ਵਿਦਿਆਰਥੀਆਂ ਨੂੰ ਨੈਤਿਕ ਗੁਣਾਂ ਦਾ ਧਾਰਨੀ ਹੋਣਾ ਜਰੂਰੀ – ਡਾ. ਕੁਲਤਰਨਜੀਤ ਸਿੰਘ
ਸੰਗਰੂਰ, 25 ਅਕਤੂਬਰ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਥਾਪਨਾ ਦੇ 50 ਵਰ੍ਹੇ ਨੂੰ ਸਮਰਪਿਤ ਕਰਵਾਏ ਨੈਤਿਕ ਸਿੱਖਿਆ ਇਮਤਿਹਾਨ ਦੇ ਸੰਗਰੂਰ ਖੇਤਰ ਦਾ ਇਨਾਮ ਵੰਡ ਸਮਾਰੋਹ ਸੁੰਦਰ ਢੰਗ ਨਾਲ ਸੁਯੋਜਿਤ ਫਾਰਚੂਨ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਕੋਈ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ।ਪ੍ਰਿੰਸੀਪਲ ਰਾਜਵੀਰ ਕੌਰ, ਮਨਦੀਪ ਕੌਰ ਅਧਿਆਪਕ ਇੰਚਾਰਜ, ਲਾਭ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਕੁਲਵੰਤ ਸਿੰਘ ਨਾਗਰੀ, ਅਜਮੇਰ ਸਿੰਘ ਦੀ ਦੇਖ-ਰੇਖ ਹੇਠ ਹੋਏ ਇਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਡਾ. ਕੁਲਤਰਨਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਸੰਗਰੂਰ ਪਹੁੰਚੇ ਅਤੇ ਪ੍ਰਤਾਪ ਸਿੰਘ ਧਾਲੀਵਾਲ ਡਾਇਰੈਕਟਰ ਫਾਰਚੂਨ ਸਕੂਲ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਗੁਰਮੀਤ ਸਿੰਘ ਤੇ ਅਵਤਾਰ ਸਿੰਘ ਲੀਲਾ ਬਰਨਾਲਾ ਖੇਤਰ ਇੰਚਾਰਜ਼, ਗੁਰਪ੍ਰੀਤ ਸਿੰਘ ਪ੍ਰਿੰਸੀਪਲ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਛਾਜ਼ਲੀ ਅਤੇ ਸਰਵ ਮਿੱਤਰ ਗੁਪਤਾ ਜੂਨੀਅਰ ਸਹਾਇਕ ਡੀ.ਈ.ਓ ਦਫ਼ਤਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਸਮਾਰੋਹ ਦੀ ਆਰੰਭਤਾ ਦੀਪਇੰਦਰ ਸਿੰਘ ਸੰਗੀਤ ਅਧਿਆਪਕ ਦੀ ਅਗਵਾਈ ਵਿੱਚ ਸਕੂਲ ਵਿਦਿਆਰਥੀਆਂ ਨੇ ਸ਼ਬਦ ਗੁਰਬਾਣੀ ਨਾਲ ਕੀਤੀ।ਸੋਨਿਕਾ ਗੁਪਤਾ ਵਾਈਸ ਪ੍ਰਿੰਸੀਪਲ ਨੇ ਸਵਾਗਤੀ ਸ਼ਬਦ ਕਹੇ। ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ ਨੇ ਇਮਤਿਹਾਨ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਸੰਗਰੂਰ-ਬਰਨਾਲਾ-ਮਾਲੇਰਕੋਟਲਾ-ਮਾਨਸਾ ਜ਼ੋਨ ਵਿੱਚ 4000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਸੀ।ਉਹਨਾਂ ਨੇ ਸਟੱਡੀ ਸਰਕਲ ਦੇ 50 ਸਾਲਾ ਸਫ਼ਰ ਬਾਰੇ ਜਾਣਕਾਰੀ ਦਿੱਤੀ।ਅਜਮੇਰ ਸਿੰਘ ਡਿਪਟੀ ਡਾਇਰੈਕਟਰ ਨੇ ਕੇਂਦਰੀ ਦਫ਼ਤਰ ਵਲੋਂ ਸਥਾਪਨਾ ਦਿਵਸ ਨੂੰ ਸਮਰਪਿਤ ਕੀਤੇ ਵਿਸ਼ੇਸ਼ ਪ੍ਰੋਗਰਾਮ ਅਤੇ ਜ਼ੋਨਲ ਦਫ਼ਤਰ ਦੀ ਕੀਤੀ ਜਾ ਰਹੀ ਉਸਾਰੀ ਅਤੇ ਸ਼ੁਰੂ ਕੀਤੇ ਜਾ ਰਹੇ ਪ੍ਰੋਜੈਕਟਾਂ ਬਾਰੇ ਦੱਸਿਆ।ਕੁਲਵੰਤ ਸਿੰਘ ਨਾਗਰੀ ਜ਼ੋਨ ਸਕੱਤਰ ਨੇ ਦਸੰਬਰ 2021 ਤੋਂ ਸਤੰਬਰ 2022 ਤੱਕ ਜ਼ੋਨਲ ਪੱਧਰ ‘ਤੇ ਕੀਤੇ ਸਥਾਪਨਾ ਵਰੇ ਅਧੀਨ ਵਿਦਿਅਕ ਤੇ ਪਬਲਿਕ ਖੇਤਰ ਦੇ ਕਾਰਜ਼ਾਂ ਬਾਰੇ ਚਾਨਣਾ ਪਾਇਆ। ਰਾਵਿੰਦਰ ਸਿੰਘ ਦੁਗਾਲ, ਹਰਵਿੰਦਰ ਕੌਰ ਸਕੱਤਰ ਜ਼ੋਨਲ ਇਸਤਰੀ ਕੌਂਸਲ, ਪ੍ਰੋ: ਨਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਇਮਤਿਹਾਨ ਰਾਹੀਂ ਵਿਰਸੇ ਨਾਲ ਜੋੜਣ ਅਤੇ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਚੇਤੰਨ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।ਪ੍ਰਤਾਪ ਸਿੰਘ ਧਾਲੀਵਾਲ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਧਾਰਮਿਕ ਸਥਾਨਾਂ ਵਿੱਚ ਸੇਵਾ ਕਰ ਰਹੇ ਗ੍ਰੰਥੀ, ਰਾਗੀ, ਪੁਜਾਰੀ, ਮੌਲਵੀ ਆਦਿ ਦੇ ਬੱਚਿਆਂ ਨੂੰ ਸਕੂਲ ਮੈਨੇਜਮੈਂਟ ਵਲੋਂ 50% ਫ਼ੀਸ ਦੀ ਛੋਟ ਦਿੱਤੀ ਜਾਂਦੀ ਹੈ।
ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਨੇ ਸਿੱਖਿਆ ਵਿਭਾਗ ਨੂੰ ਬੇਨਤੀ ਕੀਤੀ ਕਿ ਸਕੂਲਾਂ ਵਿੱਚ ਨੈਤਿਕ ਸਿੱਖਿਆ ਦਾ ਇੱਕ ਪੀਰੀਅਡ ਲਾਜ਼ਮੀ ਕੀਤਾ ਜਾਵੇ ਅਤੇ ਮਹਿਮਾਨਾਂ, ਸਕੂਲ ਪ੍ਬੰਧਕਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।ਹਰਪ੍ਰੀਤ ਸਿੰਘ ਛਾਜ਼ਲੀ, ਪਰਮਿੰਦਰ ਕੌਰ ਆਦਰਸ਼ ਸਕੂਲ ਸੰਗਰੂਰ ਤੇ ਸਕੂਲ ਦੇ ਬੱਚਿਆਂ ਸਿਮਰਨ ਕੌਰ, ਅਮਰਿੰਦਰ ਸਿੰਘ ਵਲੋਂ ਗੀਤਾਂ-ਕਵਿਤਾਵਾਂ ਰਾਹੀਂ ਰੰਗ ਬੰਨਿਆ।ਮੁੱਖ ਮਹਿਮਾਨ ਡਾ. ਕੁਲਤਰਨਜੀਤ ਸਿੰਘ ਨੇ ਸਟੱਡੀ ਸਰਕਲ ਨੂੰ 50 ਸਾਲਾ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਅਤੇ ਕੀਤੇ ਜਾ ਰਹੇ ਕਾਰਜ਼ਾਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪ੍ਰਵਾਰਿਕ ਰਿਸ਼ਤਿਆਂ ਦਾ ਮਹੱਤਵ ਸਮਝਣ ਦੀ ਬਹੁਤ ਲੋੜ ਹੈ ਅਤੇ ਵਿਦਿਆਰਥੀਆਂ ਨੂੰ ਨੈਤਿਕ ਗੁਣਾਂ ਦੇ ਧਾਰਨੀ ਹੋਣ ਦੀ ਲੋੜ ਹੈ।ਇਸ ਸਬੰਧੀ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।ਇਸ ਸਮੇਂ ਇਮਤਿਹਾਨ ਅਨੁਸਾਰ ਜੇਤੂ ਵਿਦਿਆਰਥੀਆਂ ਨੂੰ 2000, 1500, 1000, 500 ਰੁਪਏ ਨਗਦ ਇਨਾਮ ਤੇ ਸਨਮਾਨ ਚਿੰਨ੍ਹ ਦਿੱਤੇ ਗਏ।ਇਮਤਿਹਾਨ ਕਰਵਾਉਣ ਵਿੱਚ ਨਿਗਰਾਨ ਅਮਲੇ ਦੀ ਡਿਊਟੀ ਨਿਭਾਉਣ ਵਾਲੇ ਅਧਿਆਪਕਾਂ ਨੂੰ ਵੀ ਮੁੱਖ ਮਹਿਮਾਨ ਤੇ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ ਦਿੱਤੇ ਗਏ।
ਸਟੱਡੀ ਸਰਕਲ ਵਲੋਂ ਡੀ.ਈ.ਓ ਸਾਹਿਬ, ਡਾਇਰੈਕਟਰ ਤੇ ਪ੍ਰਿੰਸੀਪਲ ਰਾਜਵੀਰ ਕੌਰ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਛਾਜ਼ਲੀ, ਮਨਦੀਪ ਕੌਰ ਅਧਿਆਪਕ ਇੰਚਾਰਜ਼ ਸਮੇਤ ਸਮਾਗਮ ਲਈ ਵੱਖ-ਵੱਖ ਡਿਊਟੀਆਂ ਨਿਭਾਉਣ ਵਾਲੇ ਸਕੂਲ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਯਾਦਗਾਰੀ ਸਮਾਰੋਹ ਵਿੱਚ ਸਤੀਸ਼ ਗੋਇਲ, ਮਮਤਾ ਸਹਿਗਲ, ਸੰਦੀਪ ਕੌਰ, ਆਸ਼ਾ ਰਾਣੀ, ਮਿੰਨੀ ਰਾਣੀ, ਮਨੋਜ ਕੁਮਾਰ ਸਕੂਲ ਅਧਿਆਪਕ ਅਤੇ ਤਮਨਪ੍ਰੀਤ ਸਿੰਘ ਪ੍ਰਿੰਸ ਦਾ ਵਿਸੇਸ਼ ਯੋਗਦਾਨ ਰਿਹਾ।ਇਸ ਸਮਾਰੋਹ ਵਿੱਚ ਰਾਜਿੰਦਰ ਕੌਰ ਸੰਗਰੂਰ, ਪ੍ਰਿਤਪਾਲ ਕੌਰ ਅਕਾਲ ਅਕੈਡਮੀ ਬੇਨੜਾ, ਕਵਲਦੀਪ ਕੌਰ, ਬਲਜੀਤ ਕੌਰ ਬਡਰੁੱਖਾਂ, ਅਮਨਦੀਪ ਕੌਰ ਬਹਾਦਰਪੁਰ, ਗੁਰਸੇਵਕ ਸਿੰਘ ਭਲਵਾਨ, ਬਲਵਿੰਦਰ ਸਿੰਘ ਬਾਲੀਆਂ, ਜਗਦੀਪ ਕੌਰ, ਅਮਰਿੰਦਰ ਸਿੰਘ ਧੂਰੀ ਆਦਿ ਸਮੇਤ ਵੱਡੀ ਗਿਣਤੀ ‘ਚ ਸਕੂਲਾਂ ਵਲੋਂ ਸ਼ਮੂਲੀਅਤ ਕੀਤੀ ਗਈ।