ਅੰਮ੍ਰਿਤਸਰ, 4 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ-ਗ੍ਰੈਜੂਏਟ ਡਿਪਾਰਟਮੈਂਟ ਆਫ਼ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵਲੋਂ ‘ਕਾਰੋਬਾਰ
ਪ੍ਰਬੰਧਨ ’ਚ ਸੂਚਨਾ ਤਕਨਾਲੋਜੀ ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਦਿੱਤੇ ਗਏ ਸਹਿਯੋਗ ਸਦਕਾ ਕਰਵਾਏ ਇਸ ਸੈਮੀਨਾਰ ’ਚ ਡੀ.ਏ.ਵੀ ਯੂਨੀਵਰਸਿਟੀ ਜਲੰਧਰ ਦੇ ਡੀਨ ਅਤੇ ਐਸੋਸੀਏਟ ਪ੍ਰੋਫੈਸਰ ਡਾ. ਮਾਣਿਕ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਪਾਰਕ ਪ੍ਰਦਰਸ਼ਨ ਅਨੁਕੂਲ ਬਣਾਉਣ ਲਈ ਲੋੜੀਂਦੇ ਵੱਖ-ਵੱਖ ਆਈ.ਟੀ ਹੁਨਰਾਂ ਤੋਂ ਜਾਣੂ ਕਰਵਾਉਣਾ ਸੀ।
ਡੀਨ ਅਤੇ ਮੁੱਖੀ ਡਾ. ਏ.ਕੇ ਕਾਹਲੋਂ ਨੇ ਸ਼ਰਮਾ ਦਾ ਡਾ. ਮਹਿਲ ਸਿੰਘ ਵਲੋਂ ਸਵਾਗਤ ਕੀਤਾ, ਜਦਕਿ ਕੋਆਰਡੀਨੇਟਰ ਡਾ. ਰਛਪਾਲ ਸਿੰਘ ਨੇ ਪ੍ਰੋਗਰਾਮ ਦੇ ਵਿਸ਼ੇ ’ਤੇ ਚਾਨਣਾ ਪਾਉਂਦਿਆਂ ਵਿਸ਼ੇਸ਼ ਮਹਿਮਾਨ ਦੀ ਜਾਣ-ਪਛਾਣ ਕਰਵਾਈ।
ਇਸ ਮੌਕੇ ਸੂਚਨਾ ਤਕਨਾਲੋਜੀ ਅਤੇ ਇਸ ਦੀ ਮਹੱਤਤਾ ਦਾ ਵਿਸ਼ਾਲ ਅਤੇ ਡੂੰਘਾ ਗਿਆਨ ਰੱਖਣ ਵਾਲੇ ਡਾ. ਸ਼ਰਮਾ ਨੇ ਸੁਰੱਖਿਅਤ ਕਾਰੋਬਾਰ ਲਈ ਆਈ.ਟੀ.ਦੀ ਮਹੱਤਤਾ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਸੂਚਨਾ ਤਕਨਾਲੋਜੀ ਅਤੇ ਸੰਚਾਰ ਪ੍ਰਣਾਲੀਆਂ ਨਾਲ ਸਬੰਧਿਤ ਹਰੇਕ ਵਸਤੂ ਦੀ ਨਿਗਰਾਨੀ ਅਤੇ ਪ੍ਰਬੰਧਨ ਕਰਨਾ ਹਰੇਕ ਕੰਪਨੀ ਦਾ ਅਹਿਮ ਹਿੱਸਾ ਹੈ।ਉਨ੍ਹਾਂ ਨੇ ਭਾਗੀਦਾਰਾਂ ਨੂੰ ਸੰਚਾਰ ਅਤੇ ਕਾਰਜ ਸਥਾਨ ਦੇ ਹੁਨਰ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ’ਤੇ ਵੀ ਚਾਨਣਾ ਪਾਇਆ।100 ਤੋਂ ਵਧੇਰੇ ਵਿਦਿਆਰਥੀਆਂ ਨੇ ਪ੍ਰੋਗਰਾਮ ’ਚ ਭਾਗ ਲਿਆ ਅਤੇ ਬੈਂਕਿੰਗ, ਵਿੱਤ ਅਤੇ ਬੀਮਾ ਖੇਤਰ ’ਚ ਨੌਕਰੀਆਂ ਅਤੇ ਇੰਟਰਵਿਊ ਲਈ ਲੋੜੀਂਦੇ ਆਈ. ਟੀ. ਹੁਨਰਾਂ ਬਾਰੇ ਗਿਆਨ ਪ੍ਰਾਪਤ ਕੀਤਾ। ਸੈਮੀਨਾਰ ਦੌਰਾਨ ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ. ਅਜੇ ਸਹਿਗਲ ਅਤੇ ਹੋਰ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।
ਡਿਜ਼ੀਟਲ ਮਾਰਕੀਟਿੰਗ ਦੇ ਵਿਹਾਰਾਕ ਪਹਿਲੂਆਂ ’ਤੇ ਵਰਕਸ਼ਾਪ
ਖਾਲਸਾ ਕਾਲਜ ਫਾਰ ਵੁਮੈਨ ਵਿਖੇ ਪੀ.ਜੀ ਡਿਪਾਰਟਮੈਂਟ ਆਫ਼ ਕਾਮਰਸ ਐਂਡ ਮੈਨੇਜਮੈਂਟ ਵਲੋਂ ਡਿਜ਼ੀਟਲ ਮਾਰਕੀਟਿੰਗ ਦੇ ਵਿਹਾਰਕ ਪਹਿਲੂਆਂ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਨਿਰਦੇਸ਼ਾਂ ’ਤੇ ਇਸ ਵਰਕਸ਼ਾਪ ’ਚ ਡਿਜ਼ੀਟਲ ਮਾਰਕੀਟਿੰਗ ਦੇ ਸਹਾਇਕ ਪ੍ਰੋਫੈਸਰ ਸੂੂਰਜ ਪ੍ਰਕਾਸ਼ ਨੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਵੈਬਸਾਈਟ ਬਣਾਉਣ, ਬਲੌਗ ਡਿਜ਼ਾਈਨਿੰਗ, ਸੋਸ਼ਲ ਮੀਡੀਆ ਪ੍ਰਬੰਧਨ, ਐਫੀਲੀਏਟ ਮਾਰਕੀਟਿੰਗ ਵਰਗੇ ਵੱਖ-ਵੱਖ ਸਾਧਨਾਂ ਦੀ ਵਰਤੋਂ ਕਰਨ ਸਬੰਧੀ ਗੁਰ ਪ੍ਰਦਾਨ ਕੀਤੇ।ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਐਫੀਲੀਏਟ ਪ੍ਰੋਗਰਾਮਾਂ ਰਾਹੀਂ ਕਮਾਈ ਕਰਨ ਲਈ ਇਨ੍ਹਾਂ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media