ਕੈਂਸਰ ਤੋਂ ਬਚਣ ਲਈ ਇਸ ਦੇ ਲੱਛਣ, ਕਾਰਣ ਅਤੇ ਬਚਾਓ ਬਾਰੇ ਜਾਣਕਾਰੀ ਜਰੁੂਰੀ- ਸਿਵਲ ਸਰਜਨ
ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾ ਦੀ ਅਗਵਾਈ ਹੇਠ ਜਿਲਾ੍ਹ ਅੰਮ੍ਰਿਤਸਰ ਦੇ ਸਮੂਹ ਸਿਹਤ ਕੇਂਦਰਾਂ ਵਿੱਚ ‘ਵਿਸ਼ਵ ਕੈਂਸਰ ਜਾਗਰੂਕਤਾ ਦਿਵਸ’ ਨੂੰ ਸਮਰਪਿਤ ਜਾਗਰੂਕਤਾ ਕੈਂਪ ਲਗਾਏ ਗਏ।ਸਰਕਾਰੀ ਹਸਪਤਾਲ ਢਾਬ-ਖਟੀਕਾਂ ਵਿਖੇ ਵੀ ਅੱਜ ਇੱਕ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਐਨ.ਜੀ.ਓ ਫੁਲਕਾਰੀ (ਵਿਮੈਨ ਆਫ ਅੰਮ੍ਰਿਤਸਰ) ਨੇ ਵਿਸ਼ੇਸ਼ ਸਹਿਯੋਗ ਦਿੱਤਾ।ਮੈਡੀਕਲ ਅਫਸਰ ਡਾ. ਰਸ਼ਮੀ ਵਿਜ ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ, ਐਨ.ਜੀ.ਓ ਫੁਲਕਾਰੀ ਡਾ. ਵੰਦਨਾ ਸ਼ਰਮਾ ਅਤੇ ਮੈਡਮ ਨੇਹਾ ਸ਼ਰਮਾ ਵਲੋਂ ਵੱਖ-ਵੱਖ ਤਰਾਂ੍ਹ ਦੇ ਕੈਂਸਰਾਂ ਦੇ ਲੱਛਣ, ਕਾਰਣ ਅਤੇ ਬਚਾਓ ਸੰਬਧੀ ਭਰਪੂਰ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਕੈਂਸਰ ਦਾ ਜੇਕਰ ਸਮੇਂ ‘ਤੇ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਆਸਾਨ ਹੋ ਸਕਦਾ ਹੈ।ਨਸ਼ਿਆਂ ਦੀ ਆਦਤ ਜਿਵੇ ਕਿ ਤੰਬਾਕੂ, ਬੀੜੀ, ਜਰਦਾ, ਸਿਗਰੇਟ, ਸ਼ਰਾਬ ਆਦਿ ਦਾ ਸੇਵਨ ਕਰਨ ਵਾਲਿਆਂ ਨੂੰ ਕੈਂਸਰ ਹੋਣ ਦਾ ਖਤਰਾ ਹਮੇਸ਼ਾਂ ਹੀ ਬਣਿਆ ਰਹਿੰਦਾ ਹੈ।ਇਸ ਤੋ ਇਲਾਵਾ ਛਾਤੀ ਵਿੱਚ ਗਿਲਟੀਆਂ ਦਾ ਹੋਣਾ, ਲਗਾਤਾਰ ਖੂਨ ਪੈਣਾ, ਬੱਚੇਦਾਨੀ ਵਿਚ ਰਸੌਲੀ ਹੋਣਾ ਆਦਿ ਵੀ ਕੈਂਸਰ ਦੇ ਕਾਰਣ ਹੋ ਸਕਦੇ ਹਨ।ਕੈਂਸਰ ਦਾ ਮੁੱਖ ਕਾਰਨ ਗਲਤ ਜੀਵਨ ਢੰਗ ਹੈ।ਜੇਕਰ ਅਸੀਂ ਆਪਣੀਆਂ ਖਾਣ-ਪੀਣ ਤੇ ਰਹਿਣ ਸਹਿਣ ਦੀਆਂ ਆਦਤਾਂ ‘ਤੇ ਕੰਟਰੋਲ ਨਹੀ ਕਰਦੇ ਤਾਂ ਕਿਸੇ ਵੀ ਵਰਗ ਦਾ ਇਨਸਾਨ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।ਇਸ ਤੋ ਇਲਾਵਾ ਸਰੀਰਕ ਮਿਹਨਤ ਘੱਟ ਕਰਨ ਦੇ ਬਦਲੇ ਜਿਆਦਾ ਖੁਰਾਕ ਲੈਣੀ ਆਦੀ ਨਾਲ ਅਸੀ ਕਈ ਤਰਾਂ ਦੇ ਰੋਗਾਂ ਦਾ ਸ਼ਿਕਾਰ ਹੋ ਸਕਦੇ ਹਾਂ।ਰੋਜ਼ਾਨਾ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਅਸੀਂ ਕੈਂਸਰ ਅਤੇ ਹੋਰ ਗੈਰ ਸੰਚਾਰਨ ਰੋਗਾਂ (NCD) ਤੋ ਬਚ ਸਕਦੇ ਹਾਂ।ਸਾਨੂੰ ਆਪਣੇ ਸਰੀਰ ਦੇ ਭਾਰ ਨੂੰ ਸਹੀ ਰੱਖਣਾ ਚਾਹੀਦਾ ਹੈ, ਰੌਜ਼ਾਨਾ ਕਸਰਤ ਕਰਨੀ ਚਾਹਿਦੀ ਹੈ, ਘੱਟ ਨਮਕ ਅਤੇ ਘੱਟ ਫੈਟ ਵਾਲਾ ਪੋਸ਼ਟਿਕ ਭੋਜਨ ਖਾਣਾ ਚਾਹਿਦਾ ਹੈ ਅਤੇ ਸਮੇਂ-ਸਮੇਂ ‘ਤੇ ਅਪਣਾ ਚੈਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਇਸ ਮੋਕੇ ਤ ਸਮੂਹ ਐਲ.ਐਚ.ਵੀ, ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵਰਕਰ ਆਦਿ ਮੋਜ਼ੂਦ ਸਨ।