Monday, May 25, 2026

ਬੰਦੀ ਸਿੰਘਾਂ ਦੀ ਰਿਹਾਈ `ਚ ਰੁਕਾਵਟਾਂ ਸਬੰਧੀ ਸਿੱਖਾਂ ਨੇ ਲਾਲਪੁਰਾ ਨਾਲ ਕੀਤੀ ਮੁਲਾਕਾਤ

ਬਾਪੂ ਸੂਰਤ ਸਿੰਘ ਖਾਲਸਾ ਦੀ ਨਜ਼ਰਬੰਦੀ ਖਤਮ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ, 26 ਅਕਤੂਬਰ (ਪੰਜਾਬ ਪੋਸਟ ਬਿੳਰੋ) – ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਅਤੇ ਯੂਨਾਇਟਡ ਅਕਾਲੀ ਦਲ ਦੇ ਸਾਂਝੇ ਵਫਦ ਨੇ ਅੱਜ ਕੌਮੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਬੰਦੀ ਸਿੰਘਾਂ ਸਣੇ ਕਈ ਪੰਥਕ ਮਸਲਿਆਂ ‘ਤੇ ਮੁਲਾਕਾਤ ਕੀਤੀ।ਲਗਭਗ 1 ਘੰਟੇ ਤੱਕ ਚੱਲੀ ਮੀਟਿੰਗ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਸਰਕਾਰੀ ਅੜਚਨਾਂ ਬਾਰੇ ਖੁੱਲ੍ਹ ਕੇ ਗੱਲਬਾਤ ਹੋਈ।ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਕਾਰਜ਼ਕਾਰੀ ਪ੍ਰਧਾਨ ਗੁਰਦੀਪ ਸਿੰਘ ਮਿੰਟੂ ਅਤੇ ਯੁਨਾਇਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਦੋਵੇਂ ਜਥੇਬੰਦੀਆਂ ਵਲੋਂ ਲਾਲਪੁਰਾ ਨੂੰ ਵੱਖੋ-ਵੱਖ ਦੋ ਮੰਗ ਪੱਤਰ ਸੌਂਪੇ ਗਏ ਹਨ।ਜਿਸ ਵਿਚ ਮੁੱਖ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਵਿਚ ਕਾਨੂੰਨੀ ਅਤੇ ਸਰਕਾਰੀ ਰੁਕਾਵਟਾਂ ਬਾਰੇ ਸੀ।ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਆਰੋਪੀਆਂ ਉਪਰ ਯੂ.ਏ.ਪੀ.ਏ ਕਾਨੂੰਨ ਲਗਾਉਣ ਅਤੇ ਮੁਕੱਦਮੇ ਦੇ ਜਲਦੀ ਫੈਸਲੇ ਲਈ ਸਪੈਸ਼ਲ ਅਦਾਲਤਾਂ ਬਣਾਉਣ ਸੰਬੰਧੀ ਸੂਬਾ ਸਰਕਾਰਾਂ ਨੂੰ ਆਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ।ਉਨਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਦਿੱਲੀ ਵਿੱਚ ਕੋਈ ਕੇਸ ਨਹੀਂ ਹੈ।ਫਿਰ ਵੀ ਸਰਕਾਰ ਨੇ ਉਨ੍ਹਾਂ ਨੂੰ ਤਿਹਾੜ ਜੇਲ ਵਿੱਚ ਗੈਰਕਾਨੂੰਨੀ ਤੌਰ ‘ਤੇ ਰੱਖਿਆ ਹੋਇਆ ਹੈ।ਇਸ ਲਈ ਉਨ੍ਹਾਂ ਨੂੰ ਤੁਰੰਤ ਪੰਜਾਬ ਜੇਲ੍ਹ ਵਿਚ ਭੇਜ ਕੇ ਪੈਰੋਲ ਦੇਣ ਦੀ ਮੰਗ ਕੀਤੀ ਗਈ ਹੈ।
ਵਫਦ ਆਗੂਆਂ ਨੇ ਪਿਛਲੇ 7 ਸਾਲ ਤੋਂ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਵਿਚ ਪੰਜਾਬ ਪੁਲਿਸ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਨਜ਼ਰਬੰਦ ਕਰਕੇ ਰੱਖੇ ਗਏ ਬਾਪੂ ਸੂਰਤ ਸਿੰਘ ਖਾਲਸਾ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।ਜਦਕਿ ਬਾਪੂ ਸੂਰਤ ਸਿੰਘ ਖਾਲਸਾ ਦਾ ਦੋਸ਼ ਇਨ੍ਹਾਂ ਹੈ ਕਿ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 16 ਜਨਵਰੀ 2015 ਤੋਂ ਭੁੱਖ ਹੜਤਾਲ ਕੀਤੀ ਹੋਈ ਹੈ।ਵਫਦ ਨੇ ਦਿੱਲੀ ਸਰਕਾਰ ਦੇ “ਸਜ਼ਾ ਸਮੀਖਿਆ ਬੋਰਡ” ਦੀ ਪਿਛਲੇ 7 ਮਹੀਨਿਆਂ ਤੋਂ ਮੀਟਿੰਗ ਨਾ ਹੋਣ ਵੱਲ ਇਕਬਾਲ ਸਿੰਘ ਲਾਲਪੁਰਾ ਦਾ ਧਿਆਨ ਦਿਵਾਇਆ।ਜਦਕਿ ਬੋਰਡ ਦੇ ਵਿਧਾਨ ਅਨੁਸਾਰ ਹਰ 3 ਮਹੀਨਿਆਂ ਬਾਅਦ ਮੀਟਿੰਗ ਹੋਣੀ ਲਾਜ਼ਮੀ ਹੈ।ਮਾਰਚ 2022 ਵਿਖੇ ਹੋਈ ਪਿਛਲੀ ਮੀਟਿੰਗ ਦੌਰਾਨ ਬੋਰਡ ਨੇ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਮਤੇ ਨੂੰ ਟਾਲ ਦਿੱਤਾ ਸੀ।ਉਸ ਦੇ ਬਾਅਦ ਤੋਂ ਦਿੱਲੀ ਦੇ ਜੇਲ੍ਹ ਮੰਤਰੀ ਅਤੇ ਇਸ ਬੋਰਡ ਦੇ ਚੇਅਰਮੈਨ ਸਤਿੰਦਰ ਜੈਨ ਖੁਦ ਤਿਹਾੜ ਜੇਲ੍ਹ ਵਿੱਚ ਬੰਦ ਹਨ।ਵਫਦ ਆਗੂਆਂ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਨ ਉਪਰੰਤ ਇਕਬਾਲ ਸਿੰਘ ਲਾਲਪੁਰਾ ਨੇ ਇਨ੍ਹਾਂ ਸਾਰੇ ਮਾਮਲਿਆਂ ਦੇ ਹੱਲ ਕੱਢਣ ਦਾ ਭਰੋਸਾ ਦਿੱਤਾ।ਕਮਿਸ਼ਨ ਇਸ ਬਾਰੇ ਛੇਤੀ ਹੀ ਸੰਬੰਧਿਤ ਸਰਕਾਰਾਂ ਨੂੰ ਨੋਟਿਸ ਜਾਰੀ ਕਰੇਗਾ।
ਇਸ ਮੌਕੇ ਰਿਹਾਈ ਮੋਰਚੇ ਦੇ ਕਨਵੀਨਰ ਅਵਤਾਰ ਸਿੰਘ ਕਾਲਕਾ, ਬੁਲਾਰਾ ਡਾਕਟਰ ਪਰਮਿੰਦਰ ਪਾਲ ਸਿੰਘ, ਜੁਆਇੰਟ ਸਕੱਤਰ ਜਗਜੀਤ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਿੱਲੀ ਦੇ ਪ੍ਰਧਾਨ ਅਵਤਾਰ ਸਿੰਘ ਮਾਕਨ, ਪ੍ਰਭਜੋਤ ਸਿੰਘ ਭੋਲੀ, ਯੁਨਾਇਟਡ ਅਕਾਲੀ ਦਲ ਦੇ ਬਹਾਦਰ ਸਿੰਘ, ਜਸਵਿੰਦਰ ਸਿੰਘ ਸ਼ੈਲੀ, ਜਸਵਿੰਦਰ ਸਿੰਘ, ਰਛਪਾਲ ਸਿੰਘ ਅਤੇ ਗੁਰਨਾਮ ਸਿੰਘ ਸਿੱਧੂ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …