Wednesday, March 4, 2026

ਨਾ ਕੋਈ ਗੈਰ ਕਾਨੂੰਨੀ ਕਾਲੋਨੀ ਨਾ ਕੱਟੇ ਅਤੇ ਨਾ ਹੀ ਕੋਈ ਨਾਜਾਇਜ਼ ਕਾਲੋਨੀ ਵਿੱਚ ਪਲਾਟ ਖਰੀਦੇ – ਅਮਨ ਅਰੋੜਾ

ਧਾਰਮਿਕ ਤੇ ਇਤਹਾਸਕ ਮਹੱਤਤਾ ਵਾਲਾ ਅੰਮ੍ਰਿਤਸਰ ਬਣੇਗਾ ਦੇਸ਼ ਦਾ ਆਧੁਨਿਕ ਸ਼ਹਿਰ

ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਸੂਚਨਾ ਅਤੇ ਲੋਕ ਸੰਪਰਕ, ਸ਼ਹਿਰੀ ਵਿਕਾਸ ਤੇ ਹਾਊਸਿੰਗ ਅਤੇ ਗੈਰ ਰਵਾਇਤੀ ਊਰਜਾ ਮੰਤਰੀ ਅਮਨ ਅਰੋੜਾ ਨੇ ਅੱਜ ਅੰਮ੍ਰਿਤਸਰ ਵਿਕਾਸ ਅਥਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ, ਜੋ ਕਿ ਆਪਣੀ ਧਾਰਮਿਕ ਤੇ ਇਤਹਾਸਿਕ ਮਹੱਤਤਾ ਲਈ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ, ਨੂੰ ਵਿਸ਼ਵ ਦੇ ਵੱਡੇ ਸ਼ਹਿਰਾਂ ਦਾ ਹਾਣੀ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸ਼ਹਿਰ ਲਈ ਸਾਡੇ ਕੋਲ ਵੱਡੀਆਂ ਯੋਜਨਾਵਾਂ ਹਨ ਅਤੇ ਛੇਤੀ ਹੀ ਇਨਾਂ ਉਤੇ ਅਮਲ ਸ਼ੁਰੂ ਕਰਕੇ ਅੰਮ੍ਰਿਤਸਰ ਨੂੰ ਦੇਸ਼ ਦਾ ਬਿਹਤਰੀਨ ਸ਼ਹਿਰ ਬਣਾਇਆ ਜਾਵੇਗਾ।ਅੱਜ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਪਠਾਨਕੋਟ ਜਿਲ੍ਹਿਆਂ ਦੇ ਕਲੋਨਾਈਜਰਾਂ ਤੇ ਰੈਜੀਡੈਂਸ਼ੀਅਲ ਵੈਲਫੇਅਰ ਸੁਸਾਇਟੀਆਂ ਦੇ ਮੈਂਬਰਾਂ ਨਾਲ ਕੀਤੀਆਂ ਵਿਸਥਾਰਪੂਰਵਕ ਮੀਟਿੰਗਾਂ ਵਿੱਚ ਪੰਜਾਬ ਸਰਕਾਰ ਦੀ ਨੀਤੀ ਨੂੰ ਸਪੱਸ਼ਟ ਕਰਦਿਆਂ ਅਰੋੜਾ ਨੇ ਕਿਹਾ ਕਿ ਸਰਕਾਰ ਕਿਸੇ ਵੀ ਗੈਰਕਾਨੂੰਨੀ ਕੰਮ ਨੂੰ ਉਤਸ਼ਾਹਿਤ ਨਹੀਂ ਕਰੇਗੀ ਅਤੇ ਨਾਜਾਇਜ ਕਾਲੋਨੀਆਂ ਵੀ ਉਨਾਂ ਵਿਚੋਂ ਇਕ ਹਨ।ਮੀਟਿੰਗ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ, ਸ਼ਹਿਰੀ ਵਿਕਾਸ ਤੇ ਹਾਊਸਿੰਗ ਵਿਭਾਗ ਦੇ ਸਕੱਤਰ ਅਜੋਏ ਸਿਨਹਾ, ਏ.ਡੀ.ਏ ਦੇ ਮੁੱਖੀ ਸ੍ਰੀਮਤੀ ਦੀਪ ਸ਼ਿਖਾ, ਸਹਾਇਕ ਮੁਖੀ ਰਜ਼ਤ ਓਬਰਾਏ, ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਜਸਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।ਉਨਾਂ ਕਿਹਾ ਕਿ ਉਹ ਸਾਰੇ ਕਾਲੋਨਾਈਜਰਾਂ ਨੂੰ ਸਪੱਸ਼ਟ ਦੱਸਣਾ ਚਾਹੁੰਦੇ ਹਨ ਕਿ ਕੋਈ ਵੀ ਕਾਲੋਨਾਈਜਰ ਪੁੱਡਾ ਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਸ਼ਹਿਰ/ਕਸਬੇ ਵਿੱਚ ਕਾਲੋਨੀ ਨਾ ਕੱਟੇ।ਉਨਾਂ ਆਮ ਲੋਕਾਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਕੋਈ ਵੀ ਨਾਗਰਿਕ ਨਾਜਾਇਜ਼ ਕਾਲੋਨੀ ਵਿੱਚ ਘਰ ਬਣਾਉਣ ਦਾ ਸੁਪਨਾ ਲੈ ਕੇ ਪਲਾਟ ਨਾ ਖਰੀਦੇ, ਕਿਉਂਕਿ ਸਰਕਾਰ ਅਜਿਹੀਆਂ ਕਾਲੋਨੀਆਂ ਅਤੇ ਕਾਲੋਨਾਈਜਰਾਂ ਖਿਲਾਫ਼ ਸਖ਼ਤ ਕਾਰਵਾਈ ਕਰੇਗੀ।
ਉਨਾਂ ਕਿਹਾ ਕਿ ਸਰਕਾਰ ਨੇ ਲੋਕਾਂ ਅਤੇ ਕਾਲੋਨਾਈਜਰ ਦੀ ਮੰਗ ਅਨੁਸਾਰ ਨਵੀਂ ਨੀਤੀ ਬਣਾਈ ਹੈ ਜਿਸ ਦੇ ਦਾਇਰੇ ਵਿਚ ਰਹਿ ਕੇ ਸਾਰੀਆਂ ਧਿਰਾਂ ਕੰਮ ਕਰਨ।ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੋ ਵੀ ਨਾਜਾਇਜ਼ ਕਾਲੋਨੀ ਕੱਟੀ ਗਈ ਹੈ, ਉਸ ਖਿਲਾਫ਼ ਕਾਰਵਾਈ ਕੀਤੀ ਜਾਵੇ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੇ ਵਿਭਾਗ ਵਲੋਂ ਭਵਿੱਖ ਵਿੱਚ ਕੋਈ ਵੀ ਗੈਰ ਕਾਨੂੰਨੀ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰੋੜਾ ਨੇ ਕਿਹਾ ਕਿ 5773 ਅਜਿਹੇ ਪਿੰਡ ਜਿਥੇ ਕਾਲੋਨੀ ਕੱਟਣ ਦੀ ਸੰਭਾਵਨਾ ਨਹੀਂ ਹੈ ਨੂੰ ਐਨ.ਓ.ਸੀ ਤੋਂ ਛੋਟ ਦੇ ਦਿੱਤੀ ਹੈ।ਪਰ ਬਾਕੀਆਂ ਲਈ ਐਨ.ਓ.ਸੀ ਜ਼ਰੂਰੀ ਹੈ।ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ 14 ਹਜ਼ਾਰ ਦੇ ਕਰੀਬ ਗੈਰ ਕਾਨੂੰਨੀ ਕਾਲੋਨੀਆਂ ਪੰਜਾਬ ਵਿੱਚ ਉਸਰ ਚੁੱਕੀਆਂ ਹਨ, ਜਿਨਾਂ ਤੱਕ ਮੁੱਢਲੀਆਂ ਸਹੂਲਤਾਂ ਪਹੁੰਚਾਉਣਾ ਵੀ ਇਕ ਵੱਡੀ ਚੁਣੌਤੀ ਬਣੀ ਹੋਈ ਹੈ ਅਤੇ ਕਿਸੇ ਹੰਗਾਮੀ ਹਾਲਤ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਵੀ ਨਹੀਂ ਜਾ ਸਕਦੀ।
ਉਨਾਂ ਦੱਸਿਆ ਕਿ ਸਰਕਾਰ ਨੇ ਪਿੱਛਲੇ 9 ਮਹੀਨੇ ਦੇ ਕਾਰਜ਼ਕਾਲ ‘ਚ ਐਕਸਾਈਜ ਤੇ ਜੀ.ਐਸ.ਟੀ ਸਮੇਤ ਸਾਰੇ ਖੇਤਰਾਂ ਵਿੱਚ ਆਪਣੀ ਆਮਦਨ ਵਧਾਈ ਹੈ ਅਤੇ ਭਵਿੱਖ ਵਿੱਚ ਹੋਰ ਪੈਸਾ ਕਮਾ ਕੇ ਲੋਕਾਂ ’ਤੇ ਖਰਚ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਅਮਨ ਅਰੋੜਾ ਅਤੇ ਬਿਜ਼ਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਮੱਥਾ ਟੇਕਿਆ।ਦੋਵੇਂ ਮੰਤਰੀਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਸਰਵਨ ਕੀਤਾ ਅਤੇ ਅਰਦਾਸ ਵਿੱਚ ਸ਼ਾਮਲ ਹੋਏ।ਪ੍ਰਬੰਧਕਾਂ ਵਲੋਂ ਮੰਤਰੀ ਸਾਹਿਬਾਨ ਨੂੰ ਯਾਦਗਾਰੀ ਚਿੰਨ੍ਹ, ਕਿਤਾਬਾਂ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
Daily Online News Portal www.punjabpost.in

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …