ਅੰਮ੍ਰਿਤਸਰ 6 ਜਨਵਰੀ (ਸੁਖਬੀਰ ਸਿੰਘ) – ਇਸ ਮਹੀਨੇ 86 ਫੀਸਦੀ ਤੋਂ ਜਿਆਦਾ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਉਣਗੇ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਰਭਜਨ
ਸਿੰਘ ਈ.ਟੀ.ਓ ਬਿਜਲੀ ਮੰਤਰੀ ਪੰਜਾਬ ਨੇ ਦਬੁਰਜੀ ਵਿਖੇ ਸਥਿਤ ਕੀਆ ਮੋਟਰਸ ਵਿਖੇ 80 ਕੇ.ਵੀ.ਏ ਸੋਲਰ ਨੈਟ ਮੀਟਰ ਸਿਸਟਮ ਜੋ ਕਿ ਡਾਇਨੈਕਸ ਸੋਲਰ ਲਿਮਟਿਡ ਕੰਪਨੀ ਵਲੋਂ ਲਗਾਇਆ ਗਿਆ ਹੈ ਦਾ ਉਦਘਾਟਨ ਕਰਨ ਪਿਛੋਂ ਕੀਤਾ।
ਈ.ਟੀ.ਓ ਨੇ ਦੱਸਿਆ ਕਿ ਇਹ ਸੋਲਰ ਸਿਸਟਮ ਰੋਜਾਨਾ 300 ਬਿਜ਼ਲੀ ਦੇ ਯੂਨਿਟ ਪੈਦਾ ਕਰੇਗਾ।ਉਨਾਂ ਕਿਹਾ ਕਿ ਸਾਡੀ ਸਰਕਾਰ ਸੋਲਰ ਸਿਸਟਮ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ ਤਾਂ ਜੋ ਸੋਲਰ ਸਿਸਟਮ ਰਾਹੀਂ ਬਿਜਲੀ ਦੇ ੳਤਪਾਦਨ ਵਿੱਚ ਵਾਧਾ ਕੀਤਾ ਜਾ ਸਕੇ।ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਸਿਰਫ 9 ਮਹੀਨਿਆਂ ਵਿੱਚ 25 ਹਜ਼ਾਰ ਤੋਂ ਵੱਧ ਨੌਕਰੀਆਂ ਨੌਜਵਾਨਾਂ ਨੂੰ ਦੇਣ ਦਾ ਵੱਡਾ ਵਾਅਦਾ ਪੂਰਾ ਕੀਤਾ ਹੈ ਅਤੇ ਸਾਲ 2023 ਸਿੱਖਿਆ, ਰੋਜ਼ਗਾਰ ਅਤੇ ਸਿਹਤ ਖੇਤਰਾਂ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ।ਬਿਜ਼ਲੀ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਦੇ ਆਦੇਸ਼ ਨਾਲ ਬਿਜਲੀ ਦੇ ਬੁਨਿਆਦੀ ਢਾਂਚੇ ਵਿੱਚ ਲਗਾਤਾਰ ਸੁਧਾਰ ਕਰ ਰਹੀ ਹੈ ਅਤੇ ਬਿਜਲੀ ਦੇ ਪੁਰਾਣੇ ਟਰਾਂਸਫਾਰਮਰਾਂ ਨੂੰ ਬਦਲਿਆ ਜਾ ਰਿਹਾ ਹੈ।ਉਨਾਂ ਕਿਹਾ ਕਿ ਇਸ ਦੇ ਨਾਲ-ਨਾਲ 66 ਕੇ.ਵੀ ਦੀਆਂ ਨਵੀਆਂ ਲਾਈਨਾਂ ਵੀ ਵਿਛਾਈਆਂ ਜਾ ਰਹੀਆਂ ਹਨ ਤਾਂ ਜੋ ਸੂਬੇ ਨੂੰ ਬਿਜਲੀ ਪਖੋਂ ਆਤਮ ਨਿਰਭਰ ਬਣਾਇਆ ਜਾ ਸਕੇ।
ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸਾਸ਼ਨ ਦੇਣ ਲਈ ਵਚਨਬੱਧ ਹੈ ਅਤੇ ਭ੍ਰਿਸ਼ਟਾਚਾਰ ’ਤੇ ਜੀਰੋ ਟਾਲਰੈਂਸ ਤੇ ਕੰਮ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਪਹਿਲੇ 9 ਮਹੀਨਿਆਂ ਵਿੱਚ ਹੀ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਅਤੇ ਵਿਕਾਸ ਦੇ ਕਾਰਜ਼ ਤੇਜ਼ੀ ਨਾਲ ਚੱਲ ਰਹੇ ਹਨ। (www.punjabpost.in)
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media