਸੂਬੇ ਦੇ ਸਾਰੇ ਕਾਲਜਾਂ ਵਿਚੋਂ ਖਾਲਸਾ ਕਾਲਜ ਅੰਮ੍ਰਿਤਸਰ ਦਾ ਉਚਤਮ ਅਤੇ ਨਿਵੇਕਲਾ ਸਥਾਨ ਹਾਸਲ ਕਰਨ ਵਿੱਚ ਕਾਲਜ ਦੇ ਸਮੂਹ ਪ੍ਰੋਫੈਸਰ ਸਾਹਿਬਾਨ ਅਤੇ ਨੌਨ-ਟੀਚਿੰਗ (ਗੈਰ-ਵਿੱਦਿਅਕ) ਕਰਮਚਾਰੀ ਵਧਾਈ ਅਤੇ ਵਡਿਆਈ ਦੇ ਦੇ ਹੱਕਦਾਰ ਹਨ।
                       ਵਰਨਣਯੋਗ ਹੈ ਕਿ ਸਵਾ ਸਦੀ ਪੁਰਾਤਨ ਇਸ ਕਾਲਜ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਵਾਲੇ ਖਿਡਾਰੀ, ਕੌਮੀ ਪੱਧਰ ਦੇ ਅਧਿਕਾਰੀ, ਨਾਮੀ ਸਾਹਿਤਕਾਰ, ਰੰਗਮੰਚ ਕਲਾਕਾਰ, ਧਾਰਮਿਕ ਵਿਦਵਾਨ, ਖੇਤੀ ਵਿਗਿਆਨੀ, ਰਾਜਨੀਤਕ ਨੇਤਾ ਆਦਿ ਖੇਤਰਾਂ ਦੀਆਂ ਸ਼ਖਸੀਅਤਾਂ ਸਿਰਜ਼ ਕੇ ਨਾਮਣਾ ਖੱਟਿਆ ਹੈ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …