Thursday, May 29, 2025
Breaking News

ਬੀ.ਕੇ.ਯੂ (ਖੋਸਾ) ਦੀ ਮੀਟਿੰਗ ‘ਚ ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ਵਿੱਚ ਕੀਤਾ ਵਾਧਾ ਮੁੱਢੋਂ ਖਾਰਜ਼

ਸਮਰਾਲਾ, 19 ਅਕਤੂਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ ਖੋਸਾ (ਰਜਿ:) ਪੰਜਾਬ ਦੀ ਮਹੀਨਾਵਾਰ ਮੀਟਿੰਗ ਇਕਾਈ ਪ੍ਰਧਾਨ ਬੂਟਾ ਸਿੰਘ ਗਹਿਲੇਵਾਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬੌਂਦਲੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਵੱਖ ਵੱਖ ਬੁਲਾਰਿਆਂ ਨੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬੌਂਦਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰਤੀ ਏਕੜ 2500 ਰੁਪਏ ਦੇਣ ਦਾ ਐਲਾਨ ਕੀਤਾ ਸੀ, ਪ੍ਰੰਤੂ ਹੁਣ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਤਾਂ ਕੀ ਦੇਣਾ ਸੀ, ਸਗੋਂ ਧਮਕੀਆਂ ‘ਤੇ ਉਤਰ ਆਈ ਹੈ।ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੀਆਂ ਜਮਾਂਬੰਦੀਆਂ ਵਿੱਚ ਲਾਲ ਐਂਟਰੀਆਂ ਦਰਜ਼ ਕਰਨ ਲਈ ਕਿਹਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ, ਜੇਕਰ ਸਰਕਾਰ ਨੇ ਕਿਸਾਨਾਂ ਨੂੰ ਡਰਾਇਆ ਜਾਂ ਕੋਈ ਹੋਰ ਕਾਰਵਾਈ ਕੀਤੀ ਤਾਂ ਸਾਡੀ ਜਥੇਬੰਦੀ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਖੜ੍ਹੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਣਕ ਦੇ ਭਾਅ ਵਿੱਚ ਕੀਤੇ ਮਾਮੂਲੀ ਵਾਧੇ ਨੂੰ ਕਿਸਾਨਾਂ ਨਾਲ ਮਜ਼ਾਕ ਦੱਸਿਆ ਕਿ ਯੂਨੀਅਨ ਇਸ ਨਗੂਣੇ ਵਾਧੇ ਨੂੰ ਮੂਲੋਂ ਰੱਦ ਕਰਦੀ ਹੈ, ਜਦੋਂ ਕਿ ਖਾਦ, ਬੀਜ਼ ਅਤੇ ਦਵਾਈਆਂ ਦੇ ਰੇਟ ਅਸਮਾਨੀ ਛੂਹਣ ਲੱਗੇ ਹਨ।ਉਨ੍ਹਾਂ ਸਮਰਾਲਾ ਹਲਕੇ ਦੇ ਅਨੇਕਾਂ ਪਿੰਡਾਂ ਵਿੱਚ ਚਾਇਨਾ ਵਾਇਰਸ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਬਿਲਕੁੱਲ ਬਰਬਾਦ ਹੋ ਗਈ ਸੀ, ਉਨ੍ਹਾਂ ਲਈ ਕਿਸੇ ਕਿਸਮ ਦੀ ਕੋਈ ਰਾਹਤ ਦਾ ਐਲਾਨ ਅਜੇ ਤੱਕ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪੰਜਾਬ ਦੇ ਹਰੇਕ ਹਲਕੇ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਲਈ ਯੋਗ ਮੁਆਵਜੇ ਦਾ ਐਲਾਨ ਕਰੇ।
ਮੀਟਿੰਗ ਵਿੱਚ ਜਸ਼ਨਦੀਪ ਸਿੰਘ ਟੱਪਰੀਆਂ, ਪ੍ਰੋ. ਬਲਜੀਤ ਸਿੰਘ ਬੌਂਦਲੀ, ਜਸਦੀਪ ਸਿੰਘ ਬੌਂਦਲੀ, ਦਵਿੰਦਰ ਸਿੰਘ ਭੱਟੀ, ਜਸਦੀਪ ਸਿੰਘ ਟੱਪਰੀਆਂ, ਗੁਰਮੁੱਖ ਸਿੰਘ ਅਦਿ ਤੋਂ ਇਲਾਵਾ ਇਕਾਈ ਸਮਰਾਲਾ ਦੇ ਹੋਰ ਵੀ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …