Monday, June 2, 2025
Breaking News

ਡਾ. ਅਰਵਿੰਦਰ ਕੌਰ ਧਾਲੀਵਾਲ ਦੁਆਰਾ ਰਚਿਤ ਕਹਾਣੀ-ਸੰਗ੍ਰਹਿ `ਝਾਂਜਰਾਂ ਵਾਲੇ ਪੈਰ` ‘ਤੇ ਵਿਚਾਰ-ਗੋਸ਼ਟੀ ਕਰਵਾਈ

ਅੰਮ੍ਰਿਤਸਰ, 20 ਅਕਤੀਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਖੋਜ਼-ਮੰਚ ਵਲੋਂ ਡਾ. ਅਰਵਿੰਦਰ ਕੌਰ ਧਾਲੀਵਾਲ ਦੁਆਰਾ ਰਚਿਤ ਕਹਾਣੀ-ਸੰਗ੍ਰਹਿ `ਝਾਂਜਰਾਂ ਵਾਲੇ ਪੈਰ` ‘ਤੇ ਵਿਚਾਰ- ਗੋਸ਼ਟੀ ਕਰਵਾਈ ਗਈ।ਇਸ ਦੀ ਪ੍ਰਧਾਨਗੀ ਪ੍ਰੋ. ਸਰਬਜੋਤ ਸਿੰਘ ਬਹਿਲ ਡੀਨ ਅਕਾਦਮਿਕ ਯੂਨੀਵਰਸਿਟੀ ਨੇ ਕੀਤੀ।ਪੁਸਤਕ ਲੇਖਿਕਾ ਅਰਵਿੰਦਰ ਕੌਰ ਧਾਲੀਵਾਲ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ।ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਅਰਵਿੰਦਰ ਕੌਰ ਧਾਲੀਵਾਲ ਦੇ ਕਥਾ ਸੰਸਾਰ ਨੂੰ ਇਸਮਤ ਚੁਗਤਾਈ ਨਾਲ ਤੁਲਨਾਇਆ ਤੇ ਕਿਹਾ ਕਿ ਇਸ ਕਹਾਣੀ-ਸੰਗ੍ਰਹਿ ਵਿੱਚ ਭਾਵਪੂਰਤ ਨਾਰੀ ਸੰਵੇਦਨਾ ਲਗਾਤਾਰ ਪ੍ਰਵਾਹਿਤ ਰਹਿੰਦੀ ਹੈ।ਡਾ. ਮਨਜਿੰਦਰ ਸਿੰਘ ਨੇ ਇਸ ਵਿਚਾਰ-ਗੋਸ਼ਟੀ ਵਿੱਚ ਨਿੱਕੀ ਕਹਾਣੀ ਦੇ ਸਿਧਾਂਤਕ ਮੁਹਾਂਦਰੇ `ਤੇ ਬੋਲਦਿਆਂ ਕਿਹਾ ਕਿ ਆਧੁਨਿਕ ਨਿੱਕੀ ਕਹਾਣੀ ਆਪਣੇ ਛੋਟੇ ਆਕਾਰ ਕਰਕੇ ਆਧੁਨਿਕ ਨਹੀਂ ਹੈ, ਬਲਕਿ ਇਹ ਸਾਧਾਰਨ ਮਨੁੱਖ ਦੀ ਸੰਵੇਦਨਾ ਦਾ ਬਿਰਤਾਂਤ ਸਿਰਜਣ ਕਰਕੇ ਆਧੁਨਿਕ ਹੈ।ਉਹਨਾਂ ਕਿਹਾ ਕਿ ਅਰਵਿੰਦਰ ਕੌਰ ਧਾਲੀਵਾਲ ਦੀਆਂ ਕਹਾਣੀਆਂ ਮਾਨਵੀ ਤਣਾਉ ਦੀ ਪੇਸ਼ਕਾਰੀ ਕਰਦੀਆਂ ਹਨ, ਪਰ ਉਨ੍ਹਾਂ ਦੀ ਕਹਾਣੀ ਦੇ ਪਾਤਰ ਜ਼ਿੰਦਗੀ ਵਿੱਚ ਹਾਰ ਨਹੀਂ ਮੰਨਦੇ ਸਗੋਂ ਜਿੰਦਗੀ ਜਿਊਣ ਲਈ ਸੰਘਰਸ਼ਸ਼ੀਲ ਰਹਿੰਦੇ ਹਨ।
ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਰਮਿੰਦਰ ਕੌਰ ਨੇ ਇਸ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਰਵਿੰਦਰ ਕੌਰ ਧਾਲੀਵਾਲ ਦੀ ਕਹਾਣੀ ਯਥਾਰਥ ਕੇਂਦਰਿਤ ਤੇ ਸਹਿਜ਼ ਬਿਰਤਾਂਤ ਵਾਲੀ ਹੈ।ਡਾ. ਕੰਵਲਦੀਪ ਕੌਰ ਨੇ ਇਸ ਕਹਾਣੀ-ਸੰਗ੍ਰਹਿ ਦੀ ਬਣਤਰ ਅਤੇ ਪ੍ਰਵਚਨ-ਜੁਗਤ ਦੇ ਵਿਭਿੰਨ ਧਰਾਤਲਾਂ ਨੂੰ ਉਜਾਗਰ ਕੀਤਾ।ਉਨ੍ਹਾਂ ਕਿਹਾ ਕਿ ਇਹ ਕਹਾਣੀਆਂ ਕਿਸੇ ਵੀ ਵਿਸ਼ੇਸ਼ ਵਰਗ ਨੂੰ ਮੁਖਾਤਿਬ ਹੋਣ ਦੀ ਬਜ਼ਾਏ ਮਾਨਵੀ ਅਸਤਿੱਤਵ ਦੇ ਮਸਲਿਆਂ ਦਾ ਪ੍ਰਵਚਨ ਸਿਰਜ਼ਦੀਆਂ ਹਨ।
ਵਿਭਾਗ ਦੀ ਖੋਜ਼ ਵਿਦਿਆਰਥਣ ਸ਼ਰਨਦੀਪ ਕੌਰ ਨੇ `ਝਾਂਜਰਾਂ ਵਾਲੇ ਪੈਰ` ਪੁਸਤਕ ਦੇ ਥੀਮਿਕ ਪਸਾਰਾਂ ਬਾਰੇ ਖੋਜ਼-ਪੱਤਰ ਪੇਸ਼ ਕੀਤਾ।ਡਾਕਟਰ ਅਰਵਿੰਦਰ ਕੌਰ ਧਾਲੀਵਾਲ ਨੇ ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਆਪਣੀ ਕਹਾਣੀ ਸਿਰਜਣਾ, ਵਿਸ਼ਿਆਂ ਦੀ ਚੋਣ ਅਤੇ ਨਿਭਾਉ ਸਬੰਧੀ ਨੁਕਤੇ ਸਾਂਝੇ ਕੀਤੇ।ਮੰਚ-ਸੰਚਾਲਨ ਡਾ. ਪਵਨ ਕੁਮਾਰ ਦੁਆਰਾ ਕੀਤਾ ਗਿਅ।ਵਿਭਾਗ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਧੰਨਵਾਦ ਕੀਤਾ।
ਇਸ ਮੌਕੇ ਡਾ. ਮੇਘਾ ਸਲਵਾਨ, ਡਾ. ਹਰਿੰਦਰ ਕੌਰ ਸੋਹਲ, ਹਰਮੀਤ ਆਰਟਿਸਟ, ਡਾ. ਇੰਦਰਪ੍ਰੀਤ ਕੌਰ , ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ ਬੁੱਟਰ, ਖੋਜ਼ ਵਿਦਿਆਰਥੀ ਤੇ ਆਮ ਵਿਦਿਆਰਥੀ ਵੱਡੀ ਗਿਣਤੀ ‘ਚ ਹਾਜ਼ਰ ਸਨ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …