ਸੇਵਾ ਮੁਕਤ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਲਗਾਈ ਪੈਨਸ਼ਨ ਅਦਾਲਤ
ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚੋਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਦੇ ਮਸਲੇ ਜਿੰਨਾ ਵਿਚ ਜ਼ਿਆਦਾਤਰ
ਪੈਨਸ਼ਨ ਵਿੱਚ ਸਮੇਂ-ਸਮੇਂ ਹੋਣ ਵਾਲਾ ਵਾਧਾ, ਬਕਾਇਆ ਰਾਸ਼ੀ ਅਤੇ ਮੈਡੀਕਲ ਬਿੱਲਾਂ ਆਦਿ ਨਾਲ ਸਬੰਧਤ ਮਸਲੇ ਸਨ, ਨੂੰ ਛੇਤੀ ਹੱਲ ਕਰਨ ਦੇ ਇਰਾਦੇ ਨਾਲ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੇ ਯਤਨਾਂ ਸਦਕਾ ਦੋ ਦਿਨੀ ਪੈਨਸ਼ਨ ਸੇਵਾ ਕੈਂਪ ਲਗਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਪੈਨਸ਼ਨ ਅਦਾਲਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ ਅਤੇ ਉਨਾਂ ਦੀਆਂ ਜੋ ਮੁਸ਼ਕਿਲਾਂ ਹਨ, ਉਨਾਂ ਨੂੰ ਦੂਰ ਕਰਨ ਲਈ ਹੀ ਇਹ ਪੈਨਸ਼ਨ ਸੇਵਾ ਕੈਂਪ ਲਗਾਇਆ ਗਿਆ ਹੈ ਤਾਂ ਜੋ ਸੇਵਾ ਮੁਕਤ ਕਰਮਚਾਰੀਆਂ ਨੂੰ ਚੰਡੀਗੜ੍ਹ ਦੇ ਚੱਕਰ ਨਾ ਲਗਾਉਣੇ ਪੈਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਆਏ ਹਨ, ਕਿ ਕੋਈ ਵੀ ਪੈਨਸ਼ਨਰ ਵਿੱਤੀ ਲਾਭ ਲੈਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਅਤੇ ਹਰੇਕ ਸੇਵਾ ਮੁੱਕਤ ਮੁਲਾਜ਼ਮ ਨੂੰ ਉਸ ਦਾ ਹੱਕ ਸਮੇਂ ਅਨੁਸਾਰ ਮਿਲਣਾ ਚਾਹੀਦਾ ਹੈ।ਉਨਾਂ ਦੱਸਿਆ ਕਿ ਅੱਜ ਇਸ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਹੀ ਆਡਿਟ ਜਨਰਲ ਵਿਭਾਗ ਤੋਂ ਵਿਸ਼ੇਸ਼ ਅਧਿਕਾਰੀ ਪੁੱਜੇ ਹੋਏ ਸਨ, ਜਿੰਨਾ ਨੇ ਸਾਰੇ ਮਸਲੇ ਆਪ ਸੁਣੇ ਅਤੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨਾਂ ਬਾਬਤ ਸਹੀ ਜਾਣਕਾਰੀ ਦਿੰਦੇ ਹੋਏ ਪੈਨਸ਼ਨਰਾਂ ਨੂੰ ਬਣਦਾ ਵਿੱਤੀ ਲਾਭ ਛੇਤੀ ਤੋਂ ਛੇਤੀ ਦੇਣ ਦੀਆਂ ਹਦਾਇਤਾਂ ਕੀਤੀਆਂ।
ਅਕਾਸ਼ ਗੋਇਲ ਸੀਨੀਅਰ ਡਿਪਟੀ ਅਕਾਉਂਟੈਂਟ ਜਨਰਲ ਪੈਨਸ਼ਨ ਨੇ ਮਸਲੇ ਸੁਣੇ।ਉਨਾਂ ਨੇ ਬਹੁਤੇ ਕੇਸਾਂ ਦਾ ਨਿਪਟਾਰਾ ਮੌਕੇ ‘ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਬਾਕੀ ਸਮਾਂ ਲੈਣ ਵਾਲੇ ਕੇਸਾਂ ਨੂੰ ਪਹਿਲ ਦੇ ਅਧਾਰ ‘ਤੇ ਮੁਕੰਮਲ ਕਰਕੇ ਪੈਨਸ਼ਨਰਾਂ ਨੂੰ ਬਣਦਾ ਲਾਭ ਤਰੁੰਤ ਦੇਣ ਦੀ ਹਦਾਇਤ ਕੀਤੀ।
ਇਸ ਮੌਕੇ ਸਚਿਨ ਪਾਠਕ ਪੀ.ਸੀ.ਐਸ, ਵੇਦ ਪ੍ਰਕਾਸ਼ ਸੀਨੀਅਰ ਅਕਾਉਂਟ ਅਫ਼ਸਰ, ਕਰਨ ਸਹਾਇਕ ਅਕਾਉਂਟ ਅਫ਼ਸਰ, ਪ੍ਰਦੀਪ ਕੁਮਾਰ ਸਹਾਇਕ ਅਕਾਉਂਟ ਅਫ਼ਸਰ ਤੋਂ ਇਲਾਵਾ ਵੱਖ-ਵੱਖ ਪੰਜਾਬ ਸਟੇਟ ਪੈਨਸ਼ਨਰ ਅਤੇ ਸੀਨੀਅਰ ਸਿਟੀਜਨ ਵੈਲਫੇਅਰ ਐਸ਼ੋਸੀਏਸ਼ਨ ਪੈਨਸ਼ਨਰ ਯੂਨੀਅਨਾਂ ਦੇ ਨੁਮਾਇੰਦੇ ਜਿਨਾਂ ਵਿੱਚ ਪ੍ਰਧਾਨ ਮਦਨ ਗੋਪਾਲ, ਕਾਰਜਕਾਰੀ ਪ੍ਰਧਾਨ ਬਲਦੇਵ ਸਿੰਘ, ਜਨਰਲ ਸਕੱਤਰ ਮਦਨ ਲਾਲ ਨੰਦ, ਵਿੱਤ ਸਕੱਤਰ ਯਸ਼ ਦੇਵ ਡੋਗਰਾ, ਪ੍ਰੈਸ ਸਕੱਤਰ ਸੁਖਦੇਵ ਰਾਜ ਡੋਗਰਾ, ਮੀਤ ਪ੍ਰਧਾਨ ਬਲਕਾਰ ਨਈਅਰ, ਸੀਨੀ: ਮੀਤ ਪ੍ਰਧਾਨ ਮੋਹਿਤ ਸਿੰਘ, ਖੇਮ ਰਾਜ ਅਤੇ ਬਲਵਿੰਦਰ ਸਿੰਘ ਤੋਂ ਇਲਾਵਾ ਪੈਨਸ਼ਨਰ ਯੂਨੀਅਨ ਦੇ ਹੋਰ ਨੁਮਾਇੰਦੇ ਹਾਜ਼ਰ ਸਨ।
Punjab Post Daily Online Newspaper & Print Media