ਹਰੇਕ ਡਾਕਟਰ ਦੀ ਗੱਡੀ ‘ਚ ਹੋਵੇ ਫਸਟ ਏਡ ਕਿੱਟ
ਅੰਮ੍ਰਿਤਸਰ, 21 ਜਨਵਰੀ (ਸੁਖਬੀਰ ਸਿੰਘ) – ਸਿਹਤ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਗੁਰੂ ਨਗਰੀ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਪੰਜਾਬ ਨੂੰ ਤੰਦਰੁਸਤ ਬਨਾਉਣਾ ਹੈ ਅਤੇ ਇਸ ਵਿਚ ਸਭ ਤੋਂ ਵੱਧ ਯੋਗਦਾਨ ਸਿਹਤ ਵਿਭਾਗ ਦਾ ਰਹਿਣਾ ਹੈ।ਸੋ ਤੁਸੀਂ ਇਸ ਟੀਚੇ ਦੀ ਪ੍ਰਾਪਤੀ ਲਈ ਸਰਕਾਰ ਦਾ ਡਟਵਾਂ ਸਾਥ ਦਿਉ।ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਕੇਵਲ ਦਵਾਈਆਂ ਨਾਲ ਮਰੀਜ਼ ਦਾ ਇਲਾਜ਼ ਹੀ ਨਹੀਂ, ਬਲਕਿ ਇਸ ਤਰਾਂ ਦੀ ਪ੍ਰਣਾਲੀ ਵਿਕਸਤ ਕੀਤੀ ਜਾਵੇਗੀ, ਜਿਸ ਵਿੱਚ ਮਰੀਜ਼ ਨੂੰ ਯੋਗ, ਮਨੋਚਕਿਤਸਕ ਸੇਵਾਵਾਂ, ਕਸਰਤ ਆਦਿ ਵੱਲ ਲਗਾ ਕੇ ਸੰਪੂਰਨ ਇਲਾਜ ਵੱਲ ਮੋੜਿਆ ਜਾਵੇਗਾ। ਉਨਾਂ ਕਿਹਾ ਕਿ ਕੋਸ਼ਿਸ਼ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਕਿ ਕਿਸੇ ਵੀ ਵਿਅਕਤੀ ਦੀ ਮੌਤ ਇਲਾਜ਼ ਖੁਣੋਂ ਨਾ ਹੋਵੇ।ਇਸ ਲਈ ਜਿਥੇ ਅਸੀਂ ਸਰਕਾਰੀ ਢਾਂਚਾ ਮਜ਼ਬੂਤ ਕਰਾਂਗੇ, ਉਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀਆਂ ਸੇਵਾਵਾਂ ਵੀ ਲਾਵਾਂਗੇ। ਉਨਾਂ ਡਾਕਟਰਾਂ, ਸਿਹਤ ਕਰਮੀਆਂ ਤੇ ਹੋਰ ਅਧਿਕਾਰੀਆਂ ਨੂੂੰ ਅਪੀਲ ਕੀਤੀ ਕਿ ਉਹ ਜਿਥੇ ਆਪ ਆਪਣੀਆਂ ਗੱਡੀਆਂ ਵਿਚ ਫਸਟ ਏਡ ਕਿੱਟ ਰੱਖਣ, ਉਥੇ ਆਪਣੇ ਮਿਤਰਾਂ, ਦੋਸਤਾਂ ਤੇ ਹੋਰ ਲੋਕਾਂ ਨੂੰ ਵੀ ਮੁੱਢਲੀ ਸਹਾਇਤਾ ਦੀ ਸਿੱਖਿਆ ਦੇ ਕੇ ਇਸ ਲਈ ਪ੍ਰੇਰਿਤ ਕਰਨ।ਸੜਕ ਹਾਦਸਿਆਂ, ਦਿਲ ਦੇ ਦੌਰੇ ਜਾਂ ਹੋਰ ਕੇਸਾਂ ਵਿਚ ਜੇਕਰ ਸਮੇਂ ਸਿਰ ਮੁੱਢਲੀ ਸਹਾਇਤਾ ਮਿਲ ਜਾਵੇ ਤਾਂ ਕਮਿਤੀ ਜਾਨਾਂ ਬਚ ਸਕਦੀਆਂ ਹਨ।
ਆਮ ਆਦਮੀ ਕਲੀਨਿਕ ਦੀ ਗੱਲ ਕਰਦੇ ਉਨਾਂ ਕਿਹਾ ਕਿ ਇਸ ਦੇ ਚੰਗੇ ਨਤੀਜੇ ਮਿਲੇ ਹਨ ਅਤੇ ਥੋੜ੍ਹੇ ਜਿਹੇ ਅਰਸੇ ਵਿਚ 10 ਲੱਖ ਤੋਂ ਵੱਧ ਲੋਕਾਂ ਨੂੰ ਇਹ ਕਲੀਨਿਕ ਸੇਵਾਵਾਂ ਦੇ ਚੁੱਕੇ ਹਨ। ਉਨਾਂ ਦੱਸਿਆ ਕਿ 27 ਜਨਵਰੀ ਨੂੰ 400 ਤੋਂ ਵੱਧ ਆਮ ਆਦਮੀ ਕਲੀਨਿਕ ਹੋਰ ਸ਼ੁਰੂ ਕੀਤੇ ਜਾ ਰਹੇ ਹਨ, ਜਿੰਨਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ।
ਨਸ਼ਿਆਂ ਦੇ ਖਾਤਮੇ ਲਈ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਬਾਰੇ ਸਿਹਤ ਮੰਤਰੀ ਨੇ ਕਿਹਾ ਕਿ ਨਸ਼ੇ ਨੂੰ ਰੋਕਣਾ ਭਾਵੇਂ ਸਾਡਾ ਕੰਮ ਨਹੀਂ, ਪਰ ਨਸ਼ਾ ਕਰਨ ਲੱਗੇ ਰੋਗੀ ਨੂੰ ਮੁੜ ਜਿੰਦਗੀ ਦੇਣੀ ਡਾਕਟਰਾਂ ਦਾ ਕੰਮ ਹੈ।ਉਨਾਂ ਕਿਹਾ ਕਿ ਉਹ ਸਿਹਤ ਵਿਭਾਗ ਦਾ ਡੈਟਾ ਇਕੱਠਾ ਕਰ ਰਹੇ ਹਨ ਅਤੇ ਛੇਤੀ ਹੀ ਰੈਸਲੇਨਾਈਜੇਸ਼ਨ ਕਰਕੇ ਲੋੜ ਅਨੁਸਾਰ ਡਾਕਟਰਾਂ ਤੇ ਸਿਹਤ ਕਰਮੀਆਂ ਦੀ ਤਾਇਨਾਤੀ ਕਰਨਗੇ।ਵਿਧਾਇਕ ਜਸਬੀਰ ਸਿੰਘ ਸੰਧੂ, ਵਿਧਾਇਕਾ ਜੀਵਨਜੋਤ ਕੌਰ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਬਲਬੀਰ ਸਿੰਘ ਨੂੰ ਅੰਮ੍ਰਿਤਸਰ ਆਉਣ ‘ਤੇ ‘ਜੀ ਆਇਆਂ’ ਕਿਹਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਐਸ.ਡੀ.ਐਮ ਹਰਪ੍ਰੀਤ ਸਿੰਘ, ਰਾਜੇਸ਼ ਸ਼ਰਮਾ, ਐਸ ਸ਼੍ਰੀਮਤੀ ਅਲਕਾ ਕਾਲੀਆ, ਸ਼੍ਰੀਮਤੀ ਹਰਨੂਰ ਕੌਰ, ਸਿਵਲ ਸਰਜਨ ਚਰਨਜੀਤ ਸਿੰਘ, ਮੈਡੀਕਲ ਸੁਪਰਡੈਂਟ ਕਰਨਜੀਤ ਸਿੰਘ ਤੇ ਹੋਰ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।ਇਸ ਮਗਰੋਂ ਸਿਹਤ ਮੰਤਰੀ ਨੇ ਪੁਤਲੀਘਰ ਸਥਿਤ ਉਸ ਸਥਾਨ ਦਾ ਦੌਰਾ ਕੀਤਾ, ਜਿਥੋਂ 27 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਵਲੋਂ 400 ਤੋਂ ਵੱਧ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤਾ ਜਾਣੇ ਹਨ।