Tuesday, September 15, 2026

ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਆਲੇ ਦੁਆਲੇ ਦੀ ਦਿੱਖ ਨਿਖਾਰੀ ਜਾਵੇਗੀ – ਨਿੱਜ਼ਰ

ਸ਼ਹੀਦਾਂ ਦੇ ਸ਼ਮਸ਼ਾਨ ਘਾਟ ਵਿੱਚ ਬਿਜਲੀ ਨਾਲ ਸੰਸਕਾਰ ਦੀ ਵਿਵਸਥਾ ਹੋਵੇਗੀ ਛੇਤੀ ਸ਼ੁਰੂ

ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਅਸਥਾਨ ਗੁਰਦੁਆਰਾ ਬਾਬਾ ਸ਼ਹੀਦਾਂ ਦੇ ਆਲੇ ਦੁਆਲੇ ਦੀ ਦਿੱਖ ਨਿਖਾਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।ਇਸ ਤਹਿਤ ਅੱਜ ਉਨਾਂ ਨੇ ਖੁਦ ਜਾ ਕੇ ਸੜਕ ਕਿਨਾਰੇ ਖਾਲੀ ਥਾਵਾਂ ਤੇ ਦਰਖੱਤ ਲਗਾਏ ਅਤੇ ਸਫ਼ਾਈ ਕਰਵਾਈ। ਆਪਣੇ ਸੰਬੋਧਨ ਵਿੱਚ ਉਨਾਂ ਕਿਹਾ ਕਿ ਇਹ ਸਾਡਾ ਪਵਿੱਤਰ ਅਸਥਾਨ ਹੈ ਅਤੇ ਲੱਖਾਂ ਸੰਗਤ ਰੋਜ਼ਾਨਾ ਦੇਸ਼ ਵਿਦੇਸ਼ ਵਿੱਚੋਂ ਇਥੇ ਆਉਂਦੀ ਹੈ, ਸੋ ਸਾਨੂੰ ਇਸ ਦੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ।ਉਨਾਂ ਇਥੇ ਕਾਰੋਬਾਰ ਕਰਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਰੱਖਣ।ਉਨਾਂ ਕਿਹਾ ਕਿ ਸੜਕਾਂ ਲੋਕਾਂ ਦੇ ਲੰਘਣ ਲਈ ਹਨ, ਤੁਹਾਡੇ ਕਾਰੋਬਾਰ ਕਰਨ ਲਈ ਨਹੀਂ।ਉਨਾਂ ਨੇ ਜੋੜਾ ਘਰ ਵਿੱਚ ਸੇਵਾ ਕਰਦੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਕਿ ਉਹ ਇਥੇ ਵਾਹਨ ਪਾਰਕ ਕਰਦੇ ਲੋਕਾਂ ਨੂੰ ਸਮਝਾ ਕੇ ਪਾਰਕਿੰਗ ਵਿੱਚ ਆਪਣੀ ਗੱਡੀ ਖੜੀ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ।ਇਸ ਇਲਾਕੇ ਵਿੱਚ ਸੇਵਾ ਕਰਦੇ ਕਾਰ ਸੇਵਾ ਵਾਲੇ ਸੰਤ ਬਾਬਾ ਭੂਰੀ ਵਾਲਿਆਂ ਦੀਆਂ ਕੋਸ਼ਿਸਾਂ ਦੀ ਸਰਹਾਨਾ ਕਰਦੇ ਕਿਹਾ ਕਿ ਇਨਾਂ ਨੇ ਇਸ ਇਲਾਕੇ ਵਿੱਚ ਰੁੱਖ ਲਗਾਉਣ ਅਤੇ ਸਫ਼ਾਈ ਦੀ ਜੋ ਮੁਹਿੰਮ ਸ਼ੁਰੂ ਕੀਤੀ ਹੈ ਉਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।ਜਿਸ ਨਾਲ ਇਲਾਕੇ ਵਿੱਚ ਹਰੇ ਭਰੇ ਰੁੱਖ ਅਤੇ ਸਫ਼ਾਈ ਦਿਖਾਈ ਦੇਣ ਲੱਗੀ ਹੈ।
             ਉਨਾਂ ਨੇ ਵਾਤਾਵਰਨ ਬਚਾਉਣ ਲਈ ਜਲਦੀ ਹੀ ਬਾਬੇ ਸ਼ਹੀਦਾਂ ਵਾਲੇ ਸ਼ਮਸ਼ਾਨਘਾਟ ਵਿੱਚ ਬਿਜਲੀ ਨਾਲ ਅੰਤਮ ਸੰਸਕਾਰ ਕਰਨ ਦੀ ਵਿਵਸਥਾ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ।ਉਨਾਂ ਕਿਹਾ ਕਿ ਇਕ ਸੁਚੇਤ ਨਾਗਰਿਕ ਵਜੋਂ ਮੈਂ ਆਪਣੇ ਬੱਚਿਆਂ ਨੂੰ ਕਹਾਂਗਾ ਕਿ ਉਹ ਮੇਰਾ ਸੰਸਕਾਰ ਵੀ ਬਿਜਲੀ ਜਾਂ ਗੈਸ ਨਾਲ ਕਰਨ ਨਾ ਕਿ ਲੱਕੜ ਨਾਲ।ਉਨਾਂ ਕਿਹਾ ਕਿ ਰੁੱਖਾਂ ਦੀ ਬਰਬਾਦੀ ਰੋਕਣ ਲਈ ਸਾਨੂੰ ਸਾਰਿਆਂ ਨੂੰ ਵਹਿਮ ਭਰਮ ਛੱਡ ਕੇ ਅੰਤਮ ਸੰਸਕਾਰ ਬਿਜਲੀ ਜਾਂ ਗੈਸ ਨਾਲ ਹੀ ਕਰਨੇ ਚਾਹੀਦੇ ਹਨ, ਤਾਂ ਜੋ ਰੁੱਖਾਂ ਦੀ ਬਰਬਾਦੀ ਨਾ ਹੋਵੇ।ਉਨਾਂ ਨੇ ਪੌਦੇ ਲਗਾ ਕੇ ਉਕਤ ਇਲਾਕੇ ਦੀ ਹਰਿਆਵਲ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ।ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸਚਿਨ ਪਾਠਕ ਨੇ ਨਿੱਜਰ ਨੂੰ ਤਿਰੰਗਾ ਭੇਟ ਕਰਕੇ ਹਰ ਘਰ ਤਿਰੰਗਾ ਮੁਹਿੰਮ ਦਾ ਆਗਾਜ਼ ਕੀਤਾ।
                 ਇਸ ਮੌਕੇ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲੇ ਅਤੇ ਹੋਰ ਮੋਹਤਬਰ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਐਜੂਕੇਸ਼ਨ ਵਿਖੇ ਅਧਿਆਪਕ …