ਅੰਮ੍ਰਿਤਸਰ 22 ਅਕਤੂਬਰ (ਸੁਖਬੀਰ ਸਿੰਘ) – ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਅਤੇ ਸੁਪਰੀਮ ਕੌਂਸਲ ਨਵੀਂ ਮੁੰਬਈ
ਗੁਰਦੁਆਰਾ ਕਮੇਟੀ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ ਤਿਆਰ ਕਰਨ ਪ੍ਰਤੀ ਸਿੱਖ ਕੌਮ ਨੂੰ ਇਕ ਹੋਰ ਤੋਹਫ਼ਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਧਾਈ ਦਿੱਤੀ ਹੈ ।
ਉਨ੍ਹਾਂ ਕਿਹਾ ਕਿ ਗੋਬਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਤਕ 1163 ਕਰੋੜ ਲਾਗਤ ਨਾਲ ਬਣਨ ਵਾਲਾ 14 ਕਿਲੋਮੀਟਰ ਦਾ ਰੋਪਵੇਅ ਸ੍ਰੀ ਕਰਤਾਰਪੁਰ ਲਾਂਘੇ ਅਤੇ ਵੀਰ ਬਾਲ ਦਿਵਸ ਤੋਂ ਬਾਅਦ ਸਿੱਖ ਪੰਥ ਲਈ ਇਕ ਹੋਰ ਵੱਡੀ ਪ੍ਰਾਪਤੀ ਹੈ।ਜਿਸ ਦੀ ਸਭ ਨੂੰ ਪ੍ਰਸੰਸਾ ਤੇ ਸ਼ਲਾਘਾ ਕਰਨੀ ਚਾਹੀਦੀ ਹੈ।ਸਮੁੰਦਰੀ ਤੱਟ ਤੋਂ 13650 ਫੁੱਟ ’ਤੇ ਸਥਿਤ ਰਮਣੀਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਸ੍ਰੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਰਬਲੇ ਜਨਮ ਦਾ ਤਪ ਸਥਾਨ ਹੈ।ਇਸ ਕਾਰਨ ਸਿੱਖ ਸੰਗਤਾਂ ਵਿਚ ਇਸ ਪ੍ਰਤੀ ਬੜੀ ਭਾਰੀ ਸ਼ਰਧਾ ਅਤੇ ਆਸਥਾ ਹੈ।ਰੋਪਵੇਅ ਦੇ ਮੁਕੰਮਲ ਹੋਣ ਨਾਲ ਯਾਤਰਾ ਦਾ ਸਮਾਂ ਘਟ ਕੇ 45 ਮਿੰਟ ਰਹਿ ਜਾਵੇਗਾ।ਜਿਸ ਨਾਲ ਹੁਣ ਉਹ ਸ਼ਰਧਾਲੂ ਵੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਸੁਖਾਲੇ ਕਰ ਸਕਣਗੇ, ਜੋ ਉਮਰ ਜਾਂ ਸਰੀਰਕ ਤਕਾਜ਼ੇ ਕਾਰਨ ਪੈਦਲ ਉਪਰ ਜਾਣ ਜਾਂ ਘੋੜਿਆਂ ਦੀ ਸਵਾਰੀ ਕਰਨ ’ਚ ਅਸਮਰੱਥ ਹਨ।
ਪ੍ਰੋ: ਸਰਚਾਂਦ ਸਿੰਘ ਖਿਆਲਾ ਅਤੇ ਭਾਈ ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਨਜ਼ਰਾਂ ਅਤੇ ਦਿਲ ਵਿਚ ਸਿੱਖਾਂ ਪ੍ਰਤੀ ਵੀ ਉਨਾ ਹੀ ਸਤਿਕਾਰ ਹੈ ਜਿਨਾ ਹਿੰਦੂਆਂ ਦਾ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਵੀ ਸਿੱਖ ਕੌਮ ਲਈ ਅਨੇਕਾਂ ਕੰਮ ਕੀਤੇ ਹਨ।ਹੁਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਸਤਿਆਂ ਅਤੇ ਚੌਗਿਰਦੇ ਨੂੰ ਸੁੰਦਰ ਅਤੇ ਸੰਗਤ ਲਈ ਸੁਵਿਧਾਜਨਕ ਬਣਾਇਆ ਜਾਣਾ ਚਾਹੀਦਾ ਹੈ।
ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਤਰਾਂ ਸਿਆਸੀ ਫ਼ੈਸਲਾ ਲੈਣ ਦੀ ਸਮਰੱਥਾ ਰੱਖਦੇ ਹਨ, ਜੇਕਰ ਉਹ ਪੰਜਾਬ ਦੇ ਦਰਿਆਈ ਪਾਣੀਆਂ ਦਾ ਮੁੱਦਾ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਾਮਲਾ ਅਤੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਆਦਿ ਪੰਜਾਬ ਅਤੇ ਸਿੱਖ ਪੰਥ ਦੀਆਂ ਚਿਰੋਕਣੀਆਂ ਮੰਗਾਂ ਮੰਗਾਂ ਨੂੰ ਹੱਲ ਕਰਨ ਲਈ ਯਤਨ ਕਰਨਗੇ ਤਾਂ ਸਿੱਖ ਪੰਥ ਉਸ ਦਾ ਸਦਾ ਰਿਣੀ ਰਹੇਗਾ।
ਉਨ੍ਹਾਂ ਪੰਜਾਬ ਵਿੱਚ ਸਿੱਖਾਂ ਨੂੰ ਵਿਸ਼ੇਸ਼ ਸਿਆਸੀ ਸਟੇਟਸ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਸਿੱਖਾਂ ਨੂੰ ਸੰਤੁਸ਼ਟ ਅਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media