Friday, April 24, 2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਲਖੀਮਪੁਰ ਖੀਰੀ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਰੋੋਕ ਰੇਲ

ਝੋਨੇ ਦੀ ਖਰੀਦ ਸਬੰਧੀ ਸ਼ਰਤਾਂ ਦਾ ਕੀਤਾ ਵਿਰੋਧ, ਕਿਹਾ ਬਿਜਲੀ ਵੰਡ ਲਾਇਸੈਂਸ 2022 ਵਾਪਿਸ ਲਵੇ ਸਰਕਾਰ

ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪੰਜਾਬ ਪੱਧਰੀ ਐਲਾਨ ਦੇ ਚੱਲਦੇ ਅੱਜ ਲਾਖੀਮਪੁਰ ਖੀਰੀ ਕਤਲਕਾਂਡ ਦਾ ਇੱਕ ਸਾਲ ਪੂਰਾ ਹੋ ਜਾਣ ਦੇ ਬਾਅਦ ਵੀ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਨਾ ਮਿਲਣ ‘ਤੇ ਅੱਜ ਪੰਜਾਬ ਭਰ ‘ਚ ਜਥੇਬੰਦੀ ਵਲੋਂ 17 ਜਗ੍ਹਾ ਰੇਲ ਰੋਕੋ ਪ੍ਰਦਰਸ਼ਨ ਕੀਤੇ ਗਏ।ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਨੇ ਵੱਲ੍ਹਾ ਵਿਖੇ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਜ਼ਾਮ ਕਰਕੇ ਰੋਸ ਮੁਜ਼ਾਹਰਾ ਕੀਤਾ।ਆਗੂਆਂ ਨੇ ਇਸ ਸਮੇਂ ਕਿਹਾ ਕਿ ਦਿੱਲੀ ਮੋਰਚੇ ਦੀ ਜਿੱਤ ਵਿਚ 750 ਤੋਂ ਵੱਧ ਕੁਰਬਾਨੀਆਂ ਹੋਈਆਂ, ਜਿੰਨਾ ਵਿਚੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਕੁਰਬਾਨੀ ਨੇ ਅੰਦੋਲਨ ਵਿਚ ਇੱਕ ਵੱਖਰੀ ਕਿਸਮ ਦਾ ਰੋਹ ਭਰਿਆ।ਉਹਨਾ ਕਿਹਾ ਕਿ ਤਰਾਸਦੀ ਹੈ ਕਿ ਉਸ ਕਤਲਕਾਂਡ ਦੇ ਸਾਜ਼ਿਸ਼ ਕਰਤਾ ਅਜੈ ਮਿਸ਼ਰਾ ਟੈਣੀ ਅੱਜ ਵੀ ਪਾਰਲੀਮੈਂਟ ਵਿੱਚ ਮੰਤਰੀ ਦੇ ਅਹੁੱਦੇ ‘ਤੇੇ ਬੈਠਾ ਹੈ ਜਦਕਿ ਘਟਨਾ ਵਾਲੀ ਥਾ ‘ਤੇ ਮੌਜ਼ੂਦ ਕਿਸਾਨਾਂ ਖਿਲਾਫ ਪਰਚੇ ਪਾਏ ਗਏ ਹਨ।ਉਹਨਾ ਕਿਹਾ ਕਿ ਅੱਜ ਦਾ ਰੇਲ ਰੋਕੋ ਅੰਦੋਲਨ ਮੰਗ ਕਰਦਾ ਹੈ ਕਿ ਉਨਾਂ ਨੂੰ ਰਿਹਾ ਕਰਕੇ ਕਿਸਾਨਾਂ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਅਜੈ ਮਿਸ਼ਰਾ ਟੈਣੀ ਨੂੰ ਮੰਤਰੀ ਦੇ ਅਹੁੱਦੇ ਤੋਂ ਬਰਖਾਸਤ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।ਜਿਲਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਰਾਜਾਂ ਦੇ ਹੱਕਾਂ ‘ਤੇ ਡਾਕੇ ਮਾਰ ਕੇ ਤਾਕਤ ਦੇ ਕੇਂਦਰੀਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਫੈਡਰਲ ਢਾਂਚੇ ‘ਤੇ ਹਮਲਾ ਹੈ।ਜਿਸ ਵਿਚ ਉਸ ਨੇ ਨਵਾਂ ਕੰਮ ਬਿਜਲੀ ਵੰਡ ਲਾਇਸੈਂਸ ਨਿਯਮ 2022 ਬਣਾ ਕੇ ਕੀਤਾ ਹੈ।ਉਹਨਾ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਅਦਾਰਾ ਇੱਕੋ ਵਾਰ ਪੂਰੀ ਤਰਾਂ ਵੇਚਣ ਵਿਚ ਅਸਫਲ ਰਹਿਣ ‘ਤੇ ਇਸਨੂੰ ਹਿੱਸਿਆਂ ਵਿੱਚ ਕਾਰਪੋਰੇਟ ਹਵਾਲੇ ਕਰ ਰਹੀ ਹੈ।ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ, ਖਜਾਨਚੀ ਕੰਧਾਰਾ ਸਿੰਘ ਅਤੇ ਮੀਤ ਪ੍ਰਧਾਨ ਬਾਜ਼ ਸਿੰਘ ਸਾਰੰਗੜਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਮੋਦੀ ਸਰਕਾਰ ਨਾਲ ਮਿਲ ਕੇ ਉਹੀ ਕਾਰਪੋਰੇਟ ਪੱਖੀ ਤੇ ਲੋਕ ਮਾਰੂ ਨੀਤੀਆਂ ‘ਤੇ ਚੱਲ ਰਹੀ ਹੈ, ਜਿਸ ਤਹਿਤ ਝੋਨੇ ਦੀ ਖਰੀਦ ‘ਤੇ ਨਵੀਆਂ ਸ਼ਰਤਾਂ ਲਾਈਆਂ ਜਾ ਰਹੀਆਂ ਹਨ, ਫਸਲਾਂ ਦੇ ਕੁਦਰਤੀ ਮਾਰ ਕਰਕੇ ਹੋਏ ਨੁਕਸਾਨਾਂ ਦੇ ਮੁਆਵਜ਼ੇ ਨਹੀਂ ਦਿੱਤੇ ਜਾ ਰਹ।ਉਹਨਾ ਮੰਗ ਕੀਤੀ ਕਿ ਖਰਾਬ ਹੋਈਆਂ ਫਸਲਾਂ ਦਾ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ ਅਤੇ ਅਮਰਦੀਪ ਗੋਪੀ ਨੇ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦਾ।ਇਸ ਲਈ ਸਰਕਾਰ ਪਰਾਲੀ ਦਾ ਕੋਈ ਪੁਖਤਾ ਹੱਲ ਕਰੇ ਜਾਂ ਕਿਸਾਨ ਨੂੰ 7 ਹਜ਼ਾਰ ਰੁਪਏ ਦਿੱਤੇ ਜਾਣ।ਵੱਲਾ ਤੋਂ ਇਲਾਵਾ ਪੰਜਾਬ ਭਰ ਵਿੱਚ 8 ਥਾਵਾਂ ‘ਤੇ ਪੁਤਲੇ ਫੂਕ ਮੁਜ਼ਾਹਰੇ ਵੀ ਕੀਤੇ ਗਏ।ਜਿਸ ਵਿਚ ਹਜ਼ਾਰਾਂ ਕਿਸਾਨ, ਮਜ਼ਦੂਰ ਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ ।
ਇਸ ਮੌਕੇ ਜਿਲ੍ਹਾ ਆਗੂ ਕੰਵਰਦਲੀਪ ਸੈਦੋਲੇਹਲ, ਬਲਵਿੰਦਰ ਸਿੰਘ, ਜਿਲ੍ਹਾ ਆਗੂ ਸੁਖਦੇਵ ਸਿੰਘ ਚਾਟੀਵਿੰਡ, ਜਿਲ੍ਹਾ ਆਗੂ ਸਕੱਤਰ ਸਿੰਘ ਕੋਟਲਾ, ਜਿਲ੍ਹਾ ਆਗੂ ਗੁਰਦੇਵ ਸਿੰਘ ਗੱਗੋਮਾਹਲ ਸਵਿੰਦਰ ਸਿੰਘ ਰੂਪੋਵਾਲੀ, ਚਰਨਜੀਤ ਸਿੰਘ ਸਫ਼ੀਪੁਰ, ਅਮਨਿੰਦਰ ਸਿੰਘ, ਚਰਨ ਸਿੰਘ, ਸਵਰਨ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ ਕਜ਼ੀਕੋਟ, ਗੁਰਭੇਜ ਸਿੰਘ ਝੰਡੇ, ਦਿਲਬਾਗ ਸਿੰਘ, ਕਿਰਪਾਲ ਸਿੰਘ ਕਲੇਰ ਮਾਂਗਟ, ਕੰਵਲਜੀਤ ਵਨਚੜੀ, ਪ੍ਰਭਜੋਤ ਸਿੰਘ, ਅੰਗਰੇਜ਼ ਸਿੰਘ, ਸੁਖਜਿੰਦਰ ਸਿੰਘ, ਕੁਲਬੀਰ ਸਿੰਘ, ਕੁਲਜੀਤ ਸਿੰਘ, ਕੁਲਬੀਰ ਸਿੰਘ, ਨਰਿੰਦਰ ਸਿੰਘ, ਮੁਖਵਿੰਦਰ ਸਿੰਘ, ਕੁਲਵੰਤ ਰਾਜਾਤਾਲ, ਗੁਰਲਾਲ ਸਿੰਘ ਕੱਕੜ ਅਤੇ ਹੋਰ ਜ਼ੋਨ ਅਤੇ ਪਿੰਡ ਪੱਧਰੀ ਆਗੂ ਹਾਜ਼ਰ ਸਨ।

 

 

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …