18 ਅਕਤੂਬਰ ਨੂੰ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਦਿੱਤੇ ਜਾਣਗੇ ਮੰਗ ਪੱਤਰ
ਸਮਰਾਲਾ, 13 ਅਕਤੂਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਯੂਨੀਅਨ ਦੇ ਐਗਜੈਟਿਵ ਮੈਂਬਰ, ਬਲਾਕ ਦੇ ਪ੍ਰਧਾਨ ਅਤੇ ਲੁਧਿਆਣਾ ਜ਼ਿਲ੍ਹੇ ਦੇ ਕਿਸਾਨ ਮਜ਼ਦੂਰ ਸ਼ਾਮਲ ਹੋਏ।ਮੀਟਿੰਗ ਵਿੱਚ ਕਿਸਾਨੀ ਮੁੱਦਿਆਂ ‘ਤੇ ਵਿਚਾਰਾਂ ਕੀਤੀਆਂ ਗਈਆਂ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜ਼ਰਾ ਨੇ ਕਿਹਾ ਕਿ ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ, ਹਰੇਕ ਸਾਲ ਪੂਦੂਸ਼ਣ ਲਈ ਸਰਕਾਰ ਕਿਸਾਨਾਂ ਨੂੰ ਜਿੰਮੇਵਾਰ ਠਹਿਰਾ ਦਿੰਦੀ ਹੈ, ਜਦੋਂ ਕਿ ਕਿਸਾਨ ਤਾਂ ਮਜ਼ਬੂਰੀ ਵੱਸ ਸਾਲ ਵਿੱਚ ਇਕ ਵਾਰੀ 8 ਪ੍ਰਤੀਸ਼ਤ ਪ੍ਰਦੂਸ਼ਣ ਕਰਦਾ ਹੈ, ਪ੍ਰੰਤੂ ਲੱਖਾਂ ਮੋਟਰ ਗੱਡੀਆਂ, ਹਜ਼ਾਰਾਂ ਕਾਰਖ਼ਾਨੇ ਪ੍ਰਦੂਸ਼ਣ ਫੈਲਾ ਰਹੇ ਹਨ ਉਨ੍ਹਾਂ ਉਪਰ ਪ੍ਰਦੂਸ਼ਣ ਕੰਟਰੋਲ ਬੋਰਡ ਜਾਂ ਸਰਕਾਰ ਕੋਈ ਪਰਚਾ ਦਰਜ਼ ਨਹੀਂ ਕਰਦੀ।ਇਸ ਵਾਰ ਫਿਰ ਪੰਜਾਬ ਸਰਕਾਰ ਪਰਾਲੀ ਦੀ ਸਾਂਭ ਸੰਭਾਲ ਲਈ 80 ਪ੍ਰਤੀਸ਼ਤ ਕਿਸਾਨਾਂ ਨੂੰ ਲੋੜੀਦੀ ਮਸ਼ੀਨਰੀ ਅਤੇ ਸਬਸਿਡੀ ਨਾ ਦੇਣ ਵਿੱਚ ਫੇਲ ਸਾਬਤ ਹੋਈ ਹੈ, ਜਿਸ ਕਾਰਨ ਮਜ਼ਬੂਰੀ ਵੱਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਤੇ ਸਰਕਾਰ ਪਰਚੇ ਦਰਜ ਕਰਦੀ ਹੈ ਜਾਂ ਫਰਦ ਵਿੱਚ ਲਾਲ ਐਂਟਰੀ ਕਰਦੀ ਹੈ ਤਾਂ ਸਾਡੀ ਯੂਨੀਅਨ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢ ਦੇਵੇਗੀ, ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਕਿਸਾਨਾਂ ਉਪਰ ਪਿਛਲੀਆਂ ਸਰਕਾਰਾਂ ਵਲੋਂ ਪਰਚੇ ਦਰਜ਼ ਕੀਤੇ ਹਨ ਜਾਂ ਕੋਰਟ ਵਿੱਚ ਕੇਸ ਚੱਲ ਰਹੇ ਹਨ, ਉਹ ਤੁਰੰਤ ਵਾਪਸ ਕੀਤੇ ਜਾਣ।18 ਅਕਤੂਬਰ ਨੂੰ ਬੀ.ਕੇ.ਯੂ (ਲੱਖੋਵਾਲ) ਜ਼ਿਲ੍ਹਾ ਪੱਧਰ ‘ਤੇ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਇਸ ਸਬੰਧੀ ਮੰਗ ਪੱਤਰ ਦੇਵੇਗੀ।
ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ ਸਮੇਂ ਤੋਂ ਝੋਨੇ ਦਾ ਬਿਮਾਰੀ ਅਤੇ ਬੇਮੌਸਮੀ ਬਰਸਾਤ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਲਿੰਪੀ ਸਕਿਨ ਦੀ ਬਿਮਾਰੀ ਨੇ ਪਸ਼ੂ ਪਾਲਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੀਮਾਰ ਪਸ਼ੂਆਂ ਦਾ ਪੰਜਾਹ ਹਜ਼ਾਰ ਰੁਪਏ ਅਤੇ ਮਰ ਚੁੱਕੇ ਪਸ਼ੂਆਂ ਦਾ ਇੱਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।ਬਰਸਾਤ ਹੋਣ ਕਾਰਨ ਮੰਡੀਆਂ ਵਿੱਚ ਆ ਰਹੀ ਜੀਰੀ ਵਿੱਚ ਨਮੀ ਦੀ ਮਾਤਰਾ 17 ਪ੍ਰਤੀਸ਼ਤ ਤੋਂ ਵਧਾ ਕੇ 22 ਪ੍ਰਤੀਸ਼ਤ ਕੀਤੀ ਜਾਵੇ।ਕੰਬਾਈਨ ਅਤੇ ਟਰੈਕਟਰ ਨੂੰ 15 ਸਾਲ ਦੀ ਸ਼ਰਤ ਤੋਂ ਬਾਹਰ ਰੱਖਿਆ ਜਾਵੇ।ਜੀਰੀ ਦੀ ਸਿੱਧੀ ਬਿਜਾਈ ਦੇ 1500 ਰੁਪਏ ਦੇਣ ਸਬੰਧੀ ਪੰਜਾਬ ਸਰਕਾਰ ਨੇ ਜੋ ਕਿਹਾ ਸੀ, ਉਹ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇ।
ਮੀਟਿੰਗ ਵਿੱਚ ਗੁਰਸੇਵਕ ਸਿੰਘ ਮੰਜਾਲੀ ਕਲਾਂ ਪ੍ਰਧਾਨ ਬਲਾਕ ਸਮਰਾਲਾ, ਅੰਮਿ੍ਰਤ ਸਿੰਘ ਰਾਜੇਵਾਲ ਪ੍ਰਧਾਨ ਬਲਾਕ ਖੰਨਾ, ਗਿਆਨ ਸਿੰਘ ਮੰਡ ਪ੍ਰਧਾਨ ਬਲਾਕ ਲੁਧਿਆਣਾ-2, ਮਿੱਠੂ ਜਟਾਣਾ ਪ੍ਰਧਾਨ ਬਲਾਕ ਦੋਰਾਹਾ, ਮਿੰਦਰ ਸਿੰਘ, ਰਵਿੰਦਰ ਸਿੰਘ ਬਲਾਕ ਮਾਛੀਵਾੜਾ, ਹਰਦੀਪ ਸਿੰਘ ਭਰਥਲਾ, ਹਰਪ੍ਰੀਤ ਸਿੰਘ ਬਾਲਿਓਂ, ਬਲਜਿੰਦਰ ਸਿੰਘ, ਪਰਵਿੰਦਰ ਸਿੰਘ, ਕਮਿੱਕਰ ਸਿੰਘ, ਰਾਮ ਸਿੰਘ ਸਰਪੰਚ ਢੀਂਡਸਾ, ਸੁਰਮੁੱਖ ਸਿੰਘ ਭੰਗਲਾਂ, ਸੁਖਦੀਪ ਸਿੰਘ, ਬਲਜਿੰਦਰ ਸਿੰਘ ਬੌਂਦਲੀ, ਰਣਧੀਰ ਸਿੰਘ, ਸੁਰਿੰਦਰ ਸਿੰਘ ਖੱਟਰਾਂ, ਹਰਗੁਰਮੁੱਖ ਸਿੰਘ ਦਿਆਲਪੁਰਾ, ਬਲਵੰਤ ਸਿੰਘ ਮੰਜਾਲੀਆਂ, ਹਰਿੰਦਰ ਸਿੰਘ, ਜਗਜੀਤ ਸਿੰਘ ਮੁਤਿਓਂ, ਹਰਜਿੰਦਰ ਸਿੰਘ, ਬਹਾਦਰ ਸਿੰਘ ਪਪੜੌਦੀ ਆਦਿ ਹਾਜ਼ਰ ਸਨ।