ਸ਼ਹਿਰ ਅਤੇ ਹਵਾਈ ਅੱਡੇ ਦੀ ਸਾਫ਼ ਸਫਾਈ ਲਈ ਦਿੱਤੀਆਂ ਹਦਾਇਤਾਂ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਨੇ ਅੰਮ੍ਰਿਤਸਰ ਵਿੱਚ ਮਾਰਚ 2023 ‘ਚ ਹੋਣ ਵਾਲੇ ਜੀ 20
ਸੰਮੇਲਨ ਦੀ ਮਹਿਮਾਨ ਨਿਵਾਜ਼ੀ ਨੂੰ ਲੈ ਕੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਅੰਮ੍ਰਿਤਸਰ ਜਿਲ੍ਹਾ ਪ੍ਰਸਾਸ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ।ਮੀਟਿੰਗ ਵਿੱਚ ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਕਮਿਸ਼ਨਰ ਪੁਲਿਸ ਜਸਕਰਨ ਸਿੰਘ, ਕਮਿਸ਼ਨਰ ਕਾਰਪੋਰੇਸ਼ਨ ਸੰਦੀਪ ਰਿਸ਼ੀ ਅਤੇ ਹਵਾਈ ਅੱਡਾ ਡਾਇਰੈਕਟਰ ਵਿਪਨ ਸੇਠ ਹਾਜ਼ਰ ਸਨ।
ਨਿੱਜ਼ਰ ਨੇ ਕਿਹਾ ਕਿ ਜੀ-20 ਸੰਮੇਲਨ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਨੇਤਾਵਾਂ ਅਤੇ ਅਧਿਕਾਰੀਆਂ ਦੀ ਮਹਿਮਾਨ ਨਿਵਾਜ਼ੀ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮੁੱਦੇ ‘ਤੇ ਨਿੱਜੀ ਦਿਲਚਸਪੀ ਲੈ ਰਹੇ ਹਨ ਅਤੇ ਇਸ ਬਾਬਤ ਕਈ ਮੀਟਿੰਗਾਂ ਕਰ ਚੁੱਕੇ ਹਨ।ਉਨਾਂ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਲੈ ਕੇ ਸਾਰੇ ਸ਼ਹਿਰ ਨੂੰ ਜਾਂਦੀਆਂ ਮੁੱਖ ਸੜ੍ਹਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਇਨ੍ਹਾਂ ਰਸਤਿਆਂ ‘ਤੇ ਲਾਈਟਾਂ ਅਤੇ ਲੈਂਡਸਕੇਪਿੰਗ ਵੀ ਯਕੀਨੀ ਬਣਾਈ ਜਾਵੇ।ਉਨਾਂ ਕਿਹਾ ਕਿ ਹਵਾਈ ਅੱਡੇ ਵਿੱਚ ਮਹਿਮਾਨਾਂ ਦਾ ਸਵਾਗਤ ਪੰਜਾਬੀ ਪ੍ਰਹੁਣਚਾਰੀ ਅਨੁਸਾਰ ਗਰਮਜੋਸ਼ੀ ਨਾਲ ਕੀਤਾ ਜਾਵੇ ਅਤੇ ਇਸ ਲਈ ਪੰਜਾਬ ਦੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇ।
ਇਸ ਤੋਂ ਬਾਅਦ ਉਨਾਂ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਆਉਣ ਵਾਲੀ ਮੁੱਖ ਸੜ੍ਹਕ ਦਾ ਸਬੰਧਤ ਅਧਿਕਾਰੀਆਂ ਨਾਲ ਦੌਰਾ ਕੀਤਾ ਅਤੇ ਜਿਥੇ ਕਿਧਰੇ ਵੀ ਕੰਮ ਕਰਵਾਏ ਜਾਣੇ ਹਨ ਦੀਆਂ ਹਦਾਇਤਾਂ ਕੀਤੀਆਂ।
Punjab Post Daily Online Newspaper & Print Media