
ਅੰਮ੍ਰਿਤਸਰ, 8 ਦਸੰਬਰ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਸਹਿਯੋਗ ਸਦਕਾ ਹੁਸ਼ਿਆਰਪੁਰ ਦੇੇ ਪਿੰਡ ਦਿਹਾਣਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮਾਹਲਪੁਰ ਵਾਲਿਆਂ ਵੱਲੋਂ ੧੫ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਕੋਈ 200 ਦੇ ਕਰੀਬ ਬੱਚੇ, ਨੌਜਵਾਨ, ਗ੍ਰੰਥੀ ਸਿੰਘ ਅਤੇ ਪਾਠੀ ਸਿੰਘ ਗੁਰਬਾਣੀ ਕੰਠ ਸਿਖਲਾਈ ਵਿੱਚ ਹਿੱਸਾ ਲੈ ਰਹੇ ਹਨ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਰਿੰਦਰ ਸਿੰਘ ਜਸਵਾਲ ਨੇ ਦੱਸਿਆ ਕਿ ਇਹ 15 ਰੋਜ਼ਾ ਕੈਂਪ ਸੰਗਤਾਂ ਨੂੰ ਗੁਰਮਤਿ ਰਹਿਣੀ ਬਹਿਣੀ ਨਾਲ ਜੋੜਨ ਲਈ ਲਗਾਇਆ ਗਿਆ ਹੈ। ਜਿਸ ਵਿੱਚ ਸਿਖਲਾਈ ਲੈਣ ਵਾਲੀਆਂ ਸੰਗਤਾਂ ਲਈ ਲੰਗਰ ਅਤੇ ਰਿਹਾਇਸ਼ ਬਿਲਕੁਲ ਫਰੀ ਦਿੱਤੀ ਜਾ ਰਹੀ ਹੈ ਤੇ ਇਸ ਕੈਂਪ ਦੀ ਸਮਾਪਤੀ ਤੇ ਗੁਰਬਾਣੀ ਕੰਠ ਕਰਨ ਵਾਲਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ।
ਇਸ ਗੁਰਮਤਿ ਸਿਖਲਾਈ ਕੈਂਪ ਦੇ ਵਿਸ਼ੇਸ਼ ਮਹਿਮਾਨ ਡਾ: ਪਰਮਜੀਤ ਸਿੰਘ ਸਰੋਆ ਨਿਜੀ ਸਕੱਤਰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਨ। ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਡਾ: ਸਰੋਆ ਨੇ ਕਿਹਾ ਕਿ ਅੱਜ ਦੇ ਇਸ ਭਿਆਨਕ ਦੌਰ ਵਿੱਚ ਜਦ ਨੌਜਵਾਨ ਪੀੜ੍ਹੀ ਪਤਿਤਪੁਣੇ ਅਤੇ ਨਸ਼ਿਆਂ ਵਿਚ ਗਲਤਾਨ ਹੋ ਰਹੀ ਹੈ, ਐਸੇ ਕੈਂਪਾਂ ਦਾ ਲਗਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ ਜਾ ਸਕੇ। ਡਾ: ਸਰੋਆ ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅਰੰਭੇ ਗਏ ਇਹ ਉਪਰਾਲੇ ਸ਼ਲਾਘਾ ਯੋਗ ਹਨ ਤੇ ਇਸ ਲਈ ਉਹ ਵਧਾਈ ਦੇ ਪਾਤਰ ਹਨ। ਸਮਾਗਮ ਉਪਰੰਤ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਡਾ: ਪਰਮਜੀਤ ਸਿੰਘ ਸਰੋਆ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੀਬੀ ਰਣਜੀਤ ਕੌਰ ਮੈਂਬਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੀਪ ਸਿੰਘ ਸਰੋਆ, ਰਾਮ ਪ੍ਰਕਾਸ਼ ਸਰਪੰਚ, ਸੰਦੀਪ ਸਿੰਘ, ਪਰਮਜੀਤ ਸਿੰਘ, ਬਲਵੀਰ ਸਿੰਘ ਅਤੇ ਗੁਰਮੁਖ ਸਿੰਘ, ਚਰਨਜੀਤ ਸਿੰਘ ਸਰੋਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ੍ਰਲ਼ ਮਨਜੀਤ ਸਿੰਘ ਜਸਵਾਲ, ਗੁਰਬਖਸ਼ ਸਿੰਘ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਸਮਾਗਮ ਦਾ ਅਨੰਦ ਮਾਣ ਰਹੀਆਂ ਸਨ।
Punjab Post Daily Online Newspaper & Print Media