Thursday, June 25, 2026

ਸਿੱਖ ਫੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸ਼੍ਰੋਮਣੀ ਕਮੇਟੀ ਵੱਲੋਂ ਮੂਲੋਂ ਰੱਦ

ਸਿੱਖ ਮਰਯਾਦਾ ਨਾਲ ਸਮਝੌਤੇ ਦੇ ਮਾਮਲੇ ’ਚ ਕੋਈ ਅਪੀਲ-ਦਲੀਲ ਪ੍ਰਵਾਨ ਨਹੀਂ- ਭਾਈ ਗਰੇਵਾਲ
ਅੰਮ੍ਰਿਤਸਰ, 3 ਫਰਵਰੀ (ਜਗਦੀਪ ਸਿੰਘ ਸੱਗੂ) – ਕੌਮੀ ਘੱਟਗਿਣਤੀ ਕਮਿਸ਼ਨ ਵਲੋਂ ਸਿੱਖ ਫੌਜ਼ੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸਬੰਧੀ ਸਿੱਖ ਸੰਸਥਾਵਾਂ ਨਾਲ ਵਿਚਾਰ-ਵਟਾਂਦਰੇ ਲਈ ਸੱਦੀ ਇਕੱਤਰਤਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੇ ਸਪੱਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ ਸਿੱਖ ਰਹਿਣੀ ਅਤੇ ਪਛਾਣ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਦਖਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਇਸ ਲਈ ਕਿਸੇ ਵੀ ਸੂਰਤ ਵਿੱਚ ਸਿੱਖ ਫੌਜੀਆਂ ਦੇ ਸਿਰਾਂ ’ਤੇ ਲੋਹਟੋਪ ਪ੍ਰਵਾਨ ਨਹੀਂ ਹੈ।
ਅੱਜ ਨਵੀਂ ਦਿੱਲੀ ਵਿਚ ਕੌਮੀ ਘੱਟਗਿਣਤੀ ਕਮਿਸ਼ਨ ਦੇ ਦਫਤਰ ਵਿਚ ਹੋਈ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਭੇਜੇ ਵਫਦ ਵਿਚ ਸ਼ਾਮਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਰਘਬੀਰ ਸਿੰਘ ਸਹਾਰਨਮਾਜਰਾ, ਦਿੱਲੀ ਤੋਂ ਸਿੱਖ ਆਗੂ ਭਾਈ ਸੁਖਵਿੰਦਰ ਸਿੰਘ ਬੱਬਰ, ਬੀਬੀ ਰਣਜੀਤ ਕੌਰ ਅਤੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਨੇ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਕੋਲ ਸਿੱਖ ਫੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਸਰਕਾਰ ਦੀ ਤਜਵੀਜ਼ ’ਤੇ ਸਖਤ ਇਤਰਾਜ਼ ਜਤਾਉਂਦਿਆਂ ਇਕ ਨੁਕਾਤੀ ਵਿਚਾਰ ਰੱਖਿਆ ਕਿ ਲੋਹਟੋਪ ਦੇ ਮਾਮਲੇ ’ਤੇ ਕੋਈ ਵੀ ਤਰਕ ਜਾਂ ਵਿਚਾਰ-ਵਟਾਂਦਰਾ ਨਹੀਂ ਹੋ ਸਕਦਾ।
ਸ਼੍ਰੋਮਣੀ ਕਮੇਟੀ ਵਫਦ ਨੇ ਕੌਮੀ ਘੱਟਗਿਣਤੀ ਕਮਿਸ਼ਨ ਵਲੋਂ ਸਿੱਖ ਫੌਜੀਆਂ ਨੂੰ ਲੋਹਟੋਪ ਪਹਿਨਾਉਣ ਦੇ ਮਾਮਲੇ ’ਤੇ ਸਹਿਮਤੀ ਬਣਾਉਣ ਦੀ ਨੀਅਤ ਨਾਲ ਕੁਝ ਸਾਬਕਾ ਸਿੱਖ ਅਧਿਕਾਰੀਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਦੇ ਨਾਲ ਵਿਚਾਰ-ਵਟਾਂਦਰੇ ਦੀ ਪੇਸ਼ਕਸ਼ ਨੂੰ ਮੂਲੋਂ ਅਪ੍ਰਵਾਨ ਕਰਦਿਆਂ ਆਪਣਾ ਲਿਖਤੀ ਪੱਖ ਦੇ ਕੇ ਆਖਿਆ ਕਿ ਸਿੱਖ ਧਰਮ ਵਿਚ ਜਦ ਟੋਪੀ ਪਾਉਣਾ ਵਰਜਿਤ ਕਰਮ ਹੈ ਤਾਂ ਫਿਰ ਲੋਹਟੋਪ ਪਾਉਣ ਦੇ ਮਾਮਲੇ ਵਿਚ ਕੋਈ ਵੀ ਚਰਚਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਉਨ੍ਹਾਂ ਇਤਿਹਾਸ ਵਿਚੋਂ ਮਿਸਾਲਾਂ ਦਿੰਦਿਆਂ ਆਖਿਆ ਕਿ ਵਿਸ਼ਵ ਜੰਗਾਂ, ਭਾਰਤ ਦੀ ਆਜ਼ਾਦੀ ਮਗਰੋਂ ਦੇਸ਼ ਲਈ ਲੜੀਆਂ ਜੰਗਾਂ ਦੌਰਾਨ ਸਿੱਖ ਸਿਪਾਹੀਆਂ ਨੇ ਕਦੇ ਵੀ ਲੋਹਟੋਪ ਨਹੀਂ ਪਹਿਨਿਆ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੁਆਰਾ ਬਖਸ਼ੀ ਦਸਤਾਰ ਦੇ ਨਾਲ ਸਿੱਖ ਫ਼ੌਜੀਆਂ ਨੇ ਹਮੇਸ਼ਾਂ ਦੁਸ਼ਮਣ ਦਾ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਲੋਹੇ ਦੇ ਚਨੇ ਚਬਾਏ।
ਸ਼੍ਰੋਮਣੀ ਕਮੇਟੀ ਦੇ ਵਫਦ ਨੇ ਲਿਖਤੀ ਪੱਖ ਕੌਮੀ ਘੱਟਗਿਣਤੀ ਕਮਿਸ਼ਨ ਨੂੰ ਸੌਂਪਦਿਆਂ ਸਿੱਖ ਇਤਿਹਾਸ, ਪਰੰਪਰਾ ਅਤੇ ਸਿੱਖ ਰਹਿਤ ਮਰਯਾਦਾ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸਿੱਖ ਫੌਜੀਆਂ ਨੂੰ ਲੋਹਟੋਪ ਪਹਿਨਾਉਣ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …