ਬਜ਼ੁਰਗ ਮਾਤਾ ਦੀ ਜ਼ਮੀਨ ‘ਤੇ ਕਬਜ਼ਾ ਕਰਵਾਉਣ ਵਾਲੇ ਵਿਧਾੲਕਿ ਦਸੂਹਾ ਦੇ ਜਿਲੇ ‘ਚ ਫੂਕੇ ਪੁਤਲੇ
ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਤੇ ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਜਿਲਾ ਹੁਸ਼ਿਆਰਪੁਰ ਦੇ ਪਿੰਡ ਬੁੱਧੋ ਰਕਤ ਦੀ 80 ਸਾਲਾ ਬਜ਼ੁਰਗ ਮਾਤਾ ਰਜਿੰਦਰ ਕੌਰ ਜੋ 1988 ਤੋਂ ਆਪਣੀ 1 ਏਕੜ ਜ਼ਮੀਨ ਉਤੇ ਖੇਤੀ ਕਰ ਰਹੀ ਹੈ, ਉਸਦੇ ਦੋ ਪੁੱਤਰ ਜੋ ਅੰਨੇ ਅਤੇ ਅਪਾਹਿਜ਼ ਹਨ।ਉਸ ਬਜ਼ੁਰਗ ਮਾਤਾ ਦੀ ਜ਼ਮੀਨ ‘ਤੇ ਹਲਕਾ ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਦੀ ਸ਼ਹਿ ‘ਤੇ ਉਸਦੇ ਬੰਦਿਆਂ ਵਲੋਂ ਕਬਜ਼ਾ ਕਰ ਲਿਆ ਗਿਆ।ਜਿਸ ਦੇ ਖਿਲਾਫ਼ ਜਥੇਬੰਦੀ ਵੱਲੋਂ 17 ਅਕਤੂਬਰ ਤੋਂ ਥਾਣਾ ਦਸੂਹਾ ਅੱਗੇ ਧਰਨਾ ਚੱਲ ਰਿਹਾ ਹੈ।ਇਸ ਦੀ ਹਮਾਇਤ ਵਿੱਚ ਜਥੇਬੰਦੀ ਵਲੋਂ ਅੱਜ ਪੂਰੇ ਜਿਲੇ ਵਿੱਚ ਭਗਵੰਤ ਮਾਨ ਸਰਕਾਰ ਅਤੇ ਹਲਕਾ ਦਸੂਹਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਦੇ ਪੁੱਤਲੇ ਫੂਕੇ ਗਏ।ਆਗੂਆਂ ਨੇ ਕਿਹਾ ਕਿ ਪਿੰਡਾਂ ਤੋਂ ਸਰਕਾਰ ਚਲਾਉਣ ਅਤੇ ਬਦਲਾਅ ਦਾ ਰੋਲਾ ਪਾਉਣ ਵਾਲੀ ਮੌਜ਼ੂਦਾ ਆਪ ਸਰਕਾਰ ਅਤੇ ਉਸ ਦੇ ਮੰਤਰੀਆਂ ਦਾ ਅਸਲੀ ਚਿਹਰਾ ਸਾਹਮਣੇ ਆ ਚੁੱਕਾ ਹੈ।ਜੇਕਰ ਪ੍ਰਸ਼ਾਸਨ ਵੱਲੋਂ ਬਜੁਰਗ ਮਾਤਾ ਨੂੰ ਇਨਸਾਫ ਨਾ ਦਿਵਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਜ਼ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਦਿੱਲੀ ਜੰਮੂ ਕਟੜਾ ਹਾਈਵੇਅ ਲਈ ਮਜੀਠਾ ਹਲਕੇ ਦੇ ਪਿੰਡ ਭੈਣੀ ਗਿੱਲ ਵਿਖੇ ਬਿਨਾਂ ਮੁਆਵਜ਼ਾ ਦਿਤੇ ਕਿਸਾਨ ਹਰਵਿੰਦਰ ਸਿੰਘ ਦੀ ਜ਼ਮੀਨ ਅਕੁਵਾਇਰ ਕਰਨ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਕਿਸੇ ਵੀ ਹਾਈਵੇਅ ਅਧੀਨ ਆਉਂਦੀਆਂ ਜ਼ਮੀਨਾਂ ਬਿਨਾਂ ਕਿਸਾਨਾਂ ਦੀ ਪੂਰਨ ਸਹਿਮਤੀ ਅਤੇ ਬਿਨਾਂ ਮੁਆਵਜਾ ਦਿੱਤੇ ਬਿਲਕੁੱਲ ਅਕੁਵਾਇਰ ਨਹੀਂ ਹੋਣ ਦਿੱਤੀਆਂ ਜਾਣਗੀਆਂ।ਆਗੂਆਂ ਨੇ ਮੋਦੀ ਸਰਕਾਰ ਵਲੋਂ ਕਣਕ ਦੇ ਭਾਅ ਵਿੱਚ 110 ਰੁਪਏ ਦਾ ਕੀਤਾ ਨਿਗੂਣਾ ਵਾਧਾ ਰੱਦ ਕਰਦਿਆਂ ਕਣਕ ਦਾ ਭਾਅ ਡਾਕ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ 3300 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ।
ਚੱਬਾ ਚੌਂਕ ਵਿਖੇ ਪੁਤਲਾ ਫੂਕਣ ਸਮੇਂ ਜੋਨ ਆਗੂ ਮੰਗਵਿੰਦਰ ਸਿੰਘ ਮੰਡਿਆਲਾ, ਨਿਸ਼ਾਨ ਸਿੰਘ ਚੱਬਾ, ਡਾ: ਬਲਵਿੰਦਰ ਸਿੰਘ, ਬਲਦੇਵ ਸਿੰਘ, ਨਿਰਵੈਲ ਸਿੰਘ, ਕੁਲਦੀਪ ਸਿੰਘ ਚੱਬਾ, ਮੰਗਜੀਤ ਸਿੰਘ ਸਿੱਧਵਾਂ, ਹਰਦੇਵ ਸਿੰਘ ਸਾਂਘਣਾ, ਗੁਰਦੀਪ ਸਿੰਘ ਨੰਬਰਦਾਰ, ਗੁਰਮੀਤ ਸਿੰਘ ਮੰਡਿਆਲਾ, ਰਣਜੀਤ ਸਿੰਘ, ਬਲਬੀਰ ਸਿੰਘ, ਲਾਡੀ ਚੱਬਾ ਤੇ ਹੋਰ ਕਿਸਾਨ ਮਜ਼ਦੂਰ ਹਾਜ਼ਰ ਸਨ।