15 ਅਗਸਤ ਨੂੰ ਮੀਤ ਹੇਅਰ ਤਰਨਤਾਰਨ ‘ਚ ਲਹਿਰਾਉਣਗੇ ਤਿਰੰਗਾ
ਤਰਨਤਾਰਨ, 14 ਅਗਸਤ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪੱਧਰ ‘ਤੇ ਮਨਾਏ ਜਾ ਰਹੇ ਆਜ਼ਾਦੀ ਦਿਵਸ ਪ੍ਰੋਗਰਾਮ ਦੀ ਫੁੱਲ ਡਰੈਸ ਰਿਹਰਸਲ ਅੱਜ ਪੁਲਿਸ ਸਟੇਡੀਅਮ ਵਿਖੇ ਕਰਵਾਈ ਗਈ, ਜਿਸ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਅਤੇ ਜਿਲ੍ਹਾ ਪੁਲਿਸ ਮੁਖੀ ਰਣਜੀਤ ਸਿੰਘ ਢਿਲੋਂ ਵਿਸ਼ੇਸ਼ ਤੌਰ ‘ਤੇ ਪੁੱਜੇ।ਵੱਖ-ਵੱਖ ਪੰਜਾਬ ਪੁਲਿਸ, ਪੰਜਾਬ ਜੇਲ੍ਹ ਗਾਰਡ, ਪੰਜਾਬ ਹੋਮ ਗਾਰਡ, ਐਨ ਸੀ ਸੀ ਦੇ ਬੱਚਿਆਂ ਦੇ ਪੁਲਿਸ ਬੈਂਡ ਦੇ ਨਾਲ-ਨਾਲ ਸਕੂਲ ਬੈਂਡ ਦੀਆਂ ਟੀਮਾਂ ਨੇ ਪਰੇਡ ਵਿਚ ਹਿੱਸਾ ਲਿਆ।ਤਿਰੰਗਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਅਦਾ ਕੀਤੀ ਅਤੇ ਪਰੇਡ ਤੋਂ ਸਲਾਮੀ ਲਈ। ਕਰੋਨਾ ਦੀਆਂ ਹਦਾਇਤਾਂ ਅਤੇ ਕਈ ਸਕੂਲਾਂ ਵਿਚ ਬੱਚਿਆਂ ਦੇ ਕੋਵਿਡ ਪਾਜ਼ੀਟਵ ਆਏ ਹੋਣ ਕਾਰਨ ਇਸ ਵਾਰ ਵੀ ਜਿਲੇ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਕੀਤੇ ਜਾਂਦੇ ਪੀ.ਟੀ ਸ਼ੋਅ, ਕੋਰੀਓਗ੍ਰਾਫੀ, ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਨਹੀਂ ਕਰਵਾਈ ਜਾ ਰਹੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜ਼ਾਦੀ ਦਿਵਸ ਦੇ ਜਸ਼ਨਾਂ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜ ਰਹੇ ਹਨ ਅਤੇ ਉਹ ਇਸ ਦਿਨ ਸਟੇਡੀਅਮ ਵਿਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ।ਉਨਾਂ ਜਿਲ੍ਹਾ ਵਾਸੀਆਂ ਨੂੰ ਵੱਧ-ਚੜ੍ਹ ਕੇ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ।ਉਨਾਂ ਨੇ ਕਿਹਾ ਕਿ ਇਹ ਸਾਡਾ ਰਾਸ਼ਟਰੀ ਤਿਉਹਾਰ ਹੈ, ਨਾ ਕਿ ਕੇਵਲ ਬੱਚਿਆਂ ਜਾਂ ਸਰਕਾਰੀ ਕਰਮਚਾਰੀਆਂ ਦਾ। ਇਸ ਲਈ ਸਾਨੂੰ ਸਾਰਿਆਂ ਨੂੰ ਇਹ ਤਿਉਹਾਰ ਰਲ-ਮਿਲ ਕੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਸਕੱਤਰ ਸਿੰਘ ਬੱਲ, ਐਸ.ਡੀ ਐਮ ਰਜਨੀਸ਼ ਅਰੋੜਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।