ਅੰਮ੍ਰਿਤਸਰ, 16 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਚਵਿੰਡਾ ਦੇਵੀ, ਖ਼ਾਲਸਾ ਕਾਲਜ ਪਬਲਿਕ ਸਕੂਲ, ਜੀ.ਟੀ
ਰੋਡ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਅਜ਼ਾਦੀ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।ਇਹਨਾਂ ਸੰਸਥਾਵਾਂ ’ਚ ਪਬਲਿਕ ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਅਤੇ ਇੰਟਰਨੈਸ਼ਨਲ ਸਕੂਲ ਦੇ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।
ਚਵਿੰਡਾ ਦੇਵੀ ਕਾਲਜ ਵਿਖੇ ਐਨ.ਐਸ.ਐਸ ਯੂਨਿਟ ਵਲੋਂ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਪ੍ਰੋਗਰਾਮ ਅਧੀਨ ਹਰ ਘਰ ਤਿਰੰਗਾ ਮੁਹਿੰਮ ਤਹਿਤ ਕੇਂਦਰ ਸਰਕਾਰ ਵਲੋਂ ਪ੍ਰਾਪਤ ਆਦੇਸ਼ਾਂ ਅਨੁਸਾਰ ਯੂਨਿਟ ਦੇ ਵਲੰਟੀਅਰਾਂ ਵਲੋਂ ਕਾਲਜ ਦੇ ਵਿਦਿਆਰਥੀਆਂ, ਸਟਾਫ਼ ਅਤੇ ਅਪਣਾਏ ਗਏ ਪਿੰਡ ਚਵਿੰਡਾ ਦੇਵੀ ਵਿਖੇ ਤਿਰੰਗੇ ਝੰਡੇ ਵੰਡੇ ਗਏ।ਪ੍ਰਿੰ: ਗੁਰਦੇਵ ਸਿੰਘ ਨੇ ਸਮੂਹ ਵਿਦਿਆਰਥੀਆਂ ਨੂੰ ਤਿਰੰਗੇ ਦੀ ਸ਼ਾਨ ਅਤੇ ਹੋਂਦ ਪ੍ਰਤੀ ਜਾਗਰੂਕ ਕਰਦਿਆਂ ਆਜ਼ਾਦੀ ਹਾਸਲ ਕਰਨ ਲਈ ਕੁਰਬਾਨੀ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਵਿਦਿਆਰਥੀਆਂ ਨੂੰ ਆਜ਼ਾਦ ਭਾਰਤ ਦੇ ਨਾਗਰਿਕ ਹੋਣ ‘ਤੇ ਵਧਾਈ ਦਿੱਤੀ।50 ਦੇ ਲਗਭਗ ਵਲੰਟੀਅਰਾਂ ਨੇ ਤਿਰੰਗੇ ਨਾਲ ਤਸਵੀਰਾਂ ਖਿਚਵਾ ਕੇ ਭਾਰਤ ਸਰਕਾਰ ਵੱਲੋਂ ਜ਼ਾਰੀ ਵੈਬਸਾਈਟ ਉਪਰ ਕਰਕੇ ਵਿਭਾਗ ਵਲੋਂ ਵਿਸ਼ੇਸ਼ ਸਰਟੀਫਿਕੇਟ ਪ੍ਰਾਪਤ ਕੀਤੇ।ਵਿਭਾਗ ਦੇ ਇੰਚਾਰਜ਼ ਪ੍ਰੋ. ਰਣਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਝੰਡੇ ਦੇ ਸਨਮਾਨ ਪ੍ਰਤੀ ਪ੍ਰੇਰਿਤ ਕੀਤਾ।
ਇਸੇ ਤਰ੍ਹਾਂ ਹੀ ਪਬਲਿਕ ਸਕੂਲ ਵਿਖੇ ਅਜ਼ਾਦੀ ਦਿਵਸ ਦੇਸ਼ ਭਗਤੀ ਦੀਆਂ ਭਾਵਨਾਵਾਂ ਸਹਿਤ ਮਨਾਇਆ ਗਿਆ।ਪੰਜਾਬ ਐਂਡ ਸਿੰਧ ਬੈਂਕ ਸੀਨੀਅਰ ਮੈਨੇਜਰ ਤੇ ਰਾਸ਼ਟਰੀ ਹਾਕੀ ਖਿਡਾਰੀ ਜਸਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਪ੍ਰਿੰ: ਗਿੱਲ ਨਾਲ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ। ਉਪਰੰਤ ਐਨ.ਸੀ.ਸੀ ਕੈਡਿਟਾਂ, ਸਕੂਲ ਬੈਂਡ ਟੀਮ ਅਤੇ ਸਕੂਲ ਦੇ ਖੇਡ ਨਾਇਕਾਂ ਵਲੋਂ ਮਾਰਚ ਪਾਸਟ ਕੀਤਾ ਗਿਆ।
ਦੇਸ਼ ਭਗਤੀ ਦੇ ਗੀਤ, ਭਾਸ਼ਣ ਅਤੇ ਡਾਂਸ ਸਮੇਤ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਅਤੇ ਪੰਜਾਬੀ ਲੋਕ ਨਾਚ ਭੰਗੜਾ ਦੀ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।ਪ੍ਰਿੰ: ਗਿੱਲ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਮਹਾਨ ਨੇਤਾਵਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਨਕਸ਼ੇ-ਕਦਮਾਂ ’ਤੇ ਚੱਲ ਕੇ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਅਤੇ ਦੇਸ਼ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਪ੍ਰੇਰਿਤ ਕੀਤਾ।
ਇਸੇ ਤਰ੍ਹਾਂ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਪ੍ਰਿੰ: ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਰਾਸ਼ਟਰੀ ਗੀਤ ਅਤੇ ਰਾਸ਼ਟਰ ਗਾਨ ਦਾ ਗਾਇਨ ਵੀ ਕੀਤਾ ਗਿਆ।ਸ੍ਰੀਮਤੀ ਗਿੱਲ ਨੇ ਕਿਹਾ ਕਿ ਸ਼ਹੀਦਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ।ਸਕੂਲ ਦੁਆਰਾ ਸੁਤੰਤਰਤਾ ਦਿਵਸ ਨੂੰ ਸਮਰਪਿਤ ਪੋਸਟਰ ਮੇਕਿੰਗ, ਫੈਂਸੀ ਡਰੈਸ, ਸਲੋਗਨ ਰਾਈਟਿੰਗ ਆਦਿ ਮੁਕਾਬਲੇ ਵੀ ਕਰਵਾਏ ਗਏ, ਜਿਸ ’ਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media